ਰਾਮਗੜੀਆ ਬੁੰਗਾ ਸ੍ਰੀ: ਨਨਕਾਣਾ ਸਾਹਿਬ ( ਪਾਕਿਸਤਾਨ )
ਰਾਮਗੜ੍ਹੀਆ ਕੌਮ ਮੁੱਢ ਤੋਂ ਹੀ ਬੜੀ ਸੂਝਵਾਨ, ਜੁਝਾਰੂ ਤੇ ਦੂਰ ਅੰਦੇਸ਼ ਰਹੀ ਹੈ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਪਾਏ ਹੋਏ ਪੂਰਨਿਆਂ ਤੇ ਚਲਦੇ ਹੋਏ, ਵੀਹਵੀਂ ਸਦੀ ਦੇ ਸ਼ੁਰੂ ਵਿਚ ਰਾਮਗੜ੍ਹੀਆਂ ਨੇ ਆਪਣੀਆਂ ਜਥੇਬੰਦੀਆਂ ਤੇ ਸਭਾ ਕਾਇਮ ਕਰਨੀਆਂ ਸ਼ੁਰੂ ਕੀਤੀਆਂ। ਜਿਸਦਾ ਖਾਸ ਮੱਕਸਦ ਸੀ ਕੌਮ ਦੇ ਵਿਚ ਸੁਧਾਰ ਤੇ ਉਨਤੀ ਲਈ ਸੁਝਾਅ ਪੇਸ਼ ਕਰਨੇ। ਕੌਮ ਦੀ ਹਰ ਔਕੜ ਦਾ ਹੱਲ ਲੱਭਣਾ। ਕੌਮ ਦੀ ਲੋੜ ਅਨੁਸਾਰ ਮੱਦਦ ਕਰਨੀ। ਇਸੇ ਸਿਲਸਿਲੇ ਦਾ ਇਕ ਹਿੱਸਾ ਸੀ, ਗੁਰੁ ਸਾਹਿਬ ਦੇ ਗੁਰਦਵਾਰਿਆਂ ਦੇ ਦਰਸ਼ਨਾਂ ਨੂੰ ਆਏ ਅਪਣੇ ਸਿੱਖ ਯਾਤਰੀਆਂ ਲਈ ਰਿਹਾਇਸ਼ ਦਾ ਯੋਗ ਪ੍ਰਬੰਧ ਕਰਨਾ। ਖਾਸ ਕਰਕੇ ਸੀ੍ਰ ਨਨਕਾਣਾ ਸਾਹਿਬ, ਮੁਕਤਸਰ ਸਾਹਿਬ ਅਤੇ ਸੀ੍ਰ ਹਜੂਰ ਸਾਹਿਬ ( ਨੰਦੇੜ ) ਆਦੀ ਧਾਰਮਿਕ ਅਸਥਾਨ ਜਿਥੇ ਸਿੱਖ ਸ਼ਰਧਾਲੂ ਜਿਆਦਾ ਜਾਂਦੇ ਸਨ। ਰਾਮਗੜ੍ਹੀਆਂ ਨੇ ਹਿੰਮਤ ਕਰਕੇ ਇਨਾਂ ਅਸਥਾਨਾ ਤੇ ਰਾਮਗੜ੍ਹੀਆ ਬੁੰਗੇ ਬਨਾਉਣ ਲਈ ਇਨਾਂ ਸ਼ਹਿਰਾਂ ਵਿਚ ਰਾਮਗੜ੍ਹੀਆ ਸਭਾ ਬਣਾਈਆਂ ਤੇ ਰਾਮਗੜ੍ਹੀਆ ਸਭਾ ਸ਼ਿਮਲਾ ਨੇ ਇਨਾਂ ਨੂੰ ਪ੍ਰੇਰਿਆ, ਕੇ ਬੁੰਗੇ ਤਿਆਰ ਕਰੋ, ਇਹ ਇਕ ਸ਼ੁਰੂਆਤ ਸੀ। ਬਹੁਤ ਜਿਆਦਾ ਜਾਣਕਾਰੀ ਤਾਂ ਇਸ ਬਾਬਤ ਮੌਜੂਦ ਨਹੀਂ ਹੈ ਪ੍ਰੰਤੂ ਫਿਰ ਵੀ ਜੋ ਹੈ, ਉਹ ਕਾਫੀ ਹੈ।
ਨਵੰਬਰ 1933 ਵਿਚ “ਕੌਮੀ ਰਸਾਲਾ ਪਰਭਾਤ ਅੰਮ੍ਰਿਤਸਰ” ਵਿਚ ਇਕ ਖਬਰ ਛਪੀ ਜਿਸਨੇ ਸੱਭ ਅੰਦਰ ਇਕ ਉਤਸ਼ਾਹ ਭਰ ਦਿੱਤਾ, ਕਿ ਰਾਮਗੜ੍ਹੀਆ ਸਭਾ ਬਾਰ ਨਨਕਾਣਾ ਸਾਹਿਬ ਵਲੋਂ, ਗੁਰਦਵਾਰਾ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੀ ਸੜਕ ਦੇ ਉੱਪਰ ਰੁ: 1700/- ਦੀ ਲਾਗਤ ਨਾਲ ਦੋ ਕਨਾਲ ਜਮੀਨ ਬੁੰਗੇ ਵਾਸਤੇ ਖਰੀਦ ਲਈ ਹੈ। ਫਿਰ ਇਕ ਸਾਲ ਤੋਂ ਵੱਧ ਸਮਾ ਇਥੇ ਦਿਵਾਨ ਲਗਦੇ ਰਹੇ ਤੇ ਲੰਗਰ ਚਲਦੇ ਰਹੇ ਤੇ ਬੁੰਗੇ ਲਈ ਉਗਰਾਹੀ ਵੀ ਹੁੰਦੀ ਰਹੀ।
ਰਾਮਗੜ੍ਹੀਆ ਵਿਹਾਰ ਸੁਧਾਰ ਸਭਾ ਲਾਹੌਰ ਦੇ ੳਪਰਾਲੇ ਨਾਲ ਇਸੇ ਜਮੀਨ ਦੇ ਪਿਛੇ ਪਈ ਹੋਰ ਦੋ ਕਨਾਲ ਜਮੀਨ ਖਰੀਦਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਅਕਤੂਬਰ 1935 ਵਿਚ ਰਾਮਗੜੀ੍ਆ ਗੱਜਟ ਸ਼ਿਮਲਾ ਵਲੋਂ ਇਹ ਖਬਰ ਦਿੱਤੀ ਗਈ ਕਿ ਬੁੰਗੇ ਦੀ ਇਮਾਰਤ ਦਾ ਕੰਮ ਅਰੰਭ ਹੋ ਗਿਆ ਹੈ, ਕੌਮ ਨੂੰ ਇਸਦੀ ਬਹੁਤ ਬਹੁਤ ਵਧਾਈ ਹੋਵੇ। ਇਸਦੇ ਨਾਲ ਹੀ ਹੋਰ ਮਾਇਆ ਇਕੱਠੀ ਕਰਨ ਲਈ ਅਪੀਲ ਵੀ ਕੀਤੀ ਗਈ। ਘੱਟ ਤੋਂ ਘੱਟ ਰੁ: 4000/- ਦੀ ਫੌਰੀ ਤੋਰ ਤੇ ਜਰੂਰਤ ਦੱਸੀ ਗਈ। ਇਹ ਅਪੀਲ ਸ੍ਰ: ਕਪੂਰ ਸਿੰਘ ਸਕੱਤ੍ਰ , “ਰਾਮਗੜੀ੍ਆ ਸਭਾ ਬਾਰ” ( ਜਿਲਾ ਸ਼ੇਖੁਪੁਰਾ ਤੇ ਗੁਜਰਾਂਵਾਲਾ ) ਵਲੋਂ ਕੀਤੀ ਗਈ।
ਕਿਸੇ ਕਵੀ ਨੇ ਬਹੁਤ ਹੀ ਸ਼ਾਨਦਾਰ ਸੱਤਰਾਂ ਇਸ ਬਾਬਤ ਲਿਖੀਆਂ ਹਨ।
“ ਵੇਖੋ ਆ ਗਿਆ ਏ ਕੌਮੀ ਸੱਦਾ ਪੱਤਰ, ਨਾਲ ਖੁਸ਼ੀ ਦੇ ਪੜੋ ਪੜਾਉ ਸਾਰੇ।
ਆਉ ਦੇਰ ਨ ਲਾਉ ਮੈਦਾਨ ਅੰਦਰ, ਤਨੋ ਮਨੋ ਮਿਲ ਸੇਵ ਕਮਾਉ ਸਾਰੇ।
ਮਾਯਾ ਕਰੋ ਕੱਠੀ ਇਕੇ ਵੇਰ ਵੀਰੋ, ਹਰ ਸਾਲ ਦੇ ਖਰਚ ਹਟਾਉ ਸਾਰੇ।
ਬੜੇ ਚਿਰਾਂ ਦੀ ਸੇਵ ਕਮਾਂਦਿਆਂ ਦਾ, ਸਿੱਟਾ ਕੱਢ ਕੇ ਅੱਜ ਵਿਖਾਉ ਸਾਰੇ।
ਵਿਚ ਸ਼ਹਿਰ ਨਨਕਾਣੇ ਦੇ ਲਾਉ ਰੌਣਕ, ਸ਼ਾਨਦਾਰ ਇਕ ਬੁੰਗਾ ਬਣਾਉ ਸਾਰੇ।
ਸੌ ਪੰਜਾਹ ਪੰਜੀ, ਦੱਸ ਪੰਜ ਜਿੰਨੇ, ਜਿੰਨੇ ਪੁੱਜਦੇ ਗੱਫੇ ਪੁਚਾਉ ਸਾਰੇ।
ਜਦੋਂ ਜਾਵਾਂਗੇ ਗੁਰਾਂ ਦੇ ਦਰਸ਼ਨਾਂ ਨੂੰ, ਸਾਡੇ ਸੁਖਾਂ ਦਾ ਹੋਸੀ ਸਮਾਨ ਬੁੰਗਾ।
ਰਾਮਗੜੀ੍ਆਂ ਦੀ ਉੱਚੀ ਸ਼ਾਨ ਵਾਲਾ, ਹੋਸੀ ਜਗਾ੍ਹ ਤੇ ਉਚ ਨਿਸ਼ਾਨ ਬੁੰਗਾ”।
ਉਮੀਦ ਹੈ ਜਦੋਂ ਇਹ ਬੁੰਗਾ ਬਣ ਕੇ ਕੌਮ ਨੂੰ ਅਰਪਣ ਹੋਇਆ ਹੋਵੇਗਾ ਤਾਂ ਸੰਗਤ ਨੂੰ ਕਿਤਨਾਂ ਸੁਖ ਪ੍ਰਾਪਤ ਹੋਇਆ ਹੋਵੇਗਾ। ਧੰਨ ਹਨ ਉਹ ਸਿੱਖ ਸੂਰਮੇ ਸੇਵਾਦਾਰ ਜੋ ਕੌਮ ਦਾ ਭਲਾ ਸੋਚਦੇ ਹਨ। ਕੌਮ ਲਈ ਤਨ ਮਨ ਤੇ ਧਨ ਨਾਲ ਸੇਵਾ ਕਰਨ ਲਈ ਤੱਤਪਰ ਰਹਿੰਦੇ ਹਨ।
ਗੁਰਦੇਵ ਸਿੰਘ ਰੂਪਰਾਏ (ਦਿੱਲੀ)
ਜਿੰਨੀ ਵੀ ਜਾਣਕਾਰੀ ਆਪ ਜੀ ਨੇ ਸਾਂਝੀ ਕੀਤੀ ਹੈ। ਗੁਣਕਾਰੀ ਹੈ।
ਧੰਨਵਾਦ ਜੀ!