Shaheed Baba Hardas Singh JI

Shaheed Baba Hardas Singh Jee

ਇਤਿਹਾਸ ਦੇ ਪੱਤਰੇ ਫਰੋਲਦਿਆਂ ਅਤੇ ਪ੍ਰਾਪਤ ਜਾਣਕਾਰੀਆਂ ਮੁਤਾਬਿਕ, ਕੁਝ ਐਸੇ ਤੱਥ ਸਾ੍ਹਮਣੇ ਆਉਂਦੇ ਹਨ, ਜੋ ਕਿ ਅੱਜ ਤੱਕ ਕੌਮ ਦੇ ਸਾ੍ਹਮਣੇ ਨਹੀਂ ਆਏ। ਐਸੇ ਜਰਨੈਲਾਂ, ਮਹਾਂਪੁਰਸ਼ਾਂ ਅਤੇ ਘਟਨਾਂਵਾਂ ਬਾਰੇ ਜਾਣਕਾਰੀ ਮਿਲਦੀ ਹੈ ਜਿਨਾਂ੍ਹ ਬਾਰੇ ਜਿਆਦਾ ਨਹੀਂ ਲਿਖਿਆ ਗਿਆ। ਅਗਰ ਕਿਸੇ ਨੇ ਲਿਖਿਆ ਵੀ ਹੈ ਤਾਂ ਬਹੁਤ ਥੋੜਾ, ਇਕ ਪਹਿਰਾਂ ਜਾਂ ਇਕ ਸਫਾ। ਸ਼ਾਇਦ ਸਮੱਗਰੀ ਦੀ ਘਾਟ ਦੇ ਕਾਰਨ। ਲੇਕਿਨ ਨਵੀਂ ਖੋਜ ਬਹੁਤ ਸਾਰੀ ਨਵੀਂ ਰੌਸ਼ਨੀ ਲੈ ਕੈ ਸਾਹਮਣੇ ਆ ਰਹੀ ਹੈ।

ਇਹਨਾਂ ਜਾਣਕਾਰੀਆਂ ਦੇ ਵਿਚੋਂ ਇਕ ਹੈ ਮਹਾਰਾਜਾ ਜੱਸਾ ਸਿੰਘ ਦੇ ਦਾਦਾ ਜੀ ਸ਼ਹੀਦ ਬਾਬਾ ਹਰਿਦਾਸ ਜੀ ਦਾ ਜੀਵਨ। ਜਿਹਨਾ ਬਾਰੇ ਇਤਿਹਾਸ ਵਿਚੋਂ ਬਹੁਤ ਹੀ ਘੱਟ ਜਾਣਕਾਰੀ ਪ੍ਰਾਪਤ ਹੁੰਦੀ ਹੈ। ਦਾਸ ਨੂੰ ਵੀ ਬਹੁਤ ਖੋਜਬੀਨ ਤੋਂ ਬਾਦ ਜੋ ਥੋੜੀ ਬਹੁਤ ਜਾਣਕਾਰੀ ਮਿਲੀ ਹੈ, ਉਹ ਕੋਸ਼ਿਸ਼ ਕੀਤੀ ਹੈ ਸਭ ਨਾਲ ਸਾਂਝੀ ਕਰਨ ਦੀ। ਉਮੀਦ ਹੈ ਇਹ ਜਾਣਕਾਰੀ ਇਤਿਹਾਸ ਪ੍ਰੇਮੀ ਅਤੇ ਰਾਮਗੜ੍ਹੀਆ ਕੌਮ ਵਾਸਤੇ ਕਾਫੀ ਲਾਭਦਾਇਕ ਹੋਵੇਗੀ।

ਬਹੁਤ ਘੱਟ ਇਨਸਾਨ ਐਸੇ ਹੁੰਦੇ ਹਨ ਜਿਹਨਾ ਨੂੰ ਪ੍ਰਮਾਤਮਾ ਬਹੁਮੁਖੀ ਗੁਣਾ ਦੇ ਨਾਲ ਨਿਵਾਜਦਾ ਹੈ। ਐਸੇ ਹੀ ਖੁਸ਼ਕਿਸਮਤ ਇਨਸਾਨਾਂ ਵਿਚੋਂ ਇਕ ਸਨ ਬਾਬਾ ਹਰਿਦਾਸ ਜੀ ਪਿੰਡ ਸੁਰਸਿੰਘ ( ਪੰਜਾਬ )। ਇਤਿਹਾਸ ਵਿਚੋਂ ਮਿਲਿਆਂ ਜਾਣਕਾਰੀਆਂ ਦੀ ਲੜੀ ਨੂੰ ਜੋੜਦਿਆਂ ਹੀ ਬੜੀ ਰੋਚਕ ਤਸਵੀਰ ਬਣਕੇ ਸਾਹਮਣੇ ਆਈ।

ਪਿਛੋਕੜ

ਸ਼ਹੀਦ ਬਾਬਾ ਹਰਿਦਾਸ ਜੀ ਤਰਨ ਤਾਰਨ ਜਿਲੇ ਦੇ ਮਸ਼ਹੂਰ ਪਿੰਡ ਸੁਰਸਿੰਘ, ਜੋ ਕਿ ਅੰਮਿ੍ਰਤਸਰ ਤੋਂ 30 ਕਿਲੋਮੀਟਰ ਦੂਰ ਖੇਮਕਰਨ ਵਾਲੀ ਸੜਕ ਉੱਪਰ ਸਥਿਤ ਹੈ ਦੇ ਵਾਸੀ ਸਨ। ਬਾਬਾ ਹਰਿਦਾਸ ਜੀ ਦੇ ਜੀਵਨ ਨੂੰ ਪੂਰੀ ਤਰ੍ਹਾ ਸਮਝਣ ਲਈ ਸਾਨੂੰ ਦੋ ਸਦੀਆਂ ਪਿਛੇ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਸਮੇਂ ਵਿਚ ਜਾਣਾ ਪਵੇਗਾ।

(ਭਾਈ ਸਮੀ)    ਸੁਰਸਿੰਘ ਪਿੰਡ ਦੀ ਮ੍ਹਾਣਾ ਦੀ ਪੱਤੀ ਦਾ ਰਹਿਣ ਵਾਲਾ ਇਕ ਭਗਤ ਅਤੇ ਪ੍ਰਮਾਤਮਾ ਦੇ ਰੰਗ ਵਿਚ ਰੰਗਿਆ ਹੋਇਆ ਭਲਾ ਇਨਸਾਨ ਸੀ। ਜਦੋਂ ਗੁਰੂ ਨਾਨਕ ਦੇਵ ਜੀ ਆਪਣੇ ਜੀਵਨ ਦੇ ਅੰਤਲੇ ਸਾਲਾਂ ਵਿਚ ਰਾਵੀ ਦਰਿਆ ਕਿਨਾਰੇ ਕਰਤਾਰ ਪੁਰ ਨਾਮੀ ਨਗਰ ਵਸਾਇਆ ਅਤੇ ਉਥੇ ਹੀ ਨਿਵਾਸ ਕਰਨ ਲਗੇ, ਤਾਂ ਇਹ ਭਾਈ ਸਮੀ ਆਪਣੇ ਪੁੱਤਰ ਪਦਾਰਥ ਨੂੰ ਨਾਲ ਲੈ ਕੇ ਗੁਰੁ ਸਾਹਿਬ ਦੇ ਦਰਸ਼ਨ ਕਰਨ ਲਈ ਕਰਤਾਰ ਪੁਰ ਪੁੱਜਾ। ਗੁਰੂ ਜੀ ਤੋਂ ਆਪ ਨੇ ਨਾਮ ਦੀ ਦਾਤ ਲਈ ਅਤੇ ਚਰਨ ਪਹੁਲ ਵੀ ਪ੍ਰਾਪਤ ਕੀਤੀ। ਗੁਰੁ ਨਾਨਕ ਦੇਵ ਜੀ ਨੇ ਇਨਾ੍ਹ ਦੇ ਪ੍ਰੇਮ ਤੋਂ ਖੁਸ਼ ਹੋ ਕੇ ਅਸ਼ੀਰਵਾਦ ਦਿਤਾ ਅਤੇ ਬਚਨ ਕੀਤਾ ਕਿ ਜਾਉ ਜਾ ਕੇ ਆਪਣੇ ਇਲਾਕੇ ਵਿਚ ਨਾਮ ਦਾ ਪ੍ਰਚਾਰ ਕਰੋ।(ਰਣਜੀਤ ਸਿੰਘ ਰਾਣਾ ਯੂ.ਕੇ. – ਬਾਬਾ ਹਰਦਾਸ ਸਿੰਘ ਜੀ )

ਵਾਪਿਸ ਸੁਰਸਿੰਘ ਆ ਕੇ ਦੋਨਾਂ ਨੇ ਨਾਮ ਅਤੇ ਗੁਰਸਿੱਖੀ ਦਾ ਪ੍ਰਚਾਰ ਅਰੰਭ ਕਰ ਦਿਤਾ।ਭਾਈ ਪਦਾਰਥ ਜੀ ਦੇ ਸੇਵਕਾਂ ਵਿਚੋਂ ਸੱਭ ਤੋਂ ਮੁਖ ਪੰਜ ਸੇਵਕ ਸਨ ਜੋ ਆਪ ਜੀ ਨੂੰ ਬਹੁਤ ਪ੍ਰੇਮ ਕਰਦੇ ਅਤੇ ਸ਼ਰਧਾਲੂ ਸਨ। ਇਹ ਸਨ ( ਮੀਆਂ ਨਿਹਾਲ ਜੀ, ਮੀਆਂ ਕਮਾਲ ਜੀ, ਮੀਆਂ ਜਮਾਲ ਜੀ, ਸ਼ਾਹ ਮਾਣਕ ਜੀ ਅਤੇ ਭਾਈ ਝਾੜੂ ਜੀ ) – (ਰਣਜੀਤ ਸਿੰਘ ਰਾਣਾ ਯੂ.ਕੇ. , ਡਾ: ਅਮਰਜੀਤ ਕੌਰ ਭਮਰਾ ਇਬਨ ਕਲਾਂ )

ਭਾਈ ਝਾੜੂ ਜੀ ਬਮਰਾ    (ਪੱਤੀ ਭਾਈ ਝਾੜੂ ਕੀ, ਪਿੰਡ ਸੁਰਸਿੰਘ ) ਦੇ ਹੀ ਰਹਿਣ ਵਾਲੇ ਸਨ। ਆਪ ਭਗਤੀ ਦੀ ਮੂਰਤ ਸਨ। ਗੁਰਸਿੱਖੀ ਅਤੇ ਗੁਰਬਾਣੀ ਨਾਲ ਪਿਆਰ ਆਪ ਦੇ ਰੋਮ ਰੋਮ ਵਿਚ ਰਚਿਆ ਹੋਇਆ ਸੀ। ਆਪ ਦੀ ਸਿੱਖੀ ਸੇਵਕੀ ਦੂਰ ਦੂਰ ਤੱਕ ਫੈਲੀ ਹੋਈ ਸੀ। ਯਾਤਰੀਆਂ ਨੂੰ ਜਲ ਪਾਣੀ ਛਕਾਉਣਾ ਅਤੇ ਉਹਨਾਂ ਦੀ ਸੇਵਾ ਕਰਨੀ ਆਪ ਦਾ ਨਿਤਾ ਪ੍ਰਤੀ ਦਾ ਆਹਰ ਹੁੰਦਾ ਸੀ।ਗਰਮੀਆਂ ਵਿਚ ਭਾਈ ਜੀ ਯਾਤਰੀਆਂ ਨੂੰ ਸ਼ੱਕਰ ਦਾ ਸ਼ਰਬਤ ਪਿਆਉਣ ਦੀ ਸੇਵਾ ਕਰਦੇ। ( ਡਾ: ਅਮਰਜੀਤ ਕੌਰ ਭਮਰਾ ਇਬਨ ਕਲਾਂ ) ਆਪ ਦੇ ਨਿਜੀ ਅਤੇ ਪ੍ਰਮੁਖ ਸੇਵਕਾਂ ਵਿਚੋਂ ਇਕ ਸਨ     ਭਾਈ ਰਾਮੂ ਜੀ ਬਮਰਾ। ਭਾਈ ਰਾਮੂ ਜੀ ਪੱਤੀ ਮਾ੍ਹਣਾ ਕੀ ਦੇ ਨਿਵਾਸੀ ਸਨ।

ਭਾਈ ਗੁਰਦਾਸ ਜੀ ਨੇ ਵੀ ਭਾਈ ਪਦਾਰਥ ਅਤੇ ਭਾਈ ਝਾੜੂ ਜੀ ਬਾਰੇ ਵਾਰ 11 ਦੀ ਪਾਉੜੀ 17-18 ਵਿਚ ਇਨਾ੍ਹ ਬਾਰੇ ਜਿਕਰ ਕੀਤਾ ਹੈ।

ਭਾਈ ਰਾਮੂ ਜੀ ਭਮਰਾ  ਇਕ ਬਹੁਤ ਹੀ ਇਮਾਨਦਾਰ, ਨਾਮ ਬਾਣੀ ਦੇ ਰਸੀਏ ਅਤੇ ਲੋਕ ਭਲਾਈ ਕਰਨ ਵਿਚ ਤੱਤਪਰ ਰਹਿਣ ਵਾਲੇ ਇਨਸਾਨ ਸਨ। ਆਪ ਦਾ ਪਿਤਾ ਪੁਰਖੀ ਕਿੱਤਾ ਲੁਹਾਰਾ/ਤਰਖਾਣਾ ਕੰਮ ਸੀ ਜਿਸ ਵਿਚ ਆਪ ਬਹੁਤ ਮਾਹਿਰ ਸਨ।        

ਬੰਸਾਵਲੀ

ਭਾਈ ਰਾਮੂ ਜੀ ਬਮਰਾ
        ।                                         
ਪੁੱਤਰ ਭਾਈ ਬਿਧੀ ਚੰਦ ਜੀ ਬਮਰਾ                                           
        ।                                             
ਪੁੱਤਰ ਬਾਬਾ ਹਰਿਦਾਸ ਜੀ ਬਮਰਾ  ਦੋ ਪੁਤ੍ਰ:    ਗਿਆਨੀ ਭਗਵਾਨ ਸਿੰਘ  ,  ਦਾਨ ਸਿੰਘ ਜੀ ਬਮਰਾ
           ਗਿਆਨੀ ਭਗਵਾਨ ਸਿੰਘ ਦੇ ਪੰਜ ਪੁੱਤਰ  
            ਸ. ਜੱਸਾ ਸਿੰਘ , ਸ: ਜੈ ਸਿੰਘ, ਸ: ਮਾਲੀ ਸਿੰਘ, ਸ: ਖੁਸ਼ਹਾਲ ਸਿੰਘ ਅਤੇ ਸ: ਤਾਰਾ ਸਿੰਘ ਬਮਰਾ।

ਪਿੰਡ ਸੁਰਸਿੰਘ

ਪਿੰਡ ਸੁਰਸਿੰਘ ਤਰਨ ਤਾਰਨ ਜਿਲੇ੍ਹ ( ਪੰਜਾਬ ) ਦਾ ਇਕ ਮਸ਼ਹੂਰ ਪਿੰਡ ਹੈ। ਇਹ  ਅੰਮਿ੍ਰਤਸਰ ਸ਼ਹਿਰ ਤੋਂ 30 ਕਿਲੋਮੀਟਰ ਦੂਰ ਖੇਮਕਰਨ ਵਾਲੀ ਸੜਕ ਤੇ ਸਥਿੱਤ ਹੈ। ਇਹ ਪਿੰਡ ਬਹੁਤ ਸਾਰੇ ਸ਼ਹੀਦਾਂ, ਸੁਤੰਤ੍ਰਤਾ ਸੈਨਾਨੀਆਂ, ਕਲਾਕਾਰਾਂ, ਯੋਧਿਆਂ ,ਭਗਤਾਂ ਅਤੇ ਗੁਰੁ ਘਰ ਦੇ ਹਜੂਰੀ ਸੇਵਕਾਂ ਦੀ ਧਰਤੀ ਹੈ।ਪਿੰਡ ਦੀ ਵਸੋਂ ਮਿਲੀ ਜੁਲੀ ਸੀ, ਜਿਸ ਵਿਚ ਢਿਲੋਂ ਜੱਟ ਸਿੱਖ, ਲੁਹਾਰ / ਤਰਖਾਣ, ਹਿਦੰੂ, ਅਤੇ ਮੁਸਲਮਾਨ ਸਨ। ਇਨਾਂ੍ਹ ਹੀ ਪੱਤੀਆਂ ਵਿਚੋਂ ਇਕ ਪੱਤੀ ਹੈ ਮਾ੍ਹਣਾ ਕੀ ਪੱਤੀ। ਜਿਸ ਵਿਚ ਰਹਿਣ ਵਾਲੇ ਭਾਈ ਰਾਮੂ ਜੀ, ਭਾਈ ਬਿਧੀ ਚੰਦ ਜੀ ਛੀਨਾ ( ਗੁਰੁ ਹਰਗੋਬਿੰਦ ਜੀ ਦੇ ਬਹਾਦਰ ਜਰਨੈਲ ਅਤੇ ਸ਼ਰਧਾਲੂ ਸਿੱਖ ) ਦੇ ਪੜੋਸੀ ਸਨ। ਭਾਈ ਰਾਮੂ ਜੀ, ਬਿਧੀ ਚੰਦ ਛੀਨਾ ਜੀ ਦੀ ਬਹਾਦਰੀ, ਹਥਿਆਰਾਂ ਨੂੰ ਚਲਾਉਣ ਦੀ ਕਲਾ ਅਤੇ ਗੁਰੁ ਹਰਗੋਬਿੰਦ ਜੀ ਲਈ ਸ਼ਰਧਾ ਤੇ ਪ੍ਰੇਮ ਤੋਂ ਬਹੁਤ ਹੀ ਪ੍ਰਭਾਵਿਤ ਸਨ।

            ਸ਼ਾਇਦ ਇਸੇ ਪ੍ਰਭਾਵ ਦਾ ਸਦਕਾ, ਜਦੋਂ ਆਪ ਦੇ ਘਰ ਪੁਤ੍ਰ ਨੇ ਜਨਮ ਲਿਆ ਤਾਂ ਉਸਦਾ ਨਾਮ ਵੀ ਬਿਧੀ ਚੰਦ ਰੱਖਿਆ।ਉਹ ਸਾਰੇ ਗੁਣ ਜੋ ਆਪ ਨੇ ਬਿਧੀ ਚੰਦ ਛੀਨਾ ਵਿਚ ਦੇਖੇ ਸਨ , ਆਪਣੇ ਪੁਤ੍ਰ ਬਿਧੀ ਚੰਦ ਭਮਰਾ ਨੂੰ ਸਿਖਾਣੇ ਸ਼ੁਰੂ ਕੀਤੇ। ਹਥਿਆਰ ਬਨਾਉਣਾ, ਗੁਰਬਾਣੀ ਪੜ੍ਹਨੀ, ਹਥਿਆਰ ਚਲਾਉਣਾ ਅਤੇ ਆਪਣੇ ਜੱਦੀ-ਪੁਸ਼ਤੀ ਕੰਮ ਦੀ ਕਲਾ ਇਹ ਸਭ ਆਪਨੇ ਆਪਣੇ ਪੁਤ੍ਰ ਨੂੰ ਸਿਖਾ ਦਿੱਤਾ। 1660 ਈ: ਵਿਚ ਭਾਈ ਬਿਧੀ ਚੰਦ ਭਮਰਾ ਦੇ ਘਰ ਇਕ ਪੁਤ੍ਰ ਨੇ ਜਨਮ ਲਿਆ ਜਿਸਦਾ ਨਾਮ ਹਰਿਦਾਸ ਰੱਖਿਆ ਗਿਆ।( ਹਰਿਦਾਸ ਭਾਵ ਪ੍ਰਮਾਤਮਾ ਦਾ ਦਾਸ ) ਨਾਮ ਤੋਂ ਹੀ ਭਾਈ ਬਿਧੀ ਚੰਦ ਜੀ ਦੀ ਪ੍ਰਮਾਤਮਾ ਅਤੇ ਗੁਰੂ ਘਰ ਬਾਬਤ ਸ਼ਰਧਾ ਦਾ ਪਤਾ ਲੱਗ ਜਾਂਦਾ ਹੈ।

            ਬਹਾਦਰੀ, ਗੁਰਸਿੱਖੀ ਨਾਲ ਪਿਆਰ ਅਤੇ ਆਪਣੇ ਪਿਤਾ ਪੁਰਖੀ ਕੰਮ ਦੀ ਕਲਾ ਤਾਂ ਆਪਨੂੰ ਵਿਰਾਸਤ ਵਿਚ ਹੀ ਮਿਲੀ ਸੀ। ਪਰ ਇਸ ਵਿਚ ਨਿਖਾਰ ਬਚਪਨ ਤੋਂ ਜਵਾਨੀ ਵਿਚ ਪੈਰ ਰੱਖਦੇ ਹੀ ਆਉਣਾ ਸ਼ੁਰੂ ਹੋਇਆ। ਹਰਿਦਾਸ ਜੀ ਨੂੰ ਬਚਪਨ ਤੋਂ ਹੀ ਮਹਾਪੁਰਸ਼ਾਂ ਦੀਆਂ ਸਾਖੀਆਂ ਸੁਨਣਾ , ਬਹਾਦਰ ਜਰਨੈਲਾਂ ਦੀਆਂ ਕਹਾਣੀਆਂ ਸੁਨਣਾ ਪਸੰਦ ਸੀ।ਗੁਰਮੁਖੀ ਪੜ੍ਹਨੀ ਤੇ ਲਿਖਣੀ ਉਹਨਾ ਨੇ ਬਚਪਨ ਵਿਚ ਹੀ ਸ਼ੁਰੂ ਕਰ ਦਿੱਤੀ, ਕਿਉਂਕਿ ਸਕੂਲ ਨਹੀਂ ਹੁੰਦੇ ਸਨ। ਹਰਿਦਾਸ ਜੀ ਸ਼ੁਰੂ ਤੋਂ ਹੀ ਬਹੁਤ ਬਹਾਦਰ, ਸੂਝਵਾਨ, ਹਥਿਆਰਾਂ ਦੀ ਕਲਾ ਵਿਚ ਨਿਪੁਨ ਅਤੇ ਲੀਡਰੀ ਦੇ ਸਾਰੇ ਗੁਣਾਂ ਨਾਲ ਭਰਪੂਰ ਸਨ। ਗੁਰੂ ਘਰ ਨਾਲ ਪ੍ਰੇਮ ਉਨ੍ਹਾ ਵਿਚ ਕੁਟ ਕੁਟ ਕੇ ਭਰਿਆ ਹੋਇਆ ਸੀ।

            ਹਰਿਦਾਸ : ਗੁਰੁ ਗੋਬਿੰਦ ਸਿੰਘ ਜੀ ਦੇ ਖਾਸ ਲਿਖਾਰੀ

ਇਸ ਤਰਾ੍ਹ ਪ੍ਰਤੀਤ ਹੁੰਦਾ ਹੈ ਕਿ ਹਰਿਦਾਸ ਜੀ ਨੇ ਗੁਰਮੁਖੀ ਲਿਖਣ ਦਾ ਅਭਿਆਸ ਬਚਪਨ ਤੋਂ ਹੀ ਸ਼ੁਰੂ ਕਰ ਦਿੱਤਾ ਸੀ, ਉਨ੍ਹਾ ਦੀ ਲੇਖਣੀ ਬਹੁਤ ਹੀ ਸ਼ੁਧ ਸੀ। ਜਿਉਂ ਹੀ ਉਨ੍ਹਾ ਨੂੰ ਖਬਰ ਮਿਲੀ ਕਿ ਗੁਰੁ ਤੇਗ ਬਹਾਦਰ ਜੀ ਤੇ ਗੁਰੁ ਗੋਬਿੰਦ ਰਾਏ ਜੀ, ਪੰਜਾਬ ਮੱਖੋਵਾਲ ਦੇ ਅਸਥਾਨ ਤੇ ਆ ਗੲੈ ਹਨ, ਜਿਥੇ ਉਨ੍ਹਾ ਨੇ ਚੱਕ ਨਾਨਕੀ ਨਾਮ ਦਾ ਪਿੰਡ ਵਸਾਇਆ ਹੈ ( ਜੋ ਬਾਦ ਵਿਚ ਅਨੰਦਪੁਰ ਕਹਿਲਾਇਆ ) । ਹਰਿਦਾਸ ਜੀ ਆਪਣੇ ਪ੍ਰੀਵਾਰ ਸਹਿਤ ਚੱਕ ਨਾਨਕੀ (ਅਨੰਦਪੁਰ) ਗੁਰੁ ਦੀ ਸੇਵਾ ਵਿਚ ਆ ਟਿਕੇ। ਗੁਰਬਾਣੀ ਲਿਖਣ ਦੇ ਨਾਲ ਨਾਲ ਹਥਿਆਰਾਂ ਦਾ ਅਭਿਆਸ ਜਾਰੀ ਰਖਿਆ। ਇਥੇ ਹੀ ਹਰਿਦਾਸ ਜੀ ਨੇ ਆਦਿ ਗ੍ਰੰਥ ਸਾਹਿਬ ਦੀ ਬੀੜ ਲਿਖਣੀ ਅਰੰਭ ਕੀਤੀ। ਜਦੋਂ ਨੌਵੇਂ ਪਾਤਸ਼ਾਹ ਗੁਰੁ ਤੇਗ ਬਹਾਦਰ ਜੀ ਦਿੱਲੀ ਵਲ ਚਾਲੇ ਪਾ ਦਿੱਤੇ ਅਤੇ ਦਿੱਲੀ ਵਿਚ ਹੀ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਪੰਥ ਦੀ ਸਾਰੀ ਜੁਮੇਂਵਾਰੀ ਗੁਰੁ ਗੋਬਿੰਦ ਰਾਏ ਜੀ  (ਬਾਦ ਵਿਚ ਗੁਰੁ ਗੋਬਿੰਦ ਸਿੰਘ ਜੀ) ਤੇ ਆ ਗਈ। ਗੁਰੂ ਜੀ ਨੂੰ ਸ਼ਸਤਰ ਅਤੇ ਲਿਖਣ ਦਾ ਸ਼ੌਕ ਸੀ। ਹਰਿਦਾਸ ਜੀ ਨੂੰ ਆਪਣਾ ਹੁਨਰ ਦਿਖਾਣ ਦਾ ਮੌਕਾ ਮਿਲ ਗਿਆ।1699 ਈ: ਵਿਚ ਹਰਿਦਾਸ ਜੀ ਨੂੰ ਗੁਰੁ ਗੋਬਿੰਦ ਸਿੰਘ ਜੀ ਦੇ ਪਾਵਨ ਹੱਥਾਂ ਦਵਾਰਾ ਅਮਿ੍ਰਤ ਪਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।ਜਦੋਂ ਗੁਰੁ ਜੀ ਨੇ ਹਰਿਦਾਸ ਜੀ ਨੂੰ ਆਦਿ ਗ੍ਰੰਥ ਦੀ ਬੀੜ ਲਿਖਦੇ ਦੇਖਿਆ ਤਾਂ ਬਹੁਤ ਹੀ ਖੁਸ਼ ਹੋਏ ਅਤੇ ਹੁਕਮ ਦਿੱਤਾ ਕਿ ਇਸ ਬੀੜ ਵਿਚ ਗੁਰੁ ਤੇਗ ਬਹਾਦਰ ਜੀ ਦੀ ਬਾਣੀ ਵੀ ਦਰਜ ਕਰ ਦਿਉ।

            ਇਹ ਬੀੜ ਸਿੱਖ ਜਗਤ ਵਿਚ ਬਹੁਤ ਹੀ ਪ੍ਰਮਾਣੀਕ ਮੰਨੀ ਗਈ ਹੈ। ਇਸ ਉੱਪਰ ਦਸਵੇਂ ਪਾਤਸ਼ਾਹ ਦੇ ਦਸਤਖਤ ਵੀ ਸਨ।ਇਹ ਬੀੜ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮਿ੍ਰਤਸਰ ਵਿਚ ਸ਼ੈਲਫ ਨੰ: 511 ਤੇ ਰੱਖੀ ਗਈ ਸੀ ਜਿਸਦਾ 1984 ਈ: ਤੋਂ ਬਾਦ ਕੋਈ ਪਤਾ ਨਹੀਂ ਲੱਗਾ ਕਿ ਕਿਥੇ ਗਈ।ਜਿਨਾ੍ਹ ਇਤਿਹਾਸਕਾਰਾਂ ਨੇ ਇਸਦੇ ਦਰਸ਼ਨ ਕੀਤੇ ਹਨ ਉਹਨਾ ਦਾ ਜਿਕਰ ਕਰਦੇ ਹਾਂ।

ਸਿੱਖ ਇਤਿਹਾਸ ਦੇ ਪ੍ਰਤੱਖ ਦਰਸ਼ਨਭਾਈ ਰਣਧੀਰ ਸਿੰਘ ਜੀ       ਇਹ ਲੇਖਕ ਦਸਦਾ ਹੈ:-

ਇਸ ਸਮੇ, ਦਰਬਾਰੀ ਲਿਖਾਰੀ ਭਾ: ਹਰਦਾਸ ਜੀ ਦੀ ਨੌਵੇਂ ਪਾਤਸ਼ਾਹ ਦੇ ਸਮੇਂ ਅਰੰਭ ਕੀਤੀ “ ਆਦਿ ਗ੍ਰੰਥ ਸਾਹਿਬ “ ਦੀ ਬੀੜ ਨੌਵੇਂ ਮਹਲ ਦੀ ਬਾਣੀ ਸ਼ਾਮਿਲ ਕਰਕੇ, ਸੰਪੂਰਣ ਕਰਵਾਈ।

ਗੁਰੁ ਗੋਬਿੰਦ ਸਿੰਘ ਦੇ ਦਰਬਾਰੀ ਰਤਨਦੇ ਲੇਖਕ : ਪਿਆਰਾ ਸਿੰਘ ਪਦਮ ਅਨੂਸਾਰ :-

ਭਾਈ ਹਰਦਾਸ ਗੁਰੁ ਘਰ ਦਾ ਖੁਸ਼ ਨਸੀਬ ਲਿਖਾਰੀ ਸੀ। ਜਿਸਨੇ ਪਹਿਲਾਂ ਆਦਿ ਗ੍ਰੰਥ ਦੀ ਬੀੜ ਤਿਆਰ ਕੀਤੀ ਅਤੇ ਬਾਅਦ ਵਿਚ ਗੁਰੁ ਸਾਹਿਬ ਵਲੋਂ ਤਿਆਰ ਕੀਤੀ ਜਾ ਰਹੀ ਦਸਮ ਗ੍ਰੰਥ ਦੀ ਬੀੜ ਦਾ ਕੁਝ ਭਾਗ ਵੀ ਲਿਖਿਆ।

ਪੱਤਰਾ 741 ਤੇ ਲਿਖਿਆ ਹੈ “ ਗ੍ਰੰਥ ਸੰਪੂਰਨ ਹੋਆ ,ਲਿਖਿਆ ਹਰਿਦਾਸ ਲਿਖਾਰੀ,  ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਲਿਖਾਰੀ ਲਿਖਿਆ “।

ਹੋਰ ਵੀ ਬਹੁਤ ਸਾਰੇ ਲਿਖਾਰੀਆਂ, ਇਤਿਹਾਸਕਾਰਾਂ ਅਤੇ ਖੋਜੀਆਂ ਨੇ ਇਸ ਬੀੜ ਬਾਬਤ ਜਿਕਰ ਕੀਤਾ ਹੈ।ਦਸਿਆ ਹੈ ਕਿ ਬਾਬਾ ਹਰਿਦਾਸ ਜੀ ਗੁਰੁ ਜੀ ਦੇ ਚਾਰ ਪ੍ਰਮੁਖ ਲਿਖਾਰੀਆਂ ਵਿਚੋਂ ਇਕ ਸਨ।ਆਪ ਤੋਂ ਇਲਾਵਾ (ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਅਤੇ ਬਾਬਾ ਬਿਨੋਦ ਸਿੰਘ ਜੀ ਸਨ)

ਡਾ: ਅਨੁਰਾਗ ਸਿੰਘ ਜੀ (ਲੁਧਿਆਨਾ) ਆਪਣੇ ਇਕ ਆਰਟੀਕਲ ਵਿਚ ਲਿਖਦੇ ਹਨ।

“ਤੀਸਰੇ ਸਾਡੇ ਕੋਲ ਦਸਮ ਗ੍ਰੰਥ ਦੀ ਬੀੜ 1696 ਈ: ਵਾਲੀ,  ਇਕ ਪੰਜਾਬ ਯੂਨੀਵਰਸਟੀ ਚੰਡੀਗੜ ਅਤੇ ਹੋਰ ਭਾਈ ਹਰਿਦਾਸ ( ਸ; ਜੱਸਾ ਸਿੰਘ ਰਾਮਗੜ੍ਹੀਆ ਦਾ ਦਾਦਾ ) ਦਵਾਰਾ ਲਿਖਿਆ। ਜਿਨਾ੍ਹ ਨੇ ਗੁਰੂ ਗ੍ਰੰਥ ਸਾਹਿਬ ਦੀ ਦਮਦਮੀ ਬੀੜ 1684 ਈ: ਵਿਚ ਗੁਰੁ ਗੋਬਿੰਦ ਸਿੰਘ ਜੀ ਦੀ ਦੇਖ ਰੇਖ ਵਿਚ ਤਿਆਰ ਕੀਤੀ ਅਤੇ ਗੁਰੁ ਜੀ ਵਲੋਂ ਸੁਧਾਈ ਵੀ ਕੀਤੀ ਗਈ।ਬਾਕੀ ਦੇ ਗ੍ਰੰਥ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਅਤੇ ਹੋਰ ਮੌਕੇ ਦੇ ਲਿਖਾਰੀਆਂ ਵਲੋਂ ਲਿਖੇ  ਗਏ।“

ਭਾਈ ਹਰਿਦਾਸ ਜੀ ਨੇ ਦਸਮ ਗ੍ਰੰਥ 1695 ਈ: ਨੂੰ ਤਿਆਰ ਕੀਤਾ।

ਭਾਬਾ ਬਿਨੋਦ ਸਿੰਘ ਜੀ ਨੇ ਦਸਮ ਗ੍ਰੰਥ 1718-19 ਈ: ਨੂੰ ਤਿਆਰ ਕੀਤਾ।

ਭਾਈ ਮਨੀ ਸਿੰਘ ਜੀ ਨੇ ਦਸਮ ਗ੍ਰੰਥ 1732-33 ਈ: ਨੂੰ ਤਿਆਰ ਕੀਤਾ।

ਭਾਬਾ ਦੀਪ ਸਿੰਘ ਜੀ ਨੇ ਦਸਮ ਗ੍ਰੰਥ 1740-41 ਈ: ਨੂੰ ਤਿਆਰ ਕੀਤਾ।

: ਕੁਲਬੀਰ ਸਿੰਘ ਜੀ   ਦਵਾਰਾ ਗੁਰਬਾਣੀ ਮੰਗਲ ਤੇ ਲਿਖਿਆ ਇਕ ਆਰਟੀਕਲ,

ਗੁਰੂੁ ਗੋਬਿੰਦ ਸਿੰਘ ਜੀ ਦੇ ਹਜੂਰੀ ਲਿਖਾਰੀ ਭਾਈ ਹਰਿਦਾਸ ਜੀ

ਭਾਈ ਹਰਦਾਸ ਜੀ ਗੁਰੁ ਸਾਹਿਬ ਦੇ ਚਾਰ ਹਜੂਰੀ ਲਿਖਾਰੀਆਂ ਵਿਚੋਂ ਇਕ ਸਨ।ਉਸ ਦਵਾਰਾ ਲਿਖਤ ਬੀੜ 1984 ਤੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਸੁਰੱਖਿਅਤ ਰਹੀ। ਇਹ ਬੀੜ ਹਸਤ ਲਿਖਤ ਬੀੜਾਂ ਵਿਚੋਂ ਸਭ ਤੋਂ ਸ਼ੁਧ ਮਨੀ ਗਈ ਹੈ। ਬਾਬਾ ਹਰਿਦਾਸ ਜੀ ਦੀ ਬੀੜ ਦੇ ਅਖੀਰ ਵਿਚ ਲਿਖੇ ਸ਼ਬਦ ਲਿਖਾਰੀ ਦੀ ਅਵੱਸਥਾ ਅਤੇ ਨਿਮਰਤਾ ਦਰਸਾੳਂਦੇ ਹਨ।

“ਗ੍ਰੰਥ ਸੰਪੂਰਨ ਹੋਆ, ਲਿਖਿਆ ਹਰਿਦਾਸ ਲਿਖਾਰੀ, ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਲਿਖਾਰੀ ਲਿਖਿਆ। ਭੁਲ ਚੁਕ ਹੋਵੇ ਸੋ ਸੋਧਨਾ, ਗੁਲਾਮ, ਪਤਿਤੁ, ਅਘ ਪਤਿਤੁ ਮਹਾਂ, ਪਤਤ ਹਰਿਦਾਸ ਲਿਖਾਰੀ ਸ੍ਰੀ ਗੁਰੁ ਗੋੰਿਬੰਦ ਸਿੰਘ ਜੀ ਦਾ।“

ਡਾ: ਗੁਰਿੰਦਰ ਸਿੰਘ ਮਾਨ   (ਇਕ ਖੋਜੀ ਇਤਿਹਾਸਕਾਰ ਯੂ.ਕੇ.)   ਰਾਮਗੜ੍ਹੀਆਂ ਉਪਰ ਲਿਖੇ ਇਕ ਆਰਟੀਕਲ ਵਿਚ ਇਸ ਹਜੂਰੀ ਲਿਖਾਰੀ ਬਾਰੇ ਦਸਦੇ ਹਨ।

“ਭਾਈ ਹਰਦਾਸ ਜੀ ਗੁਰੁ ਗੋਬਿੰਦ ਸਿੰਘ ਜੀ ਦੇ ਬਹੁਤ ਭਰੋਸੇਯੋਗ ਲਿਖਾਰੀ ਸਨ।ਭਾਈ ਸਾਹਿਬ ਨੇ 1682 ਈ: ਵਿਚ ਅਨੰਦਪੁਰ ਦਮਦਮੇ ਦੇ ਅਸਥਾਨ ਤੇ ਆਦਿ ਗ੍ਰੰਥ ਦੀ ਬੀੜ ਤਿਆਰ ਕੀਤੀ।ਇਹ ਉਹ ਪਹਿਲੀ ਬੀੜ ਹੈ ਜਿਸ ਵਿਚ ਗੁਰੁ ਤੇਗ ਬਹਾਦਰ ਜੀ ਦੇ ਸ਼ਲੋਕ ਅਤੇ ਬਾਣੀ ਦਰਜ ਹੈ।ਇਹ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ 511 ਨੰ: ਖਰੜਾ ਹੈ, ਜਿਸਤੇ ਲਿਖਿਆ ਹੈ ਗੁਰੁ ਗੋਬਿੰਦ ਸਿੰਘ ਜੀ ਦੇ ਲਿਖਾਰੀ ਭਾਈ ਹਰਦਾਸ ਵਾਲੀ ਬੀੜ।“

“ਇਹ ਬੀੜ ਇਸ ਕਰਕੇ ਵੀ ਖਾਸ ਹੈ ਕਿ ਇਸ ਵਿਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਹੈ ਜੋ ਗੁਰੁ ਗੋਬਿੰਦ ਸਿੰਘ ਜੀ ਦੇ ਗੁਰਤਾ ਗੱਦੀ ਤੋਂ ਜਲਦ ਬਾਦ ਹੀ ਤਿਆਰ ਹੋ ਗਈ।ਇਸ ਉਪਰ ਗੁਰੁ ਸਾਹਿਬ ਦੇ ਦਸਤਖਤ ਵੀ ਹਨ।“

ਇਕ ਹੋਰ ਆਰਟੀਕਲ ਸਿੱਖੀਵਿਕੀ ਦੀ ਵੈਬਸਾਈਟ ਤੇ ਹੈ

ਇਸ ਵੈਬਸਾਈਟ ਉਪਰ ਵੀ ਬਾਬਾ ਹਰਦਾਸ ਜੀ ਦਵਾਰਾ ਲਿਖਤ ਆਦਿ ਗ੍ਰੰਥ ਬਾਰੇ ਪੂਰਨ ਜਿਕਰ ਹੈ। ਬਾਬਾ ਹਰਦਾਸ ਜੀ ਦਵਾਰਾ ਲਿਖਤ ਦਸ ਗ੍ਰੰਥੀ ਦਾ ਵੀ ਜਿਕਰ ਹੈ।

ਵਰਲਡ ਸਿੱਖ ਹੈਰੀਟੇਜ ਮਿਯੂਸੀਅਮ     ਦਾਵਾ ਕਰਦਾ ਹੈ ਕਿ ਉਨਾ੍ਹ ਨੇ ਬਾਬਾ ਹਰਦਾਸ ਜੀ ਦਵਾਰਾ ਲਿਖਤ ਤਿੰਨ ਗ੍ਰੰਥ ਇਕੱਠੇ ਕਰ ਲਏ ਹਨ।

ਇਕ ਮਸ਼ਹੂਰ ਪੱਤਰਕਾਰ ਸ਼ੀ੍    ਜਤਿੰਦਰ ਸਿੰਘ ਜੀ ਪੰਨੂ    ( ਜਲੰਧਰ) ਜਿਨਾ੍ਹ ਨੇ ਪ੍ਰਾਈਮ ਏਸ਼ੀਆ ਚੈਨਲ ਤੇ ਆਪਣੇ ਇਕ ਵੀਡੀਉ ਸਾਕਸ਼ਾਤਕਾਰ ਨੰ: 894 ( ਯੂ ਟਿਊਬ) ਵਿਚ ਵੀ ਬਾਬਾ ਹਰਦਾਸ ਸਿੰਘ ਰਾਮਗੜੀ੍ਹਆ ਦਵਾਰਾ ਲਿਖਤ ਆਦਿ ਗ੍ਰੰਥ ਦੀ ਬੀੜ ਬਾਰੇ ਜਿਕਰ ਕੀਤਾ ਹੈ।

ਉਪ੍ਰੋਕਤ ਜਾਣਕਾਰੀ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਬਾਬਾ ਹਰਦਾਸ ਸਿੰਘ ਜੀ ਗੁਰੁ ਗੋਬਿੰਦ ਸਿੰਘ ਦੇ ਖਾਸ, ਨਜਦੀਕੀ ਅਤੇ ਭਰੋਸੇਯੋਗ ਲਿਖਾਰੀ ਸਨ। ਉਨਾ੍ਹ ਦਵਾਰਾ ਲਿਖਤ ਗ੍ਰੰਥ ਸਭ ਤੋਂ ਸ਼ੁਧ ਅਤੇ ਪਹਿਲਾ ਗ੍ਰੰਥ ਹੈ ਜਿਸ ਵਿਚ ਸਾਰੇ ਮੰਗਲ ,ਨੌਵੇਂ ਪਾਤਸ਼ਾਹ ਦੇ ਸ਼ਲੋਕ ਅਤੇ ਬਾਣੀ ਬਿਲਕੁਲ ਸਹੀ ਜਗਾ੍ਹ ਤੇ ਦਰਜ ਸੀ।

ਹਥਿਆਰਾਂ ਦਾ ਮਾਹਿਰ

ਆਪਣੇ ਪਿਤਾ ਪੁਰਖੀ ਕੰਮ ਦੀ ਕਲਾ ਜੋ ਵਿਰਾਸਤ ਵਿਚ ਮਿਲੀ ਸੀ, ਉਹ ਆਪਦੇ ਬਹੁਤ ਕੰਮ ਆਈ। ਕਈ ਧਾਤਾਂ ਨੂੰ ਪਿਘਲਾ ਕੇ ਉਨਾ੍ਹ ਤੋਂ ਨਵੇਂ ਨਵੇਂ ਹਥਿਆਰ ਤਿਆਰ ਕਰਨਾ ਆਪ ਦੀ ਖੂਬੀ ਸੀ।ਇਸ ਸ਼ੌਕ ਨੇ ਬਾਬਾ ਹਰਿਦਾਸ ਜੀ ਨੂੰ ਹਥਿਆਰਾਂ ਦੇ ਕਾਰਖਾਨੇ ਦਾ ਇੰਚਾਰਜ ਬਣਾ ਦਿੱਤਾ। ਆਪ ਨੇ ਕਈ ਤਰਾਂ੍ਹ ਦੇ ਬਰਸ਼ੇ,ਕਿਰਪਾਨਾਂ,ਖੰਜਰ,ਤੀਰਕਮਾਨ,ਨੇਜੇ, ਬੰਦੂਕਾਂ ਅਤੇ ਢਾਲਾਂ ਬਣਾਈਆਂ।

            ; ਕੇ.ਐਸ. ਨਾਰੰਗ ( ਹਿਸਟਰੀ ਆਫ ਦੀ ਪੰਜਾਬ )  ਵਿਚ ਲਿਖਦੇ ਹਨ ਜੋ ਨਾਗਣੀ ਬਰਸ਼ਾ ਭਾਈ ਬਚਿੱਤਰ ਸਿੰਘ ( ਪੁਤ੍ਰ ਭਾਈ ਮਨੀ ਸਿੰਘ ਜੀ ) ਨੇ ਜੰਗ ਵਿਚ ਇਸਤੇਮਾਲ ਕੀਤਾ ਸੀ ਉਹ ਬਾਬਾ ਹਰਿਦਾਸ ਜੀ ਦਾ ਹੀ ਬਣਾਇਆ ਹੋਇਆ ਸੀ ਤੇ ਉਨਾ੍ਹ ਦੀ ਕਾਰੀਗਰੀ ਦਾ ਬੇਹਤਰੀਨ ਨਮੂਨਾ ਹੈ ਜੋ ਅੱਜ ਵੀ ਤੱਖਤ ਸ੍ਰੀ ਕੇਸਗੜ੍ਹ ਵਿਚ ਮੌਜੂਦ ਹੈ। ਇਸ ਨਾਗਣੀ ਬਰਸ਼ੇ ਦੀ ਲੰਬਾਈ 8’-9” ਹੈ।

            ਕੁਝ ਇਤਿਹਾਸਕਾਰਾਂ ਮੁਤਾਬਿਕ ਬਾਬਾ ਦੀਪ ਸਿੰਘ ਦਾ ਜੋ ਦੋ ਧਾਰਾ ਖੰਡਾ ਸੀ ਜਿਸਦਾ ਵਜਨ 14 ਸੇਰ,  (1 ਸੇਰ=928 ਗ੍ਰਾਮ ) ਉਹ ਵੀ ਬਾਬਾ ਹਰਿਦਾਸ ਜੀ ਦਾ ਹੀ ਬਣਾਇਆ ਹੋਇਆ ਸੀ। ਗੁਰੁ ਗੋਬਿੰਦ ਸਿੰਘ ਜੀ ਬਾਬਾ ਜੀ ਦੀ ਇਸ ਕਲਾ ਤੋਂ ਬਹੁਤ ਖੁਸ਼ ਸਨ ਅਤੇ ਆਪ ਨੂੰ ਉਤਸਾਹਿਤ ਕਰਦੇ ਰਹਿੰਦੇ ਸਨ।

            ਗੁਰੁ ਗੋਬਿੰਦ ਸਿੰਘ ਜੀ ਦੀ ਵੱਧ ਰਹੀ ਸ਼ੋਹਰਤ ਅਤੇ ਤਾਕਤ ਨੂੰ ਦੇਖ ਪਹਾੜੀ ਰਾਜੇ ਖਾਰ ਖਾਣ ਲਗ ਪਏ।ਉਨਾ੍ਹ ਨੇ ਕੋਈ ਨ ਕੋਈ ਬਹਾਨਾ ਲੈ ਕੇ ਗੁਰੁ ਜੀ ਤੇ ਹਮਲੇ ਸ਼ੁਰਕਰ ਦਿੱਤੇ। ਇਕ ਹਮਲਾ ਪੂਰੀ ਤਾਕਤ ਨਾਲ ਪਹਾੜੀ ਰਾਜਿਆਂ ਨੇ ਲੋਹਗੜ੍ਹ ਕਿਲੇ੍ਹ ( ਅਨੰਦਪੁਰ ) ਉੱਪਰ ਕਰ ਦਿੱਤਾ।ਕਿਲੇ੍ਹ ਨੂੰ ਘੇਰਾ ਪਾ ਲਿਆ ਅਤੇ ਬੜੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹ ਕਿਲੇ੍ਹ ਦਾ ਦਰਵਾਜਾ ਤੱਕ ਨਹੀਂ ਤੋੜ ਪਾਏ। ਅਖੀਰ 31 ਅਗੱਸਤ 1700ਈ: ਨੂੰ ਉਨਾ੍ਹ ਮਤਾ ਪਕਾਇਆ ਕਿ ਇਕ ਹਾਥੀ ਦੇ ਮੱਥੇ ਅਤੇ ਪੂਰੇ ਸਰੀਰ ਤੇ ਲੋਹੇ ਦੀਆਂ ਤਵੀਆਂ ਬੰਨ੍ਹ ਕੇ,ਉਸਦੀ ਸੰੁਡ ਨਾਲ ਤਲਵਾਰਾਂ ਬੰਨ੍ਹ ਕੇ ਅਤੇ  ਸ਼ਰਾਬ ਪਿਲਾ ਕੇ ਕਿਲ੍ਹੇ ਦੇ ਦਰਵਾਜੇ ਵੱਲ ਛੱਡੋ,ਉਹ ਦਰਵਾਜਾ ਤੋੜੇਗਾ।ਜਦੋਂ ਸਿੱਖਾਂ ਨੇ ਦੇਖਿਆ ਤਾਂ ਬਹਾਦਰ ਯੋਧਾ ਭਾਈ ਬਚਿੱਤਰ ਸਿੰਘ ਗੁਰੁ ਜੀ ਤੋਂ ਅਸ਼ੀਰਵਾਦ ਲੈ ਕੇ ਅਤੇ ਬਾਬਾ ਹਰਿਦਾਸ ਦਵਾਰਾ ਬਣਾਈ ਨਾਗਣੀ ਹੱਥ ਵਿਚ ਲੈ ਕੇ ਅਗੇ ਵਧਿਆ। ਪੂਰੀ ਤਾਕਤ ਨਾਲ ਉਸਨੇ ਨਾਗਣੀ  ਮਆ ਰਹੇ ਹਾਥੀ ਦੇ ਮੱਥੇ ਵਿਚ ਐਸੀ ਮਾਰੀ ਕਿ ਉਹ ਮੱਥੇ ਵਿਚ ਬਹੁਤ ਅੰਦਰ ਤੱਕ ਚਲੀ ਗਈ, ਜਿਉਂ ਹੀ ਬਰਸ਼ੀ ਬਾਹਰ ਖਿੱਚੀ ਲਹੂ ਦਾ ਫੁਹਾਰਾ ਫੁੱਟ ਪਿਆ।ਹਾਥੀ ਚੀਕਦਾ ਹੋਇਆ ਵਾਪਸ ਆਪਣੀ ਹੀ ਫੋਜ ਨੂੰ ਲਤਾੜਦਾ ਹੋਇਆ ਪਿਛੇ ਨੂੰ ਨੱਸ ਤੁਰਿਆ। ਖਾਲਸੇ ਦੀ ਜਿੱਤ ਹੋਈ।

ਬਾਬਾ ਹਰਿਦਾਸ ਸਿੰਘ ਜੀ ਇਕ ਬਹਾਦਰ ਯੋਧਾ

ਅਨੰਦਪੁਰ ਵਿਚ ਰਹਿੰਦਿਆਂ ਹੋਇਆਂ ਬਾਬਾ ਹਰਿਦਾਸ ਸਿੰਘ ਨੇ , ਗੁਰੁ ਗੋਬਿੰਦ ਸਿੰਘ ਜੀ ਦਵਾਰਾ ,ਪਹਾੜੀ ਰਾਜਿਆਂ ਅਤੇ ਮੁਗਲ ਹਾਕਮਾਂ ਦੇ ਵਿਰੁਧ ਲੜੀਆਂ ਗਈਆਂ ਤਕਰੀਬਨ ਸਾਰੀਆਂ ਜੰਗਾਂ ਵਿਚ ਹਿੱਸਾ ਲਿਆ। ਜੰਗ ਵਿਚ ਉਹ ਅਗੇ ਵੱਧ ਕੇ ਲੜਦੇ ਸਨ। ਕਈ ਮੌਕਿਆਂ ਤੇ ਆਪਨੇ ਖਾਲਸਾ ਫੌਜ ਦੀ ਅਗਵਾਈ ਵੀ ਕੀਤੀ।

ਗੁਰੁ ਗੋਬਿੰਦ ਸਿੰਘ ਜੀ ਆਪ ਦੀ ਬਹਾਦਰੀ, ਸ਼ਸਤਰ ਬਨਾਉਣ ਦੀ ਕਲਾ, ਚੰਗੇ ਲਿਖਾਰੀ ਹੋਣ ਦੀ ਕਲਾ,ਗੁਰਬਾਣੀ ਨਾਲ ਪਿਆਰ ਅਤੇ ਗੁਰੂ ਪ੍ਰਤੀ ਬਾਬਾ ਜੀ ਦੀ ਸ਼ਰਧਾ ਤੋਂ ਬਹੁਤ ਹੀ ਖੁਸ਼ ਸਨ। ਗੁਰੁ ਗੋਬਿੰਦ ਸਿੰਘ ਜੀ ਨੇ ਆਪ ਨੂੰ ਖੁਸ਼ ਹੋ ਕੇ ਇਕ ਵਰ ਦਿਤਾ ਕਿ “ ਤੁਹਾਡੀ ਔਲਾਦ ਆਉਣ ਵਾਲੇ ਸਮੇ ਵਿਚ ਰਾਜਾ ਮਹਾਂਰਾਜਾ ਦਾ ਜੀਵਨ ਜੀਏਗੀ।

( ਗਿਆਨੀ ਗਿਆਨ ਸਿੰਘਸ੍ਰੀ ਗੁਰ ਪੰਥ ਪ੍ਰਕਾਸ਼ ਦੇ ਪੰਨਾ 1172 ਤੇ ਲਿਖਦੇ ਹਨ )

“ਇਨਕਾ ਬਡੋ ਸਿੰਘ ਹਰਿਦਾਸ ॥ ਰਹਿੳ ਗੁਰੁ ਗੋਬਿੰਦ ਸਿੰਘ ਪਾਸ ॥ ਮਨ ਤਨ ਧਨ ਕਰ ਸੇਵ ਕਮਾਈ॥ ਗੁਰ ਬਰ ਦੀਨੋ ਰਾਜ ਲਭਾਈ॥”

“ਸਿੰਘ ਰਾਮਗ੍ਹੜੀਏ ਹੁਤੇ, ਜਾਤੀ ਕੇ ਤਰਖਾਨ॥ ਦਸਮੇ ਗੁਰ ਕੇ ਢਿਗ ਰਹੇ,ਪਿਤ ਸੁਤ ਹਿਤ ਕਲਿਯਾਨ॥”

ਅਨੰਦਪੁਰ ਵਿਖੇ ਅਖੀਰਲੀ ਜੰਗ 1704 ਈ: ਵਿਚ ਲੜੀ ਗਈ। 20-21 ਦਿਸੰਬਰ 1704 ਈ: ਨੂੰ ਗੁਰੁ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਨੂੰ ਛੱਡ ਦਿੱਤਾ। ਬਾਬਾ ਹਰਿਦਾਸ ਸਿੰਘ ਜੀ ਵੀ ਜੰਗ ਤੋਂ ਅਤੇ ਗੂਰੂ ਜੀ ਦੇ ਚਲੇ ਜਾਣ ਬਾਦ ਦੁਖੀ ਹਿਰਦੇ ਨਾਲ ਪ੍ਰੀਵਾਰ ਸਮੇਤ ਆਪਣੇ ਪਿੰਡ ਸੁਰਸਿੰਘ ਵਾਪਿਸ ਆ ਗਏ। ਕੁਝ ਸਮਾਂ ਪਾ ਕੇ ਖਬਰ ਮਿਲੀ ਕਿ ਗੁਰੁ ਗੋਬਿੰਦ ਸਿੰਘ ਜੀ ਸਾਬੋ ਕੀ ਤਲਵੰਡੀ ਦਰਸ਼ਨ ਦੇ ਰਹੇ ਹਨ। ਗੁਰੁ ਦੇ ਪ੍ਰੇਮ ਨੇ ਖਿੱਚ ਪਾਈ ਅਤੇ ਬਾਬਾ ਹਰਿਦਾਸ ਸਿੰਘ ਆਪਣੇ ਵੱਡੇ ਪੁੱਤਰ ਭਗਵਾਨ ਸਿੰਘ ਨੂੰ ਨਾਲ ਲੈ ਕੇ ਗੁਰੁ ਦੀ ਸੇਵਾ ਵਿਚ ਜਾ ਹਾਜਰ ਹੋਏ। ਇੱਧਰ ਜਦੋਂ ਗੁਰੁ ਜੀ ਨੇ ਦੇਖਿਆ ਕਿ ਔਰੰਗਜੇਬ ਨੂੰ ਲਿਖੇ ਗਏ ਜਫਰਨਾਮੇ ਦਾ ਕੋਈ ਜਵਾਬ ਨਹੀਂ ਆਇਆ ਤਾਂ 30 ਅਕਤੂਬਰ 1706 ਈ: ਨੂੰ ਗੁਰੁ ਜੀ ਨੇ ਆਪ ਦੱਖਣ ਵੱਲ ਜਾਣ ਦਾ ਫੈਂਸਲਾ ਕੀਤਾ। ਗਿਆਨੀ ਭਗਵਾਨ ਸਿੰਘ ਅਤੇ ਹੋਰ ਬਹੁਤ ਸਾਰੇ ਸਿੱਖ ਗੁਰੁ ਗੋਬਿੰਦ ਸਿੰਘ ਜੀ ਨਾਲ ਦੱਖਣ ਵਲ ਜਾਣ ਲਈ ਤਿਆਰ ਹੌ ਗਏ। ਗੁਰੁ ਜੀ ਦੇ ਜਾਣ ਦੇ ਬਾਦ ਬਾਬਾ ਹਰਿਦਾਸ ਸਿੰਘ ਜੀ ਵਾਪਸ ਆਪਣੇ ਪਿੰਡ ਸੁਰਸਿੰਘ ਆ ਗਏ ਅਤੇ ਮੁੜ ਨਾਮ ਬਾਣੀ ਦੇ ਪ੍ਰਚਾਰ ਵਿਚ ਤੇ ਆਪਣੀ ਕਿਰਤ ਕਰਨ ਲਗੇ।“

( : ਕੇਹਰ ਸਿੰਘ ਮਠਾਰੂ ਕਨੇਡਾਜੱਸਾ ਸਿੰਘ ਰਾਮਗੜ੍ਹੀਆ)

ਗਿਆਨੀ ਭਗਵਾਨ ਸਿੰਘ ਦੇ ਗੁਰੁ ਜੀ ਨਾਲ ਦੱਖਣ ਵਲ ਜਾਣ ਬਾਰੇ  ( ਗਿਆਨੀ ਗਿਆਨ ਸਿੰਘਸ੍ਰੀ ਗੁਰ ਪੰਥ ਪ੍ਰਕਾਸ਼ ਦੇ ਪੰਨਾ 1172 ਤੇ ਲਿਖਦੇ ਹਨ )

“ ਸਿੰਘ ਭਗਵਾਨ ਤਾਹਿ ਸੁਤ ਭਯੋ॥ਅਬਚਲ ਨਗਰ ਗੁਰੂ ਸੰਗ ਗਯੋ॥ਜਬ ਸਤਗੁਰ ਨਿਜ ਲੋਕ ਸਿਧਾਰੇ॥ਆਕਰ ਉਨ ਪੰਜਾਬ ਮਝਾਰੇ॥ “

ਜਦੋਂ ਗੁਰੁ ਜੀ ਨੂੰ ਮੁਗਲ ਬਾਦਸ਼ਾਹ ਵਲੋਂ ਕੋਈ ਜਵਾਬ ਨਾ ਮਿਲਿਆ ਤਾਂ ਗੁਰੁ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ ਦੇ ਕੇ ਕੁਝ ਸਿੱਖਾਂ ਨਾਲ ਅਸ਼ੀਰਵਾਦ ਦੇ ਕੇ ਪੰਜਾਬ ਵਲ ਭੇਜਿਆ। ਬੰਦਾ ਸਿੰਘ ਬਹਾਦਰ ਦੇ ਨਾਲ ਹੀ ਗਿਆਨੀ ਭਗਵਾਨ ਸਿੰਘ ਵੀ ਵਾਪਸ ਪੰਜਾਬ ਆ ਗਏ। ਬੰਦੇ ਦੇ ਪੰਜਾਬ ਵਲ ਆਉਣ ਦੀ ਖਬਰ ਪੂਰੇ ਪੰਜਾਬ ਵਿਚ ਫੈਲ ਗਈ। ਦੂਰੋਂ ਦੂਰੋਂ ਸਿੱਖ ਯੋਧੇ, ਮਾਝੇ ਮਾਲਵੇ ਵਿਚੋਂ ਆ ਕੇ ਬੰਦਾ ਸਿੰਘ ਬਹਾਦਰ ਨਾਲ ਮਿਲ ਗਏ। ਬਾਬਾ ਹਰਿਦਾਸ ਸਿੰਘ ਵੀ ਆਪਣੇ ਕੁਝ ਜਵਾਨਾਂ ਦੇ ਨਾਲ ਆ ਬੰਦੇ ਦੇ ਜੱਥੇ ਵਿਚ ਸ਼ਾਮਲ ਹੋ ਗਏ।“ ਬਾਬਾ ਹਰਿਦਾਸ ਜੀ ਨੇ ਸਢੌਰਾ, ਸਮਾਣਾ, ਘੁੜਾਮ, ਠੱਸਕਾ,ਰੋਪੜ ਅਤੇ ਸਰਹਿੰਦ ਦੀਆਂ ਲੜਾਈਆਂ ਵਿਚ ਅਗੇ ਵੱਧ ਕੇ ਹਿੱਸਾ ਲਿਆ”(: ਕੇਹਰ ਸਿੰਘ ਮਠਾਰੂ ਕਨੇਡਾ)

ਸ਼ਹੀਦ ਬਾਬਾ ਹਰਿਦਾਸ ਸਿੰਘ ਜੀ

            ਸ਼ਮਸ ਖਾਨ ਖੋਸ਼ਗੀ ਦੁਆਬੇ ਦਾ ਫੌਜਦਾਰ ਅਤੇ ਇਕ ਜਾਲਿਮ ਹਾਕਮ ਸੀ। ਆਲੇ ਦਵਾਲੇ ਦੇ ਇਲਾਕੇ ਦੇ ਲੋਕ ਉਸਦੇ ਜੁਲਮ ਤੋਂ ਬਹੁਤ ਹੀ ਦੁਖੀ ਸਨ।ਇਸਦੀ ਰਾਜਧਾਨੀ ਸੁਲਤਾਨਪੁਰ ਸੀ 11 ਅਕਤੂਬਰ 1710 ਈ: ਨੂੰ ਬੰਦਾ ਸਿੰਘ ਬਹਾਦਰ ਦੀ ਖਾਲਸਾ ਫੌਜ ( ਜਿਸ ਵਿਚ ਬੰਦਾ ਖੁਦ ਸ਼ਾਮਿਲ ਨਹੀ ਸੀ) ਪੰਜਾਬ ਦੇ ਇਲਾਕੇ ਫਤਿਹ ਕਰਦੀ ਹੋਈ ਜਲੰਧਰ ਵਲ ਵੱਧ ਰਹੀ ਸੀ॥ ਰਸਤੇ ਵਿਚ ਰਾਹੋਂ ਦੇ ਇਲਾਕੇ ਵਿਚ ਸ਼ਮਸ ਖਾਨ ਨੇ ਸਿੱਖ ਫੌਜ ਤੇ ਹਮਲਾ ਕਰ ਦਿੱਤਾ। ਖਾਲਸੇ ਨੇ ਰਾਹੋਂ ਦੇ ਕਿਲੇ੍ਹ ਅਤੇ ਲਾਗਲੇ ਭੱਠਿਆਂ ਦੇ ਵਿਚ ਮੋਰਚੇ ਲਗਾ ਲਏ।ਮੁਗਲਾਂ ਦਾ ਜੋਰ ਵੱਧਦਾ ਦੇਖ ਖਾਲਸੇ ਨੇ ਆਪਣਾ ਜੰਗੀ ਕਮਾਲ ਦਿਖਾਇਆ ਅਤੇ ਰਾਤ ਦੇ ਵੇਲੇ ਕਿਲਾ੍ਹ ਖਾਲੀ ਕਰ ਦਿੱਤਾ।ਸ਼ਮਸ ਖਾਨ ਨੇ ਸੋਚਿਆ ਖਾਲਸਾ ਡਰ ਕੇ ਮੈਦਾਨ ਛੱਡ ਗਿਆ ਹੈ।ਕਿਲੇ੍ਹ ਦਾ ਪ੍ਰਬੰਧ ਆਪਣੇ ਅਹਿਲਕਾਰਾਂ ਦੇ ਹਵਾਲੇ ਕਰਕੇ ਸ਼ਮਸ ਖਾਨ ਵਾਪਸ ਜਿੱਤ ਦਾ ਢੋਲ ਵਜਾੳੇਂਦਾ ਸੁਲਤਾਨਪੁਰ ਚਲਾ ਗਿਆ। ਖਾਲਸਾ ਆਪਣੀ ਚਾਲ ਮੁਤਾਬਿਕ 2-3 ਮੀਲ ਹੀ ਦੂਰ ਗਿਆ ਸੀ, ਜਲਦ ਵਾਪਸ ਆ ਕੇ ਖਾਲਸੇ ਨੇ 12 ਅਕਤੂਬਰ 1710 ਈ: ਨੂੰ ਮੁਗਲਾਂ ਦੇ ਕਿਲੇ ਤੇ ਕਬਜਾ ਕਰ ਲਿਆ। ਖਾਲਸਾ ਹੁਣ ਜਲੰਧਰ ਵਲ ਵੱਧ ਤੁਰਿਆ। ਖਾਲਸਾ ਛੋਟੇ ਛੋਟੇ ਦਲਾਂ ਵਿਚ ਵੰਡ ਗਿਆ ਤੇ ਨਾਲ ਹੀ ਖਾਲਸੇ ਨੇ ਆਲੇ ਦਵਾਲੇ ਦੇ ਇਲਾਕਿਆਂ ਵਿਚ ਆਪਣੀ ਈਨ ਮਨਵਾਣ ਲਈ ਸ਼ਹਿਰਾਂ ਅਤੇ ਰਿਆਸਤਾਂ ਵਲ ਸੁਨੇਹੇ ਭੇਜ ਦਿੱਤੇ।ਇਹ ਰਾਹੋਂ ਦੀ ਜੰਗ 11 ਅਕਤੂਬਰ 1710 ਈ: ਨੂੰ ਹੋਈ। ਬਜਵਾੜੇ ਅਤੇ ਹੋਰ ਇਲਾਕਿਆਂ ਵਿਚ ਵੀ ਇਹ ਸਭ ਖਬਰਾਂ ਪੁੱਜ ਗਈਆਂ ਸਨ ।

            ਪਿੰਡ ਬਜਵਾੜਾ ( ਹੁਸ਼ਿਆਰ ਪੁਰ ਪੰਜਾਬ ) ਬੈਜੂ ਬਾਵਰਾ ਦਵਾਰਾ ਵਸਾਇਆ ਹੋਇਆ ਇਕ ਨਗਰ ਹੈ।ਇਹ ਮਾਤਾ ਸੁੰਦਰੀ ਜੀ ( ਗੁਰੁ ਗੋਬਿੰਦ ਸਿੰਘ ਜੀ ਦੀ ਦੂਜੀ ਪਤਨੀ ) ਦਾ ਜਨਮ ਅਸਥਾਨ ਵੀ ਹੈ। “ਮਾਤਾ ਜੀ ਦੇ ਪਿਤਾ ਭਾਈ ਰਾਮ ਸਰਨ ਜੀ ਦੀ ਹਵੇਲੀ ਗੜੀ੍ਹ ਦੇ ਤੌਰ ਤੇ ਸਿੱਖਾਂ ਵਲੋਂ ਇਸਤੇਮਾਲ ਕੀਤੀ ਗਈ ਸੀ”। (:ਰਣਜੀਤ ਸਿੰਘ ਰਾਣਾ ਯੂ.ਕੇ.)

            ਬਜਵਾੜੇ ਦੀ ਕਮਾਨ ਬਾਬਾ ਹਰਦਾਸ ਸਿੰਘ ਜੀ ਪਾਸ ਸੀ।ਮੁਗਲ ਫੌਜ ਦਾ ਇਕ ਦੱਸਤਾ 10,000 ਦੀ ਫੌਜ ਨਾਲ ਬੱਜਵਾੜੇ ਵਲ ਵੱਧਿਆ। ਬੰਦਾ ਸਿੰਘ ਬਹਾਦਰ ਦੀ ਗੈਰ ਹਾਜਰੀ ਵਿਚ ਸਾਰੀ ਕਮਾਨ ਬਾਬਾ ਹਰਿਦਾਸ ਜੀ ਦੇ ਜੰੁਮੇ ਆ ਗਈ ਸੀ। ਬਾਬਾ ਜੀ ਕੋਲ ਉਸ ਵੱਕਤ ਸਿਰਫ 2000 ਹੀ ਸਿਪਾਹੀ ਸਨ। ਅਕਤੂਬਰ 1710 ਈ: ਨੂੰ ਰਾਹੋਂ ਦੀ ਜੰਗ ਤੋਂ ਕੁਝ ਦਿਨ ਬਾਦ ਹੀ ਬਜਵਾੜੇ ਵਿਚ ਬੜੀ ਘਮਸਾਨ ਦੀ ਜੰਗ ਹੋਈ। ਦੋਨੋਂ ਪਾਸੇ ਬਹੁਤ ਸਾਰੇ ਜਵਾਨ ਮਾਰੇ ਗਏ। ਗੜੀ੍ਹ ਨੂੰ ਚਾਰ ਚੁਫੇਰੇ ਤੋਂ ਮੁਗਲ ਫੌਜ ਨੇ ਘੇਰਾ ਪਾ ਲਿਆ। ਅੰਦਰ ਗੋਲੀ ਸਿੱਕਾ ਤਕਰੀਬਨ ਖੱਤਮ ਹੋ ਗਿਆ ਸੀ। ਇਸ ਮੁਸ਼ਕਿਲ ਸਮੇ ਵਿਚ ਬਾਬਾ ਜੀ ਨੇ ਸਭ ਨਾਲ ਮਤਾ ਪਕਾ ਕੇ ਨਿਸਚਾ ਕੀਤਾ ਕਿ ਹੁਣ ਬਾਹਰ ਨਿਕਲ ਕੇ ਆਮੋ੍ਹ ਸਾ੍ਹਮਣੇ ਦੀ ਲੜਾਈ ਲੜੀ ਜਾਏ। ਜੈਕਾਰੇ ਛੱਡਦੇ ਹੋਏ ਸਿੰਘ ਬਾਹਰ ਆ ਗਏ। ਘੋਰ ਜੰਗ ਸ਼ੁਰੂ ਹੋ ਗਈ, ਦਲੇਰ ਖਾਨ ਅਹੀਆ ਪੁਰੀ ਨੇ ਬਾਬਾ ਜੀ ਨੂੰ ਲਲਕਾਰਾ ਮਾਰਿਆ ਕਿ ਜੇ ਹਿੰਮਤ ਹੈ ਤਾਂ ਮੇਰੇ ਸਾ੍ਹਮਣੇ ਆ ਕੇ ਮੇਰੇ ਨਾਲ ਦੋ ਦੋ ਹੱਥ ਕਰੋ।ਇਹ ਸੁਣ ਕੇ ਬਾਬਾ ਜੀ ਦਾ ਖੂੰਨ ਖੌਲਿਆ ਅਤੇ ਇਕ ਝਟਕੇ ਨਾਲ ਜਾ ਦਲੇਰ ਖਾਨ ਦੇ ਸਾ੍ਹਮਣੇ ਹੋਏ। ਖੂਬ ਲੜਾਈ ਹੋਈ, ਬਾਬਾ ਜੀ ਦੇ ਦੋ ਫੱਟ ਬਹੁਤ ਹੀ ਗਹਿਰੇ ਲੱਗੇ।ਇਸ ਤੋਂ ਪਹਿਲੋਂ ਕਿ ਦਲੇਰ ਖਾਨ ਹੋਰ ਵਾਰ ਕਰਦਾ ਬਾਬਾ ਹਰਿਦਾਸ ਜੀ ਨੇ ਤਲਵਾਰ ਦਾ ਐਸਾ ਵਾਰ ਕੀਤਾ ਕਿ ਦਲੇਰ ਖਾਨ ਦਾ ਸਿਰ ਧੜ ਤੋਂ ਅਲੱਗ ਹੋ ਕੇ ਧਰਤੀ ਤੇ ਡਿਗ ਪਿਆ ( ਕੇਹਰ ਸਿੰਘ ਮਠਾਰੂ ਕਨੇਡਾ )( ਡਾ: ਅਮਰਜੀਤ ਕੌਰ ਭਮਰਾ) । ਇਹ ਦੇਖਦੇ ਹੀ ਮੁਗਲ ਫੌਜ ਵਿਚ ਭਾਜੜ ਪੈ ਗਈ। ਮੈਦਾਨ ਖਾਲਸੇ ਦੇ ਹੱਥ ਰਿਹਾ। ਖਾਲਸੇ ਨੇ ਜੰਗ ਤਾਂ ਜਿੱਤ ਲਈ , ਲੇਕਿਨ ਕਾਫੀ ਉਪਰਾਲੇ ਦੇ ਬਾਵਜੂਦ ਵੀ ਇਸ ਮਹਾਨ ਯੋਧੇ ਨੂੰ ਨਹੀਂ ਬਚਾਇਆ ਜਾ ਸਕਿਆ। ਅਕਤੂਬਰ 1710 ਈ: ਵਿਚ ਆਪਨੇ ਸਰੀਰ ਤਿਆਗ ਦਿੱਤਾ। ਗਿਆਨੀ ਭਗਵਾਨ ਸਿੰਘ ਜੀ ਨੇ ਆਪਣੇ ਪਿਤਾ ਸ਼ਹੀਦ ਬਾਬਾ ਹਰਿਦਾਸ ਸਿੰਘ ਜੀ ਦਾ ਸਸਕਾਰ ਪੂਰੀ ਸਿੱਖ ਰਹਿਤ ਮਰਯਾਦਾ ਅਨੂਸਾਰ ਬਜਵਾੜੇ ਵਿਚ ਹੀ ਕੀਤਾ।ਉਨਾਂ੍ਹ ਦੇ ਸ਼ਹੀਦੀ ਅਸਥਾਨ ਦੀ ਖੋਜ ਇਤਿਹਾਸਕਾਰਾਂ ਨੂੰ ਕਰਨੀ ਚਾਹੀਦੀ ਹੈ।

                                                                        ਗੁਰਦੇਵ ਸਿੰਘ ਰੂਪਰਾਏ  ( ਦਿੱਲੀ ) 9810444874

3 Comments

  1. ਸਿੱਖ ਇਤਹਾਸ ਦਾ ਬਹੁਤ ਹੀ ਮਹੱਤਵਪੂਰਨ ਵਰਨਣ ਆਪ ਜੀ ਨੇ ਬਾਖ਼ੂਬੀ ਕੀਤਾ ਹੈ।ਭਾਈ ਹਰਦਾਸ ਸਿੱਘ ਜੀ ਵੱਲੋਂ ਬਜਵਾੜੇ ਦੀ ਲੜਾਈ ਸੂਰਬੀਰਤਾ ਨਾਲ ਜਿੱਤ ਕੇ ਸ਼ਹੀਦੀ ਪ੍ਰਾਪਤ ਕਰਨ ਦਾ ਬਿਰਤਾਂਤ ਬਹੁਤ ਹੀ ਸ਼ਲਾਘਾਯੋਗ ਹੈ।ਅਕਾਲ ਪੁਰਖ ਆਪ ਜੀ ਪਾਸੋਂ ਇਸੇ ਤਰਾਂ ਸੇਵਾ ਲੈਂਦੇ ਰਹਿਣ ਜੀ। ??

  2. ਬਾਬਾ ਹਰਿਦਾਸ ਜੀ ਬਾਰੇ ਇੰਨੀ ਖੋਜ ਭਰਪੂਰ ਜਾਣਕਾਰੀ ਦੇਣ ਲਈ ਸ੍ਰ. ਗੁਰਦੇਵ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ. ਦਰਅਸਲ ਸਿੱਖ ਇਤਿਹਾਸ ਵਿੱਚ ਬਹੁਤ ਸਾਰੇ ਗੁੰਮਨਾਮ ਯੋਧੇ ਹਨ, ਜਿਨ੍ਹਾਂ ਦੀ ਦੇਣ ਤਾਂ ਬਹੁਤ ਹੈ, ਪਰ ਉਨ੍ਹਾਂ ਨਾਲ ਇਨਸਾਫ਼ ਨਹੀਂ ਹੋਇਆ. ਸ੍ਰ. ਗੁਰਦੇਵ ਸਿੰਘ ਜੀ ਨੇ ਬਾਬਾ ਹਰਿਦਾਸ ਜੀ ਬਾਰੇ ਲਿਖ ਕੇ ਰਾਮਗੜ੍ਹੀਆ ਕੌਮ ਦੇ ਵਿਰਸੇ ਨੂੰ ਮਾਣਮੱਤਾ ਕਰ ਦਿੱਤਾ ਹੈ. ਮੈਂ ਕੁਛ ਸਾਲ ਪਹਿਲਾਂ ਪਿੰਡ ਸੁਰਸਿੰਘ ਗਿਆ ਸੀ, ਮੇਰੇ ਨਾਲ ਸ੍ਰ. ਕੇਹਰ ਸਿੰਘ ਮਠਾੜੂ ਕੈਨੇਡਾ ਵੀ ਸਨ. ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਸਾਨੂੰ ਉਹ ਜਗਾਹ ਮਿਲ ਜਾਏ, ਜਿੱਥੇ ਬਾਬਾ ਹਰਿਦਾਸ ਜੀ ਦਾ ਜਨਮ ਹੋਇਆ, ਜਾਂ ਜਿੱਥੇ ਉਨ੍ਹਾਂ ਦਾ ਕਾਰਖਾਨਾ ਸੀ. ਕਈ ਸੱਜਣਾ ਨਾਲ ਗੱਲ ਕੀਤੀ, ਪਰ ਸੰਤੋਸ਼ ਜਨਕ ਪ੍ਰਾਪਤੀ ਨਹੀਂ ਹੋਈ. ਸ੍ਰ. ਗੁਰਦੇਵ ਸਿੰਘ ਜੀ ਵਰਗੇ ਖੋਜੀ ਅਤੇ ਉੱਦਮੀ ਸੱਜਣ ਇਹ ਕੰਮ ਬਾਖ਼ੂਬੀ ਕਰ ਸਕਦੇ ਹਨ. ਰਾਮਗੜ੍ਹੀਆ ਭਾਈਚਾਰੇ ਅਤੇ ਸਭਾਵਾਂ ਇਸ ਤੇ ਗੌਰ ਫਰਮਾਉਣ, ਆਪਣੇ ਇਤਿਹਾਸ ਨੂੰ ਸੰਭਾਲਣ ਤੇ ਨਾਲ ਹੀ ਨਾਲ ਸ੍ਰ .ਗੁਰਦੇਵ ਸਿੰਘ ਅਤੇ ਹੋਰ ਲਿਖਾਰੀ, ਜਿਹੜੇ ਇਸ ਪਾਸੇ ਕੰਮ ਕਰ ਰਹੇ ਹਨ,, ਉਨ੍ਹਾਂ ਦੀ ਸਪ੍ਰਸਤੀ ਕਰਦੇ ਰਹਿਣ.

Leave a Reply

Your email address will not be published. Required fields are marked *