ਕਿਰਤੀ ਭਰਾਵੋ ਸਿਰ ਉੱਚਾ ਕਰਕੇ ਜੀੳ।
ਸੰਸਾਰ ਦੇ ਇਤਿਹਾਸ ਵੱਲ ਨਜਰ ਮਾਰੀਏ, ਤਾਂ ਪੱਥਰ ਯੁਗ ਤੋਂ ਲੈ ਕੇ ਅੱਜ ਤੱਕ ਦੀ ਤਕਨੀਕੀ ਤਰੱਕੀ, ਭਾਵੇਂ ਕਿਸੇ ਵੀ ਖੇਤਰ ਵਿਚ ਹੋਵੇ ਉਹ ਕਾਸ਼ਤਕਾਰਾਂ ਜਾਂ ਕਿਰਤੀਆਂ ਤੋਂ ਬਗੈਰ ਸੰਭਵ ਹੀ ਨਹੀਂ ਹੋ ਸਕੀ। ਖੇਤੀਬਾੜੀ ਕਰਨੀ ਹੋਵੇ ਤਾਂ ਉਸ ਵਾਸਤੇ ਖੇਤੀ ਦੇ ਔਜਾਰ, ਧਾਤੂ ਦਾ ਕੰਮ ਕਰਨਾ ਹੋਵੇ ਤਾਂ ਉਸ ਲਈ ਔਜਾਰ, ਇਮਾਰਤੀ ਉਸਾਰੀ ( ਰਾਜਗਿਰੀ ) ਲਈ ਜਰੂਰੀ ਸੰਦ, ਸੁਨਿਆਰਾ ਕੰਮ, ਲੋਹਾਰਾ, ਤਰਖਾਣਾ ਦਾ ਕੰੰਮ, ਬਰਤਨ ਬਨਾਉਣਾ, ਕੱਪੜਾ ਬੁਨਣਾ, ਸੂਤ ਕੱਤਣਾ ਚਮੜੇ ਦਾ ਕੰਮ, ਬੁੱਤ ਤਰਾਸ਼ੀ, ਚਿੱਤਰ ਕਲਾ ਆਦੀ ਹਰ ਖੇਤਰ ਵਿਚ ਉਸਦੇ ਮਾਹਰ ਕੰਮ ਕਰਨ ਵਾਲੇ ਕਾਸ਼ਤਕਾਰ ਸਮਾਜ ਦੀ ਤਰੱਕੀ ਦਾ ਇਕ ਅਨਿਖੜਵਾਂ ਅੰਗ ਹਨ।ਜਰਾ ਸੋਚ ਕੇ ਦੇਖੀਏ ਕਿ ਅਗਰ ਕਾਸ਼ਤਕਾਰ ( ਕਿਰਤੀ ) ਨਾ ਹੁੰਦੇ ਤਾਂ ਅੱਜ ਮਨੁੱਖਤਾ ਦਾ ਸਰੂਪ ਕੀ ਹੁੰਦਾ।ਜੀਵਨ ਨਿਰਵਾਹ ਕਰਨ ਲਈ ਅਨਾਜ ਇਕ ਸੱਭ ਤੋਂ ਬੁਨਿਆਦੀ ਜਰੂਰਤ ਹੈ , ਉਹ ਵੀ ਖੇਤੀ ਦੇ ਔਜਾਰਾਂ ਬਗੈਰ ਸੰਭਵ ਨਹੀਂ ਸੀ ਹੋ ਸਕਦੀ।ਇਹ ਤਰੱਕੀ ਵੀ ਕੋਈ ਇਕ ਦਿਨ ਵਿਚ ਨਹੀਂ ਹੋਈ, ਬਲਕਿ ਸਾਧਨ ਅਤੇ ਸੋਚ ਵਿਚ ਧੀਮੀ ਗਤੀ ਨਾਲ ਤਬਦੀਲੀ ਹੋਈ ਜਿਸਨੂੰ ਹਜਾਰਾਂ ਸਾਲ ਲੱਗ ਗਏ।

ਜਿਵੇਂ ਕਿ 30,000-3,000 BCE. , ਮਨੁੱਖ ਪੱਥਰ ਯੁਗ ਵਿਚ ਰਿਹਾ। ਕਾਸ਼ਤਕਾਰੀ ਤਰੱਕੀ ਹੋਈ ਪਰ ਬਹੁਤ ਹੌਲੀ।ਫਿਰ ਸਾਧਨ ਤੇ ਸੋਚ ਹੋਰ ਤਰੱਕੀ ਕਰ ਗਈ, ਕਾਸ਼ਤਕਾਰੀ ਦਾ ਨਵਾਂ ਤੇ ਉੱਤਮ ਰੂਪ ਸਿੰਧੂ ਘਾਟੀ ਦੇ ਆਸ ਪਾਸ, ਹੜੱਪਾ ਅਤੇ ਮਹਿੰਜੋਦਾੜੋ ਵਰਗੇ ਸ਼ਹਿਰਾਂ ਵਿਚ ਦਿਖਾਈ ਦਿੱਤਾ। ਇਮਾਰਤਾਂ ਵਿਚ ਪੱਥਰ ਤੋਂ ਮਿੱਟੀ, ਅਤੇ ਮਿੱਟੀ ਤੋਂ ਪਕਾਈਆਂ ਹੋਈਆਂ ਇੱਟਾਂ ਦਾ ਇਸਤੇਮਾਲ 2,600 BCE. ਵਿਚ ਦੇਖਣ ਨੂੰ ਮਿਲਦਾ ਹੈ।ਪੱਥਰ ਯੁਗ ਚੋਂ ਨਿਕਲ ਕੇ 2,100 – 1,200 BCE. ਮਨੁੱਖ ਕਾਂਸੇ ਦੇ ਯੁੱਗ ਵਿਚ ਦਾਖਲ ਹੋਇਆ। 1,200-600 BCE. ਤੱਕ ਲੋਹੇ ਦੀ ਖੋਜ ਵੀ ਕਰ ਲਈ ਗਈ।ਵੱਡੀਆਂ ਇਮਾਰਤਾਂ ਤੋਂ ਲੈ ਕੇ ਛੋਟੇ ਬਰਤਨ ਜਾਂ ਖਿਲੌਣਿਆਂ ਤੱਕ ਸੱਭ ਦੇ ਵਿਚ ਨਵਾਂ ਰੂਪ ਦਿਸਣ ਲੱਗਾ। ਇਸ ਤਰੱਕੀ ਵਿਚ ਸਿਰਫ ਤੇ ਸਿਰਫ ਕਾਸ਼ਤਕਾਰਾਂ-ਕਿਰਤੀਆਂ ਦਾ ਹੀ ਯੋਗਦਾਨ ਰਿਹਾ।

ਪਹਿਲੇ ਪਹਿਲ ਸਿਰਫ ਕਿੱਤੇ ਦੇ ਆਧਾਰ ਤੇ ਹੀ ਇਕ ਦੂਜੇ ਨੂੰ ਜਾਣਿਆ ਜਾਂਦਾ ਸੀ। ਸ਼ੁਰੂਆਤੀ ਸਮੇਂ ਵਿਚ ਆਰੀਅਨ ਲੋਕ ਮੁਖ ਤਿੰਨ ਭਾਗਾਂ ਵਿਚ ਸਮਾਜ ਨੂੰ ਵੰਡਦੇ ਸਨ। ਬੰਦੋਬਸਤ (ਰਾਜਭਾਗ) ਕਰਨ ਵਾਲੇ, ਕਿਰਤੀ ਲੋਗ ਜੋ ਸਭਿਅਤਾ ਅਤੇ ਮਨੁੱਖਤਾ ਲਈ ਸਾਮਾਨ ਤੇ ਸਾਧਨ ਤਿਆਰ ਕਰਦੇ ਸਨ ਤੇ ਤੀਸਰੇ ਰੱਖਿਆ ਕਰਨ ਵਾਲੇ। ਹੋਰ ਕੋਈ ਜਾਤ ਪਾਤ ਦਾ ਵਿਤਕਰਾ ਨਹੀਂ ਸੀ। ਇਤਨਾ ਵੱਡਾ ਯੋਗਦਾਨ ਸਮਾਜ ਪ੍ਰਤੀ ਹੋਣ ਦੇ ਬਾਵਜੂਦ ਫਿਰ ਕਾਸ਼ਤਕਾਰ ਕਿਰਤੀ ਸੱਭ ਤੋਂ ਪਿੱਛੇ ਕਿਸ ਤਰਾਂ ਰਹਿ ਗਏ।

ਇਸਦੀ ਸ਼ੁਰੂਆਤ ਮੰਨੂ ਦੇ ਸਮੇਂ ਤੋਂ ਹੋਈ। ਮੰਨੂ ਦੇ ਸਮੇਂ ਸਮਾਜ ਦੇ ਢਾਂਚੇ ਨੂੰ ਨਵੀਂ ਤਰਤੀਬ ਦੇ ਕੇ ਸੱਭ ਨੂੰ ਚਾਰ ਜਾਤਾਂ ਵਿਚ ਵੰਡ ਦਿੱਤਾ ਗਿਆ। ਬ੍ਰਾਹਮਣ, ਛੱਤ੍ਰੀ, ਵੈਸ਼ ਤੇ ਸ਼ੂਦਰ। ਇਸ ਵੰਡ ਨੇ ਜਾਤੀ ਪ੍ਰੱਥਾ ਨੂੰ ਜਨਮ ਦਿੱਤਾ ਅਤੇ ਆਪਸੀ ਭੇਦ ਭਾਵ ਸ਼ੁਰੂ ਹੋ ਗਿਆ ਜੋ ਅੱਜ ਤੱਕ ਚਲ ਰਿਹਾ ਹੈ। ਬ੍ਰਾਹਮਣਾਂ ਨੂੰ ਸੱਭ ਤੋਂ ਉੱਤਮ ਮਿਥਿਆ ਗਿਆ ਕਿਰਤੀ ( ਸ਼ਿਲਪੀ ) ਵੀ ਇਸੇ ਵਿਚ ਸ਼ਾਮਲ ਸਨ, ਕਸ਼ੱਤ੍ਰੀ ਯੋਧੇ, ਵੈਸ਼ ਵਪਾਰ ਕਰਨ ਵਾਲੇ ਅਤੇ ਬਾਕੀ ਸੱਭ ਨੂੰ ਅਖੀਰਲੀ ਜਾਤੀ ਵਿਚ ਮਿਥਿਆ ਗਿਆ।
ਹਿੰਦੂ ਗ੍ਰੰਥਾਂ ਦੇ ਮੁਤਾਬਿਕ ਪਹਿਲਾਂ ਪ੍ਰਿਥਵੀ ਤੇ ਅੱਠ ਰਾਜੇ ਹੋਏ ਜੋ ਵਸੂ ਕਹਿਲਾਂਦੇ ਸਨ। ਅਗੇ ਚਲ ਕੇ ਇਨਾਂ ਵਿਚ 18 ਰਿਸ਼ੀ ਹੋਏ ਜੋ ਸ਼ਿਲਪੀ ਕਹਿਲਾਏ ਉਹ ਸਾਰੇ ਹੀ ਬ੍ਰਾਹਮਣ ਸਨ। ਇਹ ਉਸ ਸਮੇ ਦੇ ਬਹੁੱਤ ਵੱਡੇ ਇੰਜਿਨੀਅਰ ਹੋਏ। ਇਨਾਂ ਨੇ ਆਪਣੇ ਹੁਨਰ ਤੇ ਸ਼ਿਲਪ ਕਲਾ ਰਾਹੀਂ ਰਾਜਾ ਤੇ ਪਰਜਾ ਲਈ ਜੀਵਨ ਨਿਰਵਾਹ ਦੇ ਸਾਧਨ ਮੁਹੱਈਆ ਕਰਵਾਏ। ਬਾਬਾ ਵਿਸ਼ਕਰਮਾਂ ਇਹਨਾਂ ਵਿਚੋਂ ਇਕ ਸਨ। ਸਮਝ ਨਹੀਂ ਆਉਂਦੀ ਕਿ ਅਸੀਂ ਬਾਕੀ 17 ਨੂੰ ਕਿਉਂ ਭੁਲ ਗਏ। ਮੈਅ ਦਾਨਵ ਵੀ ਬਾਬਾ ਵਿਸ਼ਕਰਮਾਂ ਦਾ ਸਮਕਾਲੀੇ ਅਤੇ ਬਰਾਬਰ ਦਾ ਹੀ ਸ਼ਿਲਪ ਕਲਾ ਦਾ ਮਾਹਿਰ ਸੀ ਅਤੇ ਬਾਕੀ ਸਾਰੇ 16 ਰਿਸ਼ੀ ਵੀ।
ਜਿਉਂ ਜਿਉਂ ਸਮਾਂ ਬੀਤਿਆ ਬ੍ਰਾਹਮਣ ਆਪਣੇ ਆਪ ਨੂੰ ਵਿਦਿਆ ਪ੍ਰਾਪਤੀ ਦੇ ਹੱਕਦਾਰ ਸਮਝਣ ਲੱਗੇ ਤੇ ਬਾਕੀ ਸੱਭ ਨੂੰ ਇਸਦੀ ਮਨਾਹੀਂ ਕਰ ਦਿੱਤੀ ਤੇ ਬਾਕੀ ਜਾਤਾਂ ਨੂੰ ਆਪਣੇ ਸੇਵਕ ਸਮਝਣ ਲੱਗ ਪਏ।।ਅੱਗੇ ਚਲ ਕੇ ਜਮੀਂਦਾਰਾਂ ਨੇ ਵੀ ਇਹੋ ਤਰੀਕਾ ਅਪਣਾ ਲਿਆ, ਜਿਸਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ। ਕਿਸੇ ਵੀ ਕੌਮ ਦੀ ਤਰੱਕੀ ਬਾਰੇ ਪੂਰਾ ਪਤਾ ਉਸਦੇ ਇਤਿਹਾਸ ਜਾਂ ਵਿਰਾਸਤਾਂ ਤੋਂ ਲੱਗਦਾ ਹੈ। ਦੁੱਖ ਦੀ ਗੱਲ ਹੈ ਕਿ ਇਹਨਾਂ ਦੋਨਾਂ ਹੀ ਚੀਜਾਂ ਨੂੰ ਅਹਿਸਤਾ ਅਹਿਸਤਾ ਖਤਮ ਕੀਤਾ ਜਾ ਰਿਹਾ ਹੈ।
ਵਿਸ਼ਨੂ ਪੁਰਾਣ ਦੇ ਅੰਸ 1 ਅਧਿਆਏ 15 ਸ਼ਲੋਕ 18-21 ਤੱਕ ਇਨਾਂ ਰਿਸ਼ੀਆਂ ਅਤੇ ਬਾਬਾ ਵਿਸ਼ਕਰਮਾਂ ਦੇ ਕੰਮਾਂ ਬਾਰੇ ਜਿਕਰ ਮਿਲਦਾ ਹੈ। ਇਨਾਂ ਸ਼ਲੋਕਾਂ ਵਿਚ ਵੱਖ ਵੱਖ ਕਿਤਿਆਂ ਦਾ ਅਤੇ ਉਨਾਂ ਨੂੰ ਕਰਨ ਵਾਲੇ ਰਿਸ਼ਿਆਂ ਦਾ ਵਰਨਣ ਹੈ।
ਅਗਨੀ ਪੁਰਾਣ ਵਿਚ ਜਿਕਰ ਹੈ ਕਿ ਮਹਾਂਦੇਵ ਜੀ ਨੇ ਸੁਮੇਰ ਪਰਬਤ ਤੇ ਮਨੁੱਖ ਨੂੰ ਕਾਸ਼ਤਕਾਰੀ ਅਤੇ ਸ਼ਿਲਪਕਾਰੀ ਸਿਖਾਈ।
ਤੁਲਸੀ ਰਾਮਾਇਣ ਦੇ ਸੁੰਦਰ ਕਾਂਡ ਵਿਚ ਜਿਕਰ ਹੈ ਕਿ ਨਲ ਤੇ ਨੀਲ ਨੂੰ ਪਾਣੀ ਤੇ ਪੱਥਰ ਤਰਾਣ ਦੀ ਕਲਾ ਮੈਨ ਰਿਸ਼ੀ ਤੋਂ ਪ੍ਰਾਪਤ ਹੋਈ।
ਬੰਗਾਲ ਦੇ ਇਲਾਕੇ ਵਿਚ ਬਹੁਤ ਸਾਰੇ ਕਿਰਤੀ ਕਾਸ਼ਤਕਾਰ ਅੱਜ ਵੀ ਆਪਣੇ ਨਾਮ ਨਾਲ ਸ਼ਿਲਪੀ ਲਗਾਂਦੇ ਹਨ। ਦੱਖਣ ਵਿਚ ਇਨਾਂ ਨੂੰ ਸੁਤਾਰ ਕਿਹਾ ਜਾਂਦਾ ਹੈ। ਕਿੱਤਾ ਚਾਹੇ ਕੋਈ ਵੀ ਹੋਵੇ ਇਲਾਕਾ ਕੋਈ ਵੀ ਹੋਵੇ, ਹੈਨ ਤਾਂ ਸਾਰੇ ਕਾਸ਼ਤਕਾਰ ਕਿਰਤੀ ਹੀ। ਵੱਡੇ ਵੱਡੇ ਮਹਾਂਪੁਰਸ਼ਾਂ ਨੇ ਵੀ ਇਨਾਂ ਕਿਰਤੀਆਂ ਨੂੰ ਤੇ ਕਿਰਤ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਹੈ। ਜਿਸ ਕਿੱਤੇ ਨੂੰ ਮਹਾਪੁਰਸ਼ਾਂ ਨੇ ਅਪਣਾਇਆ, ਉਹ ਕਿੱਤਾ ਤੇ ਉਸਨੂੰ ਕਰਨ ਵਾਲਾ ਛੋਟਾ ਕਿਵੇਂ ਹੋ ਸਕਦਾ ਹੈ । ਆਉ ਉਸ ਵੱਲ ਵੀ ਇਕ ਨਜਰ ਮਾਰੀਏ।
ਹਜਰਤ ਇਬਰਾਹੀਮ ਦੇ ਪਿਤਾ ਜੀ ਜਿਨਾਂ ਦਾ ਨਾਮ ਆਜਾਰ ਸੀ, ਇਕ ਮਸ਼ਹੂਰ ਬੁੱਤ ਤਰਾਸ਼ ਸਨ। ਭਾਵੇਂ ਹਜਰਤ ਇਬਰਾਹੀਮ ਜੀ ਨੇ ਬਾਦ ਵਿਚ ਬੁੱਤ ਪੂਜਾ ਦਾ ਪੁਰਜੋਰ ਵਿਰੋਧ ਕੀਤਾ।
ਜੀਸਸ ਕਰਾਈਸਟ ( ਯੀਸ਼ੂ ) ਦੇ ਪਿਤਾ ਜੋਸਫ ਇਕ ਤਰਖਾਣ ਸਨ ਅਤੇ ਯੀਸ਼ੂ ਖੁਦ ਵੀ ਕਰਿਸਚਿਐਨਿਟੀ ਦੇ ਪਰਚਾਰ ਤੋਂ ਪਹਿਲਾਂ ਪਿਤਾ ਦੇ ਨਾਲ ਤਰਖਾਣਾ ਕੰਮ ਕਰਦੇ ਰਹੇ।
ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਲਾਲੋ ਤਰਖਾਣ ਕਿਰਤੀ ਦੇ ਕੋਲ ਸੱਭ ਤੋਂ ਜਿਆਦਾ ਸਮਾਂ ਰਹੇ। ਗੁਰੁ ਜੀ ਉਸਦੀ ਦੱਸਾਂ ਨੌਹਾਂ ਦੀ ਕਿਰਤ, ਇਮਾਨਦਾਰੀ ਅਤੇ ਪ੍ਰਮਾਤਮਾ ਪ੍ਰੇਮ ਤੋਂ ਪ੍ਰਭਾਵਿਤ ਸਨ।

ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਭਾਈ ਗੁੱਜਰ ਲੁਹਾਰ ਅਤੇ ਭਾਈ ਬੂਲਾ ( ਪਿੰਡ ਭਰੋਆਲ ) ਤਰਖਾਣ ਨੂੰ ਗੁਰੂ ਦੇ ਲੰਗਰ ਵਿਚ ਸੇਵਾ ਬਕਸ਼ੀ।
ਗੁਰੂ ਅਮਰਦਾਸ ਜੀ ਨੇ ਕਿਰਤੀਆਂ ਨੂੰ ਮਾਣ ਦੇਣ ਦੇ ਆਸ਼ੇ ਨਾਲ ਭਾਈ ਸੁਖੀਆ ਜੀ ( ਵਾਸੀ ਕਾਂਗੜਾ ) ਨੂੰ ਗੁਰੂ ਕੇ ਲੰਗਰ ਦੀ ਸੇਵਾ ਅਤੇ ਪਰਚਾਰ ਲਈ ਮੰਜੀ ਬਕਸ਼ੀ।
ਗੁਰੂ ਰਾਮਦਾਸ ਜੀ ਨੇ ਸੰਗਤ ਦੇ ਵਾਧੇ ਦੇ ਨਾਲ ਨਾਲ ਲੰਗਰ ਨੂੰ ਵਧਾਉਣ ਲਈ ਦੂਰ ਦੁਰਾਡੇ ਪਿੰਡਾਂ ਤੋਂ ਉਗਰਾਹੀ ਅਤੇ ਰਸਤ ਇਕੱਠੀ ਕਰਨ ਲਈ ਭਾਈ ਆਲਮ ਜੀ ਕਿਰਤੀ ਨੂੰ ਜੁੰਮੇਵਾਰੀ ਬਕਸ਼ੀ।
ਟਰੈਵਲਸ ਆਫ ਮਿ: ਸਟਰੀਮ ਦੇ ਅਨੂਸਾਰ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਿਰ ਸਾਹਿਬ ਦਾ ਨਕਸ਼ਾ ਖੁਦ ਤਿਆਰ ਕੀਤਾ ਸੀ।ਇਹ ਗੁਰੁ ਸਾਹਿਬ ਦੀ ਦੂਰ ਅੰਦੇਸ਼ੀ ਅਤੇ ਕਿਰਤ ਕਲਾ ਦੀ ਸੂਝ-ਬੂਝ ਦਾ ਇਕ ਨਮੂੰਨਾਂ ਹੈ ਜੋ ਆਪਣੇ ਆਪ ਵਿਚ ਇਕ ਮਿਸਾਲ ਹੈ।
ਗੁਰੂ ਹਰਗੋਬਿੰਦ ਜੀ ਨੇ ਤਾਂ ਕਿਰਤੀ ਸੇਵਕਾਂ ਨੂੰ ਬਹੁਤ ਜਿਆਦਾ ਆਦਰ ਸਤਿਕਾਰ ਦਿੱਤਾ, ਵੱਖ ਵੱਖ ਤਰਾਂ ਦੇ ਹਥਿਆਰ ਬਣਵਾਏ। ਦੂਰੋਂ ਦੂਰੋਂ ਸ਼ਸਤਰਾਂ ਦੇ ਮਾਹਿਰ ਬੁਲਵਾ ਕੇ ਸ਼ਸਤਰ ਤਿਆਰ ਕਰਵਾਏ। ਭਾਈ ਮੋਹਰੀ ਜੀ ਇਕ ਕਿਰਤੀ ਸਿੱਖ ਵਾਸੀ ਖੇਮਕਰਨ, ਨੇ ਇਕ ਤੋਪ ਤਿਆਰ ਕਰਕੇ ਗੁਰੁ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਗੁਰੁ ਗੋਬਿੰਦ ਸਿੰਘ ਜੀ ਦੇ ਸਮੇਂ ਭੰਗਾਣੀ ਦੇ ਯੁੱਧ ਵਿਚ ਭਾਈ ਰਾਮਾ ਕਿਰਤੀ ਤਰਖਾਣ ( ਵਾਸੀ ਚੰਡਾਲਗੜ ਕਾਸ਼ੀ) ਨੇ ਇਕ ਲੱਕੜੀ ਅਤੇ ਲੋਹੇ ਦੀ ਤੋਪ ਬਣਾ ਕੇ ਹਾਜਿਰ ਕੀਤੀ ਜਿਸਨੇ ਯੁੱਧ ਵਿਚ ਬਹੁਤ ਕਮਾਲ ਦਿਖਾਏ। ਬਾਦ ਵਿਚ ਉਹ ਭਾਈ ਰਾਮਾ ਅੰਮ੍ਰਿਤ ਛੱਕ ਕੇ ਭਾਈ ਰਾਮ ਸਿੰਘ ਬਣਿਆ।
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਬਾਬਾ ਹਰਦਾਸ ਸਿੰਘ ਕਿਰਤੀ ਤਰਖਾਣ ਜੋ ਹਥਿਆਰ ਬਨਾਣ ਦੇ ਮਾਹਿਰ ਵੀ ਸਨ, ਤਨੋ ਮਨੋ ਗੁਰੁ ਜੀ ਦੀ ਸੇਵਾ ਵਿਚ ਰਹਿ ਕੇ ਗੁਰੂ ਜੀ ਤੋਂ ( ਪਰਿਵਾਰ ਵਿਚ ਰਾਜੇ ਹੋਣ ਦਾ ) ਵਰ ਪ੍ਰਾਪਤ ਕੀਤਾ। ਇਨਾਂ ਦਾ ਪੋਤਰਾ ਮਹਾਰਾਜਾ ਜੱਸਾ ਸਿੰਘ ਤਰਖਾਣ ਜੋ ਬਾਦ ਵਿਚ ਰਾਮਗੜ੍ਹੀਆ ਕਹਿਲਾਇਆ, ਤੇ ਸਾਰੀਆਂ ਸਿੱਖ ਮਿਸਲਾਂ ਨਾਲੋਂ ਵੱਧ ਤਾਕਤਵਰ ਰਾਮਗੜੀਆ ਮਿਸਲ ਬਣਾਈ। ਗੁਰੂ ਕਾਲ ਤੱਕ ਆਂਦੇ ਆਂਦੇ ਬਹੁਤ ਸਾਰੇ ਲੋਕ ਇਕ ਦੂਜੇ ਦੇ ਕਿੱਤੇ ਨੂੰ ਅਪਨਾਉਣ ਲੱਗ ਪਏ। ਲੇਕਿਨ ਜਾਤ –ਪਾਤ ਦਾ ਜਹਿਰ ਖਤਮ ਨਹੀਂ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ-ਬਾਟੇ ਦਾ ਅੰਮ੍ਰਿਤ ਛਕਾ ਕੇ ਜਾਤ-ਪਾਤ ਦਾ ਖਾਤਮਾ ਕੀਤਾ, ਲੇਕਿਨ ਅੱਜ ਵੀ ਅਸੀਂ ਉਸੇ ਦਲ ਦਲ ਵਿਚ ਫਸੇ ਹੋਏ ਹਾਂ। ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਸਾਰੇ ਹੀ ਕਿਰਤੀ ਹਨ। ਭਾਵੇਂ ਉਹ ਖੇਤੀਬਾੜੀ ਹੋਵੇ, ਲੁਹਾਰਾ-ਤਰਖਾਣਾਂ ਕੰਮ ਹੋਵੇ, ਰਾਜਗਿਰੀ ਜਾਂ ਬਰਤਨ ਬਨਾਣ ਵਾਲੇ ਹੋਣ ਸੱਭ ਕਾਸ਼ਤਕਾਰ ਹੀ ਹਨ।
ਸਾਡੇ ਵਾਸਤੇ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਜਿਸ ਕਿਰਤ ਨੂੰ , ਜਿਸ ਕਿਰਤੀ ਕੌਮ ਨੂੰ ਮਹਾਂਪੁਰਸ਼ਾਂ ਨੇ ਇਤਨਾ ਮਾਣ ਸਤਿਕਾਰ ਦਿੱਤਾ ਹੋਵੇ ਜਿਸ ਕੌਮ ਦੀ ਮਨੁੱਖਤਾ ਨੂੰ ਇਤਨੀ ਵੱਡੀ ਦੇਣ ਹੋਵੇ, ਜਿਸ ਕੌਮ ਨੇ ਇਤਨੇ ਵੱਡੇ ਯੋਧੇ ਸੂਰਬੀਰ ਸ਼ਹੀਦ ਦੇਸ਼ ਨੂੰ ਦਿੱਤੇ ਹੋਣ , ਉਸ ਕਿਰਤੀ ਕੌਮ ਨੂੰ ਤਾਂ ਸੱਭ ਦਾ ਸਿਰਮੌਰ ਹੋਣਾ ਚਾਹੀਦਾ ਹੈ।
ਮੰਨੂ ਦੀਆਂ ਬਣਾਈਆਂ ਜਾਤਾਂ, ਬ੍ਰਾਹਮਣਵਾਦ, ਊਚ ਨੀਚ ਦੇ ਭੇਦ ਭਾਵ, ਅੰਗਰੇਜਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ, ਪੰਜਾਬ ਦੀਆਂ ਕੁਝ ਲਹਿਰਾਂ ਦੀ ਖੁਦਗਰਜੀ ਅਤੇ ਲਾਲਚ ਨੇ ਇਸ ਸੱਭ ਤੋਂ ਵੱਧ ਸਤਿਕਾਰਣ ਵਾਲੀ ਕੌਮ ਨੂੰ ਮਿਲ ਕੇ ਪਿੱਛੇ ਧੱਕ ਦਿੱਤਾ ਅਤੇ ਆਪਣੇ ਆਪ ਨੂੰ ਉੱਚੀ ਜਾਤ ਸਮਝਣ ਲੱਗ ਪਈਆਂ । ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਅੰਗਰੇਜਾਂ ਦਵਾਰਾ ਸੰਨ 1900 ਵਿਚ ਬਣਾਏ ਜਮੀਨੀ ਬੰਦੋਬਸਤ ਦੇ ਨਵੇਂ ਕਨੂੰਨ ( Land Alienation Act) ਨੇ, ਜਿਸ ਨਾਲ ਤਕਰੀਬਨ ਸਾਰੇ ਹੀ ਕਾਸ਼ਤਕਾਰ ( ਜਮੀਂਦਾਰੀ ਨੂੰ ਛੱਡ ਕੇ) ਜਮੀਨਾਂ ਤੋਂ ਹੀਣ ਕਰ ਦਿੱਤੇ ਗਏ। ਕਿਰਤੀਆਂ ਨੂੰ ਗੈਰ ਕਾਸ਼ਤਕਾਰ ਐਲਾਨ ਦਿੱਤਾ ਗਿਆ। ਇਸਤੇ ਸਾਰੇ ਕਾਸ਼ਤਕਾਰ ਭਰਾਵਾਂ ਨੇ ਰਲ ਕੇ ਕਈ ਸਾਲਾਂ ਤੱਕ ਜੱਦੋ ਜਹਿਦ ਕੀਤੀ ਤੇ ਇਸ ਕਨੂੰਨ ਨੂੰ ਖਾਰਿਜ ਕਰਵਾਇਆ।
ਅੱਜ ਲੋੜ ਹੈ ਸਾਨੂੰ ਕਿਰਤੀਆਂ ਨੂੰ, ਕਾਸ਼ਤਕਾਰਾਂ ਨੂੰ, ਸਿਰ ਉੱਚਾ ਕਰਕੇ ਜਿਊਣ ਦੀ। ਯਾਦ ਰਹੇ ਇਤਿਹਾਸ ਗਵਾਹ ਹੈ ਇਹ ਕਿਰਤੀ ਕੌਮ ਉਨਾਂ ਸੱਭ ਕੌਮਾਂ ਦੇ ਬਰਾਬਰ ਹੈ ਜੋ ਆਪਣੇ ਆਪ ਨੂੰ ਸੱਭ ਤੋਂ ਉੱਚਾ ਮਨਦੇ ਹਨ। ਨਾਂ ਭੁਲੋ ਕਿ ਜਿਸ ਕੌਮ ਨੂੰ, ਜਿਸ ਕਿਰਤ ਨੂੰ, ਕਾਸ਼ਤਕਾਰਾਂ ਨੂੰ, ਨੀਵੀਂ ਜਾਤੀ ਜਾਂ ਪਿਛੜੇ ਹੋਏ ਕਹਿ ਕੇ ਨਿਰਾਦਰ ਕੀਤਾ ਜਾਂਦਾ ਹੈ ਉਸੇ ਕਿਰਤ ਨੂੰ ਉਨਾਂ ਹੀ ਕੌਮਾਂ ਦੇ ਬੱਚੇ ਰੋਜਗਾਰ ਤੇ ਕਾਰੋਬਾਰ ਦੇ ਰੂਪ ਵਿਚ ਅਪਣਾ ਰਹੇ ਹਨ।
ਗੁਰਦੇਵ ਸਿੰਘ ਰੂਪਰਾਏ ਦਿੱਲੀ