Shaheed baal Madho Singh

ਸ਼ਹੀਦ ਬਾਲ ਮਾਧੋ ਸਿੰਘ ਤਰਖਾਨ

ਸਾਡਾ ਸਾਰਾ ਹੀ ਸਿੱਖ ਇਤਿਹਾਸ ਕੁਰਬਾਨੀਆਂ ਅਤੇ ਵੀਰਤਾ ਦੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ। ਹੈਰਾਨੀ ਤਾਂ ਉਸ ਵੱਕਤ ਹੁੰਦੀ ਹੈ ਜਦੋਂ ਕੋਈ ਸ਼ਹਾਦਤ ਛੋਟੇ ਬੱਚਿਆਂ ਜਾਂ ਮਾਸੂਮਾਂ ਦੀ ਹੁੰਦੀ ਹੈ।

ਇਤਿਹਾਸ ਗਵਾਹ ਹੈ  27-28 ਫਰਵਰੀ 1712  ਨੂੰ ਬਾਦਸ਼ਾਹ ਬਹਾਦੁਰ ਸ਼ਾਹ ਲਾਹੌਰ ਵਿਚ ਮਰ ਗਿਆ।  ਫਰਵਰੀ 1713 ਨੂੰ ਫੱਰੁਖਸੀਅਰ ਦਿੱਲੀ ਦੇ ਤੱਖਤ ਤੇ ਬੈਠਾ, ਅਤੇ ਗੱਦੀ ਤੇ ਬੈਠਦਿਆਂ ਹੀ ਸਿੱਖਾਂ ਦੇ ਕੱਤਲੇਆਮ ਦੇ ਹੁਕਮ ਸੁਣਾ ਦਿੱਤੇ। ਦੇਖਦੇ ਹੀ ਦੇਖਦੇ  ਸਢੌਰਾ , ਲੋਹਗੜ੍ਹ , ਰੋਪੜ , ਬਟਾਲਾ ਆਦਿ ਇਲਾਕੇ ਸਿੱਖਾਂ ਦੇ ਹੱਥੋਂ ਖੋਹੇ ਗਏ। ਖਾਲਸੇ ਦੀ ਗਿਣਤੀ ਘੱਟਣ ਲੱਗੀ।

17 ਦਿਸੰਬਰ 1715 ਈ:  ਨੂੰ ਗੁਰਦਾਸ ਨੰਗਲ ਵਿਚ ਬਾਬਾ ਬੰਦਾ ਸਿੰਘ ਦੋ ਸੌ ਦੇ ਕਰੀਬ ਸਿੰਘਾਂ ਨਾਲ ਪੱਕੜਿਆ ਗਿਆ। ਖਾਨ ਬਹਾਦੁਰ ਜਕਰੀਆ ਖਾਨ ਆਪਣੇ ਇਨਾਮ ਤੇ ਤਰੱਕੀ ਲਈ, ਹੋਰ ਬੇਗੁਨਾਹ ਸਿੱਖ ਪੱਕੜ ਕੇ ਕਰੀਬ 740 ਦੀ ਗਿਣਤੀ ਪੂਰੀ ਕਰਕੇ , ਬੰਦੇ ਨੂੰ ਲੋਹੇ ਦੇ ਪਿੰਜਰੇ ਵਿਚ ਕੈਦ ਕਰਕੇ, ਕੁਝ ਗੱਡਿਆਂ ਤੇ ਸਿੰਘਾਂ ਦੇ ਸਿਰ ਲੱਦ ਕੇ ਕਾਫਿਲਾ ਬਣਾ ਕੇ 27 ਫਰਵਰੀ 1716 ਈ: ਨੂੰ ਦਿੱਲੀ ਪੁੱਜਾ। 5 ਮਾਰਚ ਤੋਂ 19 ਜੂਨ ਤੱਕ ਚਾਂਦਨੀ ਚੌਂਕ ਵਿਚ ਸਿੱਖਾਂ ਦਾ ਕਤਲੇਆਮ ਹੁੰਦਾ ਰਿਹਾ।

ਮੁੰਤਖਾਬਉਲਲੁਬਾਬ  ਦੇ ਲਿਖਾਰੀ  ਖਾਫੀ ਖਾਨ  ਨੇ ਅੱਖੀਂ ਡਿੱਠਾ ਸਾਕਾ ਬਿਆਨ ਕੀਤਾ ਹੈ, ਉਸ ਵਿਚ ਜਿਕਰ ਕਰਦਾ ਹੈ ਕਿ, ਇਨਾਂਹ ਬੇਗੁਨਾਹਾਂ ਵਿਚ ਇਕ 10-12 ਸਾਲ ਦਾ ਬੱਚਾ ਮਾਧੋ ਸਿੰਘ ਵੀ ਸੀ। ਮਾਧੋ ਸਿੰਘ ਦਾ ਜਨਮ ਸਰਹੰਦ ਦੇ ਤਰਖਾਣ  ਘਰਾਣੇ ਦੇ ਭਾਈ ਮੋਤੀ ਸਿੰਘ ਦੇ ਗ੍ਰਿਹ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਅਸ਼ੀਰਵਾਦ ਨਾਲ ਹੋਇਆ। ਪਿੰਡ ਦੀਨੇ ਕਾਂਗੜ ਵਿਚ ਭਾਈ ਮਾਧੋ ਸਿੰਘ ਨੇ ਗੁਰੁ ਗੋਬਿੰਦ ਸਿੰਘ ਜੀ ਦੀ ਹਜੂਰੀ ਵਿਚ ਸਿੱਖੀ ਸਿੱਦਕ ਪ੍ਰਾਪਤ ਕੀਤਾ। ਪਿਤਾ ਦੀ ਮੌਤ ਦੇ ਬਾਦ ਅਤੇ ਆਏ ਦਿਨ ਸਰਹਿੰਦ ਦੀਆਂ ਲੜਾਈਆਂ ਤੋਂ ਦੱੁਖੀ ਹੋ ਕੇ ਇਸਦੀ ਵਿਧਵਾ ਮਾਂ ਇਸਨੂੰ ਨਾਲ ਲੈ ਕੇ ਦਿੱਲੀ ਦੇ ਨਜਦੀਕ ਜਾ ਕੇ ਰਹਿਣ ਲੱਗੀ।  ਜਿਸ ਵੇਲੇ ਸਿੱਖਾਂ ਦਾ ਕਾਫਿਲਾ ਦਿੱਲੀ ਵੱਲ ਜਾ ਰਿਹਾ ਸੀ ਤਾਂ ਮਾਧੋ ਸਿੰਘ ਨੂੰ ਵੀ ਸਿੱਖ ਜਾਣ ਕੇ ਨਾਲ ਹੀ ਕੈਦੀ ਬਣਾ ਲਿਆ ਗਿਆ । ਹਰ ਰੋਜ ਸੈਂਕੜੇ ਸਿੱਖ ਬੰਦੇ ਬਹਾਦਰ ਦੇ ਸਾਹਮਣੇ ਕੱਤਲ ਕੀਤੇ ਜਾਂਦੇ।

ਜਿਸ  ਵੱਕਤ ਬਾਲ ਮਾਧੋ ਸਿੰਘ ਦੀ ਵਾਰੀ ਆਈ ,ਤਾਂ ਉਸਦੀ ਬੁੱਢੀ ਵਿਧਵਾ ਮਾਂ ਆਪਣੇ ਇਕਲੌਤੇ ਬੇਟੇ ਨੂੰ ਮੁਆਫ ਕਰ ਦੇਣ ਲੱਈ ਰੋ ਰੋ ਕੇ ਤਰਲੇ ਪਾਉਣ ਲੱਗੀ।  ਵਜੀਰ ਦੇ ਦਿਵਾਨ , ਰੱਤਨ ਚੰਦ ਨੂੰ ਮਾਈ ਤੇ ਤਰਸ ਆ ਗਿਆ। ੳੇਸਨੇ ਮਾਈ ਨੂੰ ਸਿਖਾ-ਪੜਾ੍ਹ ਕੇ ਫਰੁਖਸੀਅਰ ਦੇ ਸਾਹਮਣੇ ਪੇਸ਼ ਕੀਤਾ। ਵਿਧਵਾ ਮਾਂ ਬੋਲੀ ਜੀ ਮੇਰਾ ਪੁੱਤਰ ਸਿੱਖ ਨਹੀਂ ਹੈ, ਉਹ ਤੇ ਸਿੱਖਾਂ ਦਾ ਕੈਦੀ ਸੀ ਤੇ ਗੱਲਤੀ ਨਾਲ ਕਾਫਿਲੇ ਵਿਚ ਸ਼ਾਮਿਲ ਹੋ ਗਿਆ। ਫਰੁਖਸੀਅਰ ਪਾਸੋਂ ਜਾਨ ਬੱਕਸ਼ੀ ਦਾ ਹੁਕਮ ਲੈ ਕੇ ਕੋਤਵਾਲ ਕੋਲ ਪੁੱਜੀ ਅਤੇ ਬਾਲ ਮਾਧੋ ਸਿੰਘ ਦੀ ਰਿਹਾਈ ਦੀ ਮੰਗ ਕੀਤੀ, ਕਿਹਾ ਕਿ ਮੇਰਾ ਪੱਤਰ ਸਿੱਖ ਨਹੀਂ ਹੈ। ਇਸਦਾ ਤੇ ਵਿਆਹ ਹੋ ਚੁੱਕਾ ਹੈ, ਆਹ ਲੱੜਕੀ ਇਸਦੀ ਨਵ-ਵਿਆਹੀ ਵਹੁਟੀ ਹੈ।

ਇਹ ਸੁਣ ਕੇ ਮਾਧੋ ਸਿੰਘ ਨੂੰ ਗੁੱਸਾ ਚੱੜ ਗਿਆ। ਗੁੱਸੇ ਵਿਚ ਲਾਲ ਹੋ ਕੇ ਬੋਲਿਆ ਮੇਰੀ ਮਾਤਾ ਝੂਠ ਬੋਲ ਰਹੀ ਹੈ। ਇਹ ਲੱੜਕੀ ਵੀ ਮੇਰੀ ਵਿਆਹੁਤਾ ਨਹੀਂ ਹੈ। ਦੋਨੋ ਝੂਠ ਕਹਿ ਰਹੀਆਂ ਹਨ। ਮੈਂ ਦੱਸਵੇਂ ਪਾਤਸ਼ਾਹ ਦਾ ਸਿੱਖ ਹਾਂ। ਜੱਲਦੀ ਕਰੋ ਮੇਰੇ ਸਾਥੀ ਮੇਰਾ ਇੰਤਜਾਰ ਕਰ ਰਹੇ ਹਨ। ਮੈਂ ਵੀ ਸ਼ਹਾਦੱਤ ਦਾ ਜਾਮ ਪੀਣਾਂ ਚਾਹੁੰਦਾ ਹਾਂ। ਮੈਂ ਪੱਕਾ ਅਤੇ ਪੂਰਨ ਸਿੱਖ ਹਾਂ। ਮੋਹ-ਮੰਮਤਾ ਵਿਚ ਆਕੇ ਮੇਰੀ ਮਾਂ ਝੂਠ ਬੋਲ ਰਹੀ ਹੈ।

ਨਾਂ ਮੈਂ ਉਸਦਾ ਪੂੰਗੜਾ ਨਾਂ ਉਹ ਮੇਰੀ ਮਾਤਾ

ਮੋਹ ਮੰਮਤਾ ਨੇ ਘੇਰਿਆ ਉਸਨੂੰ ਧਰਮ ਨਾਂ ਉਸਨੇ ਜਾਤਾ

ਇਹ ਸੁਣ ਕੇ ਸਾਰੇ ਹਾਕਮ ਹੈਰਾਨ ਰਹਿ ਗਏ। ਉਸਨੂੰ ਬਹੁਤ ਪਰੇਮ ਦਿਲਾਸੇ ਵੀ ਦਿੱਤੇ ਗਏ ਲੇਕਿਨ ਬਾਲ ਮਾਧੋ ਸਿੰਘ ਟੱਸ ਤੋਂ ਮੱਸ ਨਹੀਂ ਹੋਇਆ ਤੇ ਜੱਲਾਦ ਦੇ ਸਾਹਮਣੇ ਜਾ ਕੇ ਗਰਦਨ ਝੁਕਾ ਦਿੱਤੀ। ਇਸ ਤਰਾ੍ਹ ਇਹ ਬਾਲ ਮਾਧੋ ਸਿੰਘ ਆਪਣੇ ਗੁਰੁ ਦੀ ਸਿੱਖੀ ਲਈ ਕੁਰਬਾਨ ਹੋ ਗਿਆ, ਅਤੇ ਆਪਣੇ ਧਰਮ ਅਤੇ ਕੌਮ ਦਾ ਨਾਮ ਰੌਸ਼ਨ ਕਰ ਗਿਆ। ਆਉ ਅਸੀਂ ਵੀ ਆਪਣੀ ਕੌਮ ਅਤੇ ਧਰਮ ਲਈ ਪੱਕੇ ਹੋਈਏ।

ਗੁਰਦੇਵ ਸਿੰਘ ਰੂਪਰਾਏ  ਦਿੱਲੀ

Leave a Reply

Your email address will not be published. Required fields are marked *