ਜਰਾ…… ਸੋਚੋ
ਅੱਜ ਮੇਰੇ ਇਕ ਦੋਸਤ ਨੇ ਕੁਝ ਐਸੇ ਸਵਾਲ ਕੀਤੇ ਕਿ ਸੁਣ ਕੇ ਬੜਾ ਅਜੀਬ ਲੱਗਿਆ, ਪਰ ਸੁਣ ਕੇ ਦਿਲ ਅਤੇ ਦਿਮਾਗ ਸੋਚਣ ਲਈ ਮਜਬੂਰ ਹੋ ਗਏ। ਸੋਚਿਆ ਕਿਉਂ ਨਾ ਇਸ ਬਾਰੇ ਵੀ ਕੁਝ ਲਿੱਖਿਆ ਜਾਵੇ। ਸਵਾਲ ਸਾਡੀ ਬਦਲ ਰਹੀ ਸੋਚ ਤੇ ਆਪਸੀ ਭੇਦ ਭਾਵ ਉੱਪਰ ਸਨ।
ਆਉ ਆਪਾਂ ਵੀ ਆਪਣੇ ਪਿਛੋਕੜ ਤੇ ਵਿਚਾਰ ਕਰੀਏ ਤੇ ਕੁਝ ਸਿੱਖੀਏ।
ਮੇਰਾ ਮਕਸੱਦ ਕਿਸੇ ਦਾ ਦਿੱਲ ਦੁਖਾਉਣਾਂ ਨਹੀਂ ਸਿਰਫ ਜਾਗਰਤੀ ਪੈਦਾ ਕਰਨਾ ਹੈ ।
ਬੱਚਪਨ ਵਿਚ ਇਕ ਕਹਾਣਾਂ ਸੁਣਦੇ ਸੀ ਕਿ ” ਜੇ ਸਿੱਖ ਨੂੰ ਸਿੱਖ ਨਾਂ ਮਾਰੇ ਤਾਂ ਕੌਮ ਕਦੇ ਨਾਂ ਹਾਰੇ”। ਪਰ ਹੁਣ ਗੱਲ ਇਕੱਲੇ ਸਿੱਖਾਂ ਦੀ ਨਹੀਂ ਬਲਕਿ ਪੂਰੇ ਦੇਸ਼ ਵਾਸੀਆਂ ਨਾਲ ਸਬੰਧਤ ਹੈ। ਸਾਡਾ ਲਾਲਚੀ ਸੁਭਾੳੇ, ਦੋਗਲਾ ਰੂਪ, ਜਾਤ ਪਾਤੀ ਨਫਰਤ ਅਤੇ ਸਵਾਰਥੀ ਪੁਣਾਂ ਹਮੇਸ਼ਾਂ ਹੀ ਸਾਡਾ ਤੇ ਸਾਡੇ ਆਪਣਿਆਂ ਦਾ ਦੁਸ਼ਮਣ ਬਣਿਆ। ਗੱਲ ਹੈ ਵੀ ਠੀਕ, ਜਰਾ ਸੋਚੋ?
ਜਦੋਂ ਮੁਗਲ ( ਬਾਬਰ ਵੇਲੇ ) ਭਾਰਤ ਵਿਚ ਆਏ ਤਾਂ ਗਿਣਤੀ ਵਿਚ ਕਿਤਨੇ ਕੁ ਸਨ। 1505 ਈ: ਤੋਂ ਲੈ ਕੇ 1857 ਈ: ਤੱਕ ਤਕਰੀਬਨ 350 ਸਾਲ ਉਹ ਸਾਡੇ ਤੇ ਰਾਜ ਕਰਦੇ ਰਹੇ। ਸਾਡੇ ਹੀ ਭਰਾ ਉਨਾਂ ਨਾਲ ਮਿਲਕੇ ਸਾਡੇ ਉੱਪਰ ਜੁਲਮ ਕਰਦੇ ਰਹੇ। ਸਿਰਫ ਜਗੀਰਾਂ ਦੇ ਲਾਲਚ ਨੂੰ। ਅਪਣਿਆਂ ਦੇ ਭੇਦ ਦੇ ਦੇ ਕੇ ਆਪਣਿਆਂ ਨੂੰ ਹੀ ਮਰਵਾ ਕੇ ਖੁਸ਼ ਹੁੰਦੇ ਰਹੇ।
ਸਿੱਖਾਂ ਦੇ ਮਾੜੇ ਸਮੇਂ ਤਕਰੀਬਨ ( 1716 ਈ: ਤੋਂ 1746-47 ਤੱਕ) ਸਾਡੇ ਹੀ ਭਰਾ ਮੁਗਲ ਹਾਕਮਾਂ ਕੋਲ ਚੁਗਲੀਆਂ ਕਰਕੇ ਕੁਝ ਟਕਿਆਂ ਦੇ ਲਾਲਚ ਨੂੰ ਸਿੱਖਾਂ ਦਾ ਕੱਤਲ ਕਰਵਾਉਂਦੇ ਰਹੇ।
ਈਸਟ ਇੰਡਿਆ ਕੰਪਨੀ ਰਾਹੀਂ ਅੰਗਰੇਜ ਭਾਰਤ ਵਿਚ ਆਏ, ਕਿਤਨੇ ਕੂ ਹੋਣਗੇ ਗਿਣਤੀ ਅੰਦਰ? ਕੇਵਲ ਕੁਝ 1000, ਲੇਕਿਨ ਸਾਡੇ 30-32 ਕਰੋੜ ਲੋਕਾਂ ਤੇ ਤਕਰੀਬਨ 200 ਸਾਲ ਰਾਜ ਕਰ ਗਏ। ਸਾਨੂੰ ਗੁਲਾਂਮ ਬਣਾਈ ਰੱਖਿਆ। ਉਨਾਂ ਦੇ ਮੱਦਦਗਾਰ ਕੌਣ ਸਨ ਸਾਡੇ ਆਪਣੇ ਹੀ ਭਰਾ ਜੋ ਆਪਣੇ ਸਵਾਰਥ ਜਾਂ ਲਾਲਚ ਪਿੱਛੇ ਗੱਦਾਰ ਬਣ ਗਏ।
ਇਥੇ ਹੀ ਬੱਸ ਨਹੀਂ ਸਗੋਂ ਅੰਗਰੇਜਾਂ ਦੀ ਮੁਲਾਜਮੱਤ ਕਰਕੇ ਆਪਣੇ ਹੀ ਭਰਾਵਾਂ ਤੇ ਜੁਲਮ ਕਰਦੇ ਰਹੇ ਜੰਗਾਂ ਵਿਚ ਆਪਣਿਆਂ ਦਾ ਹੀ ਖੂੰਨ ਬਹਾੳਂਦੇ ਰਹੇ।
1839 ਈ: ਵਿਚ ਮਹਾਰਾਜਾ ਰਣਜੀਤ ਸਿੰਘ ਜੀ ਤੇ ਉਸਦੇ ਪੂਰੇ ਪਰੀਵਾਰ ਨੂੰ ਖਤਮ ਕਰਵਾਉਣ ਵਿਚ ਕਿਨਾਂ ਕਿਨਾਂ ਮਹਾਨ ਹੱਸਤੀਆਂ ਨੇ ਧੋਖੇਬਾਜੀ ਤੇ ਗੱਦਾਰੀ ਦਾ ਸਬੂਤ ਦਿੱਤਾ, ਇਹ ਵੀ ਜੱਗ ਜਾਹਿਰ ਹੈ। ਇਸ ਪਿੱਛੇ ਵੀ ਸਾਡਾ ਲਾਲਚ, ਸਵਾਰਥ ਤੇ ਆਪਣੇ ਹੀ ਦੇਸ਼ ਵਾਸੀਆਂ ਪ੍ਰੱਤੀ ਨਫਰਤ ਹੀ ਸੀ।
1857 ਈ: ਦੇ ਗੱਦਰ ਤੋਂ ਬਾਦ ਇਕ ਵਾਰੀ ਤਾਂ ਸਾਨੂੰ ਜੋਸ਼ ਆਇਆ ਤੇ ਅੰਗਰੇਜਾਂ ਦੇ ਪੈਰ ਭਾਰਤ ਦੀ ਧਰਤੀ ਤੇ ਬਹੁਤ ਸਾਰੇ ਵੱਡੇ ਸ਼ਹਿਰਾਂ ਵਿਚੋਂ ਉਖਾੜ ਦਿੱਤੇ, ਲਹੂ ਡੋਲਵੀਆਂ ਕੁਰਬਾਨੀਆਂ ਵੀ ਕੀਤੀਆਂ। ਪਰ ਫਿਰ ਉਹੀ ਸਾਡੇ ਖੂੰਨ ਵਿਚਲੀ ਗੱਦਾਰੀ ਤੇ ਲਾਲਚ ਜਾਗ ਪਿਆ।ਕੁਝ ਰਿਆਸਤਾਂ ਦੇ ਰਾਜੇ ਤੇ ਨਵਾਬ ਫਿਰ ਅਗਰੇਜਾਂ ਦੀ ਚਾਪਲੂਸੀ ਕਰਨ ਲੱਗੇ ਤੇ ਵਾਪਸ ਅੰਗਰੇਜਾਂ ਦੇ ਭਾਰਤ ਵਿਚ ਕਾਬਜ ਹੋਣ ਵਿਚ ਸਹਾਈ ਹੋਏ। ਸੱਭ ਜਾਣਦੇ ਹਾਂ ਕਿ, ਫਿਰ ਇਸ ਗੁਲਾਮੀ ਦੀ ਜਲਾਲੱਤ ਚੋਂ ਬਾਹਰ ਨਿਕਲਣ ਲਈ ਕਿਤਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਤੇ ਪੂਰੇ 90 ਸਾਲ ਲੱਗੇ ਆਜਾਦ ਹੋਣ ਨੂੰ। ਕੁਰਬਾਨੀਆਂ ਕਰਨ ਵਾਲੇ ਸ਼ੇਰ ਦਿਲ ਇਨਸਾਨ ( ਉਨਾਂ ਨੂੰ ਸਿਰ ਝੁਕਾ ਕੇ ਨਮਨ ) ਬਹੁਤ ਹੀ ਘੱਟ ਸਨ, ਪਰ ਧੋਖੇਬਾਜ, ਲਾਲਚੀ, ਸਵਾਰਥੀ ਤੇ ਆਪਣਿਆਂ ਨਾਲ ਹੀ ਗੱਦਾਰੀ ਕਰਨ ਵਾਲੇ ਜਿਆਦਾ ਸਨ।
1872 ਈ: ਵਿਚ ਮਲੇਰ ਕੋਟਲੇ ਅੰਦਰ 66 ( 65+1) ਕੂਕੇ ਸਿੱਖ ਤੋਪਾਂ ਅਗੇ ਖੜੇ ਕਰਕੇ ਉਡਾ ਦਿੱਤੇ ਗਏ। ਉਸ ਵੇਲੇ ਦਾ ਅੰਗਰੇਜ ਹਾਕਮ ਕਾਵਨ , ਉਸਦੀ ਪਤਨੀ ਤੇ 2-4 ਅਫਸਰ ਹੀ ਸਨ। ਲੇਕਿਨ ਬਾਕੀ ਸਾਡਾ ਹੀ ਭਾਈਚਾਰਾ ਸੀ। ਫਿਰ 9 ਤੋਪਾਂ ਭੇਜਣ ਵਾਲੇ ਕੌਣ ਸਨ, ਰਿਆਸਤ ਪਟਿਆਲਾ,ਰਿਆਸਤ ਜੀਂਦ ਤੇ ਰਿਆਸਤ ਨਾਭਾ ਦੇ ਰਾਜੇ। ਇਥੇ ਹੀ ਬਸ ਨਹੀਂ ਉਨਾਂ ਤੋਪਾਂ ਨੂੰ ਚਲਾਉਣ ਵਾਲੇ ਤੋਪਚੀ ਜੋ ਕਿ ਜਿਆਦੇ ਸਿੱਖ ਹੀ ਸਨ, ਉਹ ਨਾਲ ਭੇਜੇ ਗਏ। ਗੁਲਾਮੀ ਦੀ ਹੱਦ ਦੇਖੋ ਕਿਸੇ ਦਾ ਖੂੰਨ ਨਹੀਂ ਖੌਲਿਆ, ਜਾਂ ਅਪਣੇ ਸਿੱਖ ਭਰਾਵਾਂ ਪ੍ਰਤੀ ਪਿਆਰ ਤੇ ਵਫਾਦਾਰੀ ਨਹੀਂ ਜਾਗੀ।
ਸੰਨ 1900 ਵਿਚ ਜਦੋਂ ਅੰਗਰੇਜ ਹਕੂਮਤ ਪੰਜਾਬ ਵਿਚ ਕਾਨੂੰਨ “ ਇੰਤਕਾਲ ਆਰਾਜੀ” ਲੈ ਕੇ ਆਈ, ਉਸ ਵੇਲੇ ਸਾਡੀ ਸਿੱਖਾਂ ਦੀ ਸਰਵੋਤਮ ਜਥੇਬੰਦੀ ਅਕਾਲੀ ਲਹਿਰ ਹੋਂਦ ਵਿਚ ਸੀ ਤੇ ਅੰਗਰੇਜ ਹਕੂਮਤ ਵਿਚ ਪਰਭਾਵ ਵੀ ਰੱਖਦੀ ਸੀ। ਉਸ ਕਨੂੰਨ ਮੁਤਾਬਿਕ ਸਾਰੇ ਪੰਜਾਬ ਵਿਚ ਜਿਮੀਂਦਾਰਾਂ ਤੋਂ ਇਲਾਵਾ ਸੱਭ ਬਰਾਦਰੀਆਂ ਦੇ ਜਮੀਨੀ ਹੱਕ ਖੋਹ ਲਏ ਗਏ। ਜੋ ਲੋਕ ਪਿੰਡਾਂ ਦੇ ਮਾਲਿਕ ਸਨ ਉਹ ਦੋ ਗਜ ਜਮੀਂਨ ਤੋਂ ਵੀ ਮਹਿਰੂਮ ਹੋ ਗਏ। ਕਿਸੇ ਲਹਿਰ ਜਾਂ ਜੱਥੇਬੰਦੀ ਨੇ ਇਸਦਾ ਵਿਰੋਧ ਨਹੀਂ ਕੀਤਾ। ਕਿਉਂਕਿ ਜੱਥੇਬੰਦੀਆਂ ਵਿਚ ਜਿਆਦਾ ਕਰਕੇ ਜਮੀਂਦਾਰ ਭਰਾ ਹੀ ਸਨ। ਇਹ ਕਨੂੰਨ ਉਨਾਂ ਦੇ ਹੱਕ ਵਿਚ ਸੀ। ਇਸਦੇ ਪਿੱਛੇ ਸਾਡਾ ਸਵਾਰੱਥ, ਲਾਲਚ ਤੇ ਆਪਣੇ ਹੀ ਦੂਜੇ ਭਰਾਵਾਂ ਪ੍ਰਤੀ ਨੱਫਰਤ ਹੀ ਸੀ।
ਸੰਨ 1919 ਜੱਲਿਆਂਵਾਲਾ ਬਾਗ ਦਾ ਸਾਕਾ ਵਾਪਰਿਆ। ਸਾਰੇ ਸਿਪਾਹੀ ਜੋ ਗੋਲੀਆਂ ਚਲਾ ਰਹੇ ਸਨ ਉਹਨਾਂ ਵਿਚ ਅੰਗਰੇਜ ਤਾਂ ਨਾਮ ਮਾਤਰ ਹੀ ਸਨ। ਸਾਡੇ ਹੀ ਭਰਾ ਆਪਣੇ ਭਰਾਂਵਾਂ ਨੂੰ ਗੋਲੀਆਂ ਨਾਲ ਭੁੰਨ ਰਹੇ ਸਨ। ਸੱਭ ਦੇ ਜਮੀਰ ਮਰ ਚੁੱਕੇ ਸਨ। ਕਿਸੇ ਇਕ ਦਾ ਵੀ ਜਮੀਰ ਨਹੀਂ ਜਾਗਿਆ ਕਿ ਹੁਕਮ ਦੇਣ ਵਾਲਿਆਂ ਵੱਲ ਹੀ ਬੰਦੂਕ ਦਾ ਮੂੰਹ ਕਰ ਦਿੰਦੇ। ਲੇਕਿਨ ਐਸਾ ਨਹੀਂ ਹੋਇਆ, ਕਿਉਂਕਿ ਸਾਡਾ ਖੂੰਨ ਚਿੱਟਾ ਤੇ ਜਮੀਰ ਗਿਰਵੀਂ ਹੋ ਚੁੱਕਾ ਸੀ। ਅਸੀਂ ਆਪ ਹੀ ਆਪਣਿਆਂ ਦੀਆਂ ਕਮਜੋਰੀਆਂ ਦੱਸ ਦੱਸ ਕੇ ਖੱਬਰਾਂ ਦੇ ਦੇ ਕੇ ਲਾਲਚ ਦੀ ਖਾਤਿਰ ਰਾਜ ਕਰਨ ਵਾਲੀ ਹਕੂਮਤ ਨੂੰ ਮਜਬੂਤ ਕਰਦੇ ਰਹੇ ਤੇ ਆਪਣੇ ਆਪ ਨੂੰ ਕਮਜੋਰ ਤੇ ਗੱਦਾਰ ਸਾਬਿਤ ਕਰਦੇ ਰਹੇ।
ਅੰਗਰੇਜੀ ਹਕੂਮਤ ਵੇਲੇ ਭਾਰਤ ਦੀਆਂ ਤਕਰੀਬਨ 600 ਤੋਂ ਵੱਧ ਪਰਿੰਸਲੇ ਸਟੇਟਸ ਜਾਣੀ ਰਿਆਸਤਾਂ ਜੋ ਅਪਣੀ ਰਾਜਗੱਦੀ ਕਾਇਮ ਰੱਖਣ ਲਈ ਅੰਗਰੇਜਾਂ ਦੀਆਂ ਚਾਪਲੂਸ ਬਣ ਗਈਆਂ।ਅੰਗਰੇਜਾਂ ਦੇ ਕਹਿਣ ਤੇ ਅਪਣੇ ਹੀ ਦੇਸ਼ ਵਾਸੀਆਂ ੳੱਪਰ ਜੁਲਮ ਕਰਨ ਲਈ ਅੰਗਰੇਜ ਹਕੂਮਤ ਦੀ ਮੱਦਦ ਕਰਦੀਆਂ ਰਹੀਆਂ।
ਭਾਵੇਂ ਸਾਡੇ ਭਾਰਤੀ ਫੌਜੀ ਪਹਿਲੀ ਤੇ ਦੂਜੀ ਸੰਸਾਰ ਦੀ ਜੰਗ ਵਿਚ ਅੰਗਰੇਜਾਂ ਦੇ ਹੱਕ ਵਿਚ ਲੜੇ, ਕੁਰਬਾਨੀਆਂ ਵੀ ਦਿੱਤੀਆਂ, ਪਰ ਉਹ ਜੰਗ ਦੂਜੇ ਮੁਲਕਾਂ ਨਾਲ ਸੀ, ਇਹ ਜੰਗਾਂ ਭਾਰਤ ਨਾਲ ਘੱਟ ਪਰ ਅੰਗਰੇਜਾਂ ਦੇ ਖਿਲਾਫ ਜਿਆਦਾ ਸਨ।ਪਰੰਤੂ ਆਪਣੇ ਮੁਲਕ ਦੇ ਅੰਦਰ ਸਾਡਾ ਕਿਰਦਾਰ ਕੀ ਸੀ।
7 ਅਗੱਸਤ 1969 ਨੂੰ ਲੀਸਟਰ ਸ਼ਾਇਰ ਇੰਗਲੈਂਡ ਦੇ ਰਾਮਗੜੀ੍ਆ ਬੋਰਡ ਦੇ ਸਕੱਤ੍ਰ ਸ੍ਰ: ਮਹਿੰਦਰ ਸਿੰਘ ਲੋਟੇ ਵਲੋਂ ਇਕ ਚਿੱਠੀ ਰਾਮਗੜੀ੍ਆ ਅਖਬਾਰ ਸ਼ਿਮਲਾ ਵਿਚ ਪੁੱਜੀ, ਜੋ 9 ਅਕਤੂਬਰ 1969 ਦੇ ਪਰਚੇ ਵਿਚ ਛੱਪੀ। ਲਿੱਖਤ ਅਨੁਸਾਰ ਰਾਮਗੜੀ੍ਆ ਬੋਰਡ ਨੇ , ਲਿਸਟਰ ਵਿਚ ਇਕ ਰਾਮਗੜੀ੍ਆ ਗੁਰਦਵਾਰਾ , ਇਕ ਕਲੱਬ ਤੇ ਇਕ ਸਕੂਲ ਬਨਾਣ ਦੀ ਮੰਜੂਰੀ ਲਈ, ਸਬੰਧਤ ਮਹਿਕਮੇ ਵਿਚ ਅਰਜੀ ਦਾਖਲ ਕੀਤੀ। ਉਸੇ ਵੇਲੇ ਉੱਥੇ ਦੇ ਜੱਟ ਸਿੱਖ ਭਰਾਵਾਂ ਨੇ ਜਾ ਕੇ ਮਹਿਕਮੇ ਵਿਚ ਸ਼ਿਕਾਇਤ ਕੀਤੀ ਇਹ ਰਾਮਗੜੀ੍ਏ ਕੋਈ ਸਿੱਖ ਨਹੀਂ ਤੇ ਨਾਂ ਹੀ ਸਿੱਖਾਂ ਵਿਚ ਕੋਈ ਐਸਾ ਫਿਰਕਾ ਹੈ। ਮਹਿਕਮੇ ਵਲੋਂ ਮਾਮਲਾ ਲਟਕਾ ਦਿੱਤਾ ਗਿਆ। ਦੇਖੋ ਇਕ ਭਾਰਤੀ ਦੂਜੇ ਭਾਰਤੀ ਲਈ ਵਿਦੇਸ਼ ਵਿਚ ਵੀ ਕਿਤਨੀ ਜਾਤ ਪਾਤੀ ਨਫਰਤ ਦਾ ਸ਼ਿਕਾਰ ਹੈ।
ਮਾਰਚ 1971 ਦੀ ਗੱਲ ਹੈ, ਜਦੋਂ ਬੰਗਲਾ ਦੇਸ਼ ਹੋਂਦ ਵਿਚ ਆਇਆ ਸੀ। ਇਕ ਇੰਟਰਵਿਊ ਵਿਚ ਏਅਰ ਮਾਰਸ਼ਲ ਸ੍ਰ: ਅਰਜਨ ਸਿੰਘ ਜੀ ਪਾਸ ਸਵਾਲ ਕੀਤਾ ਗਿਆ ਕਿ, ਕੀ ਕਾਰਨ ਹੈ ਅਮਰੀਕਾ ਵਰਗਾ ਵਿਸ਼ਾਲ ਮੁਲਕ ਤੇ ਉਸਦੀ ਫੌਜ ਵੇਤਨਾਮ ਵਰਗੇ ਛੋਟੇ ਜਿਹੇ ਮੁਲਕ ਅਗੇ ਹਾਰ ਕੇ ਵਾਪਿਸ ਮੁੜ ਗਈ। ਤਾਂ ਜਵਾਬ ਸੀ “ ਜਦੋਂ ਕਿਸੇ ਮੁਲਕ ਦਾ ਹਰ ਇਕ ਨਾਗਰਿਕ ਤੇ ਬੱਚਾ ਬੱਚਾ ਹਮਲਾਵਰ ਨੂੰ ਨਫਰਤ ਕਰਦਾ ਹੈ, ਅਪਣੇ ਦੇਸ਼ ਅਤੇ ਲੋਕਾਂ ਨਾਲ ਪਿਆਰ ਕਰਦਾ ਹੈ, ਤਾਂ ਵੱਡੇ ਵੱਡੇ ਹਾਰ ਖਾ ਕੇ ਭੱਜ ਜਾਂਦੇ ਹਨ”।
ਜਦੋਂ ਅੰਗਰੇਜ ਹੌਂਗਕੌਂਗ ਵਿਚ ਗਏ ਤਾਂ ਸ਼ੁਰੂ ਸ਼ੁਰੂ ਵਿਚ ਇਕ ਵੀ ਹੌਂਗਕੌਂਗ ਨਿਵਾਸੀ ਅੰਗਰੇਜਾਂ ਦੀ ਫੌਜ ਵਿਚ ਭਰਤੀ ਨਹੀਂ ਹੋਇਆ।ਕਿੳਂੁਕਿ ਉਹ ਜਾਣਦੇ ਸਨ ਕਿ ਹੁਕਮ ਮਿਲਣ ਤੇ ਆਪਣਿਆਂ ਤੇ ਹੀ ਗੋਲੀ ਚਲਾਉਣੀ ਪਵੇਗੀ। ਇਹ ਹੈ ਆਪਣੇ ਵੱਤਨ ਨਾਲ ਤੇ ਆਪਣੇ ਦੇਸ਼ ਵਾਸੀਆਂ ਨਾਲ ਪਿਆਰ।
ਹੁਣ ਜਰਾ ਆਪਣੇ ਅੰਦਰ ਤੇ ਆਲੇ ਦਵਾਲੇ ਝਾਤ ਮਾਰੀਏ , ਕਿ ਅਸੀਂ ਕੀ ਕਰ ਰਹੇ ਹਾਂ। ਅੱਜ ਵੀ ਅਸੀਂ ਆਪਣੇ ਸਵਾਰੱਥ ਤੇ ਲਾਲਚੀ ਸੁਭਾ ਕਾਰਣ ਕੀ ਕੁਝ ਨਹੀਂ ਕਰਦੇ। ਅੱਜ ਵੀ ਜਾਤ ਪਾਤ, ਊਚ ਨੀਚ, ਵੱਡਾ ਛੋਟਾ, ਅਮੀਰ ਗਰੀਬ ਆਦਿ ਦੇ ਫੁੱਟ ਪਾਊ ਵਿਚਾਰਾਂ ਦੇ ਗੁਲਾਮ ਹਾਂ। ਦੇਸ਼ ਦੀ ਗੱਲ ਛੱਡੋ ਅਪਣੇ ਸਕਿਆਂ ਭਰਾਵਾਂ ਨੂੰ ਵੀ ਨਹੀਂ ਬੱਖਸ਼ਦੇ। ਅੱਜ ਜਿਸਦੇ ਗੁਣ ਗਾਉਂਦੇ ਥੱਕਦੇ ਨਹੀਂ, ਕੱਲ ਕਿਸੇ ਲਾਲਚ ਪਿੱਛੇ ਪਾਲਾ ਬਦਲ ਕੇ ਉਸੇ ਨਾਲ ਨਫਰੱਤ ਕਰਦੇ ਹਾਂ, ਉਸਦੇ ਖਿਲਾਫ ਬੋਲਣਾਂ ਆਪਣਾਂ ਧਰਮ ਸਮਝਦੇ ਹਾਂ। ਅਗਰ ਕਿਸੇ ਭਰਾ ਦੀ ਛਾਤੀ ਤੇ ਪੈਰ ਰੱਖ ਕੇ ਜਾਂ ਉਸਨੂੰ ਪੌੜੀ ਬਣਾ ਕੇ ਅਪਣਾਂ ਸਵਾਰੱਥ ਸਿੱਧ ਹੁੰਦਾ ਦਿਸੇ ਤਾਂ ਅਸੀਂ ਉਸਤੋਂ ਵੀ ਗੁਰੇਜ ਨਹੀਂ ਕਰਦੇ। ਇਹ ਸਾਨੂੰ ਕੀ ਹੋ ਗਿਆ ਹੈ, ਕਿਹੜਾ ਰੰਗ ਜਾਂ ਜਹਿਰ ਸਾਡੇ ਖੂੰਨ ਵਿਚ ਮਿਲ ਗਿਆਂ ਹੈ। ਕਾਸ਼ ਅਸੀਂ ਆਪਣੇ ਅੰਦਰ ਝਾਕਣ ਦੀ ਜਾਚ ਸਿੱਖ ਲਈਏ। ਸਾਰੇ ਤਾਂ ਇਕੋ ਜਿਹੇ ਨਹੀਂ ਪਰ ਬਹੁ ਗਿਣਤੀ ਐਸੇ ਹੀ ਲੋਕਾਂ ਦੀ ਹੈ।
ਜਰਾ ਸੋਚੋ ਕਿ ਜੇ ਸਾਡੇ ਅੰਦਰ ਵੀ ਦੇਸ਼ ਭਗਤੀ, ਆਪਸੀ ਪਿਆਰ ਤੇ ਭਾਈਚਾਰਾ ਜਾਗ ਪਵੇ , ਗੱਦਾਰਾਂ ਤੇ ਦੇਸ਼ ਦੇ ਦੁਸ਼ਮਣਾਂ, ਖਾਸ ਕਰਕੇ ਜੋ ਸਾਨੂੰ ਅਪਸ ਵਿਚ ਲੜਾ ਕੇ ਅਪਣਾ ਫਾਇਦਾ ਲੋਚਦੇ ਹਨ ਉਨਾਂ ਨੂੰ ਨਫਰੱਤ ਕਰੀਏ। ਸਾਡੇ ਦਿਲਾਂ ਉੱਤੇ ਗੁਰੂਆਂ ਮਹਾਪੁਰਸ਼ਾਂ ਦੀਆਂ ਸਿਿਖਆਵਾਂ ਦਾ ਵਾਸ ਹੋਵੇ। ਸਾਡਾ ਚਰਿਤ੍ਰ ਵੀ ਮਹਾਨ ਜਰਨੈਲਾਂ ਜੋਧਿਆਂ ਵਰਗਾ ਹੋਵੇ। ਤਾਂ ਕੌਣ ਸਾਨੂੰ ਸਾਡਿਆਂ ਖਿਲਾਫ ਭੜਕਾ ਕੇ ਲੜਾ ਸਕਦਾ ਹੈ। ਕਿਹੜੀ ਹਕੂਮਤ ਸਾਨੂੰ ਨਜਾਇਜ ਲੁੱਟ ਸਕਦੀ ਹੈ ਜੇ ਅਸੀਂ ਸਾਰੇ ਇਮਾਨਦਾਰ ਤੇ ਦੇਸ਼ ਪਰੇਮੀ ਬਣ ਜਾਈਏ। ਕਾਸ਼ ਅਸੀਂ ਅੱਜ ਵੀ ਮੁੜ ਇੱਕ ਜੁਟ ਹੋ ਜਾਈਏ ਅਤੇ ਅਪਣੇ ਦੇਸ਼ ਤੇ ਕੌਮ ਦੀ ਉਨਤੀ ਲਈ ਸੋਚੀਏ।
ਜਰਾ ਸੋਚੋ………….।
ਗੁਰਦੇਵ ਸਿੰਘ ਰੂਪਰਾਏ ਦਿੱਲੀ