ਜੱਲਿਆਂਵਾਲਾ ਬਾਗ ਅਤੇ ਰਾਮਗੜ੍ਹੀਏ
ਅੰਮ੍ਰਿਤਸਰ ਸ਼ਹਿਰ ਤੇ ਜਲਿਆਂਵਾਲਾ ਬਾਗ , ਸੰਨ 1919 , ਵੈਸਾਖੀ ਵਾਲੇ ਦਿਨ ਦੀ ਘੱਟਨਾਂ ਬਾਰੇ , ਸੋਚ ਕੇ ਹੀ ਰੂਹ ਕੰਬ ਜਾਂਦੀ ਹੈ। ਅੰਗਰੇਜੀ ਹਕੂਮਤ ਦੀ ਐਸੀ ਵਹਿਿਸ਼ਆਨਾਂ ਕਾਰਵਾਈ ਪੰਜਾਬ ਦੇ ਇਤਿਹਾਸ ਦੇ ਦਿਲ ਵਿਚ ਖੰਜਰ ਦੀ ਤਰਾਂ ਜੱਖਮ ਕਰ ਗਈ। ਆਉ ਸੰਖੇਪ ਅਤੇ ਸਰਲ ਭਾਸ਼ਾ ਵਿਚ ਇਸਦੇ ਕੁਝ ਖਾਸ ਪਹਿਲੂਆਂ ਤੇ ਨਜਰ ਮਾਰੀਏ।
ਅੰਗਰੇਜੀ ਹਕੂਮਤ ਨੇ ਸੰਨ 1919 ਦੇ ਸਾਲ ਵਿਚ ਤਕਰੀਬਨ 27 ਬਿੱਲ ਪਾਸ ਕੀਤੇ। ਜਿਨਾਂ ਵਿਚ ਬਿਲ ਨੰ: 11 ਇਕ ਐਸਾ ਬਿਲ ਸੀ ਜਿਸ ਨੂੰ ਰੌੌਲਿਟ ਐਕਟ ਦਾ ਨਾਮ ਦਿੱਤਾ ਗਿਆ। ਇਹ ਮਾਰਚ 1919 ਨੂੰ ਪਾਸ ਕੀਤਾ ਗਿਆ।ਇਸਦਾ ਪੂਰਾ ਨਾਮ ਸੀ ( ਅਨਾਰਚੀਕਲ ਐਂਡ ਰੇਵੋਲਿਊਸ਼ਨਰੀ ਕਰਾਈਮ ਐਕਟ ) । ਇਹ ਕਾਨੂੰਨ ਪੰਜਾਬ ਹਾਈ ਕੋਰਟ ਦੇ ਪ੍ਰਮੁਖ ਜੱਜ ਸਰ ਸਿਡਨੀ ਰੌਲਿਟ ਦੀ ਸਲਾਹ ਨਾਲ ਬਣਿਆ।ਇਸ ਬਿਲ ਦੇ ਕੁਲ 43 ਸੈਕਸ਼ਨ ਸਨ , ਤੇ ਸੈਕਸ਼ਨ 22 ਤੋਂ 34 ਵਿਚ ਪੁਲਿਸ ਅਤੇ ਕੋਰਟ ਨੂੰ ਦਿੱਤੀ ਗਈ ਛੂਟ ਬਾਰੇ ਪੂਰਾ ਜਿਕਰ ਹੈ।21 ਮਾਰਚ 1919 ਨੂੰ ਇਹ ਕਨੂੰਨ ਲਾਗੂ ਕਰ ਦਿੱਤਾ ਗਿਆ। ( ਏ ਕੁਲੈਕਸ਼ਨ ਆਫ ਐਕਟਸ 1919 )

ਇਸ ਕਾਨੂੰਨ ਦੇ ਬਨਣ ਨਾਲ ਸਰਕਾਰ ਨੂੰ ਬਹੁਤ ਜਿਆਦਾ ਤਾਕਤ ਅਤੇ ਅਧਿਕਾਰ ਮਿਲ ਗਏ। ਹੁਣ ਸਰਕਾਰ ਕਿਸੇ ਵੀ ਆਦਮੀ ਨੂੰ ਬਗੈਰ ਕਿਸੇ ਮੁਕੱਦਮੇ ਜਾਂ ਨੋਟਿਸ ਦੇ ਗ੍ਰਿਫਤਾਰ ਕਰਕੇ ਜੇਲ ਵਿਚ ਭੇਜ ਸਕਦੀ ਸੀ।ਕਿਸੇ ਵੀ ਬਗਾਵਤ ਨੂੰ ਦਬਾਉਣ ਲਈ ਕਿਸੇ ਵੀ ਤਰਾਂ ਦੀ ਸੱਖਤੀ ਜਾਂ ਹਥਿਆਰ ਵਰਤ ਸਕਦੀ ਸੀ।ਗ੍ਰਿਫਤਾਰ ਕੀਤੇ ਆਦਮੀ ਨੂੰ 2 ਸਾਲ ਜਾਂ ਇਸਤੋਂ ਵੀ ਜਿਆਦਾ ਸਮੇ ਲਈ ਬਗੈਰ ਕਿਸੇ ਅਪੀਲ ਜਾਂ ਜਮਾਨਤ ਦੇ ਕੈਦ ਵਿਚ ਰੱਖਿਆ ਜਾ ਸਕਦਾ ਸੀ।
ਆਮ ਲੋਕ ਤਾਂ ਪਹਿਲਾਂ ਹੀ ਅੰਗਰੇਜੀ ਹਕੂਮਤ ਦੇ ਜੁਲਮ ਤੋਂ ਤੰਗ ਆ ਚੁੱਕੇ ਸਨ, ਬਗਾਵਤੀ ਸੁਰ ਹਰ ਪਾਸੇ ਤੋਂ ਬੁਲੰਦ ਹੋ ਰਹੇ ਸਨ। 30 ਮਾਰਚ 1919 ਨੂੰ ਪੂਰੇ ਭਾਰਤ ਵਿਚ ਹੜਤਾਲ ਕੀਤੀ ਗਈ। ਰੋਸ ਵੱਜੋਂ ਜਲੂਸ ਕੱਢੇ ਗਏ। ਮੁਜਾਹਰੇ ਕੀਤੇ ਗਏ। 30 ਮਾਰਚ ਨੂੰ ਹੀ ਇਕ ਜਲਸਾ ਜਲਿਆਂਵਾਲਾ ਬਾਗ ਵਿਚ ਹੋਇਆ ਜਿਸ ਵਿਚ 30,000 ਦੇ ਕਰੀਬ ਲੋਕ ਇਕੱਠੇ ਹੋਏ। ਇਸ ਵਿਚ ਡਾ: ਕਿਚਲੂ, ਪੰਡਤ ਕੋਟੂਮੱਲ, ਸਵਾਮੀ ਅਨੁਭਵਾਨੰਦ, ਮਿ: ਦੀਨਾ ਨਾਥ ਅਤੇ ਡਾ: ਸੱਤਿਆ ਪ੍ਰਕਾਸ਼ ਸ਼ਾਮਿਲ ਹੋਏ। ਦਿੱਲੀ ਵਿਚ ਪੁਲੀਸ ਨੇ ਲੋਕਾਂ ਤੇ ਗੋਲੀ ਚਲਾ ਦਿੱਤੀ, ਜਿਸ ਵਿਚ ਕਈ ਲੋਕ ਮਾਰੇ ਗਏ।ਇਸ ਗੋਲੀ ਕਾਂਡ ਦੇ ਵਿਰੋਧ ਵਿਚ 6 ਅਪ੍ਰੈਲ 1919 ਨੂੰ ਮਹਾਤਮਾਂ ਗਾਂਧੀ ਜੀ ਨੇ ਪੂਰੇ ਭਾਰਤ ਵਿਚ ਰੋਸ ਦਿਵਸ ਮਨਾਉਣ ਦਾ ਸੱਦਾ ਦਿੱਤਾ॥( ਵੀ.ਐਨ ਦੱਤਾ )
ਸੁਤੰਤ੍ਰਤਾ ਸਗਰਾਮੀਆਂ ਨੇ ਇਸ ਕਨੂੰਨ ਨੂੰ “ ਨਾ ਦਲੀਲ ਨਾ ਅਪੀਲ ” ਦਾ ਨਾਮ ਦਿੱਤਾ ( ਸਤਨਾਮ ਸਿੰਘ ਚਾਨਾ ਚਿਰੰਜੀ ਲਾਲ ਨਰ )। ਸਰ ਮਾਈਕਲ ਉਡਵਾਇਰ ਉਸ ਸਮੇ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ। ਅੰਮ੍ਰਿਤਸਰ ਸ਼ਹਿਰ ਪੰਜਾਬ ਦਾ ਪ੍ਰਮੁਖ ਅਤੇ ਧਾਰਮਿਕ ਸ਼ਹਿਰ ਹੋਣ ਦੇ ਨਾਤੇ ਲੋਕਾਂ ਦੀ ਆਵਾਜਾਈ ਇਥੇ ਬਹੁਤ ਸੀ।ਇਸ ਕਾਨੂੰਨ ਨੂੰ ਲੈ ਕੇ ਲੋਕਾਂ ਵਿਚ ਬਗਾਵਤੀ ਸਰਗਰਮੀਆਂ ਵੀ ਇਸ ਸ਼ਹਿਰ ਵਿਚ ਸੱਭ ਤੋਂ ਜਿਆਦਾ ਸਨ। ਸ਼ਹਿਰ ਦੇ ਵਿਚ “ ਮਾਰਸ਼ਲ ਲਾ” ਲਗਾ ਦਿੱਤਾ ਗਿਆ ।( ਵੀ.ਐਨ ਦੱਤਾ )
10 ਅਪ੍ਰੈਲ 1919 ਨੂੰ ਸਰ ਮਾਈਕਲ ਉਡਵਾਇਰ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਪੂਰਨ ਸੱਖਤੀ ਕਰਨ ਦੇ ਆਡਰ ਦੇ ਦਿੱਤੇ, ਨਾਲ ਹੀ ਡਾ: ਸਤਿਪਾਲ ਅਤੇ ਡਾ: ਕਿਚਲੂ ਨੂੰ ਗ੍ਰਿਫਤਾਰ ਕਰਨ ਲਈ ਕਿਹਾ।ਪੁਲਿਸ ਅਤੇ ਫੌਜ ਦੀ ਸੱਖਤੀ ਨਾਲ ਨਿਪਟਣ ਲਈ ਹਿਦਾਇਤਾਂ ਦੇ ਦਿੱਤਿਆਂ ਗਈਆਂ। ਦੋਨੋ ਆਗੂਆਂ ਦੀ ਗ੍ਰਿਫਤਾਰੀ ਨਾਲ ਲੋਕ ਬਹੁਤ ਭੜਕ ਗਏ ਅਤੇ ਇਕੱਠੇ ਹੋ ਕੇ ਕਮਿਸ਼ਨਰ ਦੀ ਕੋਠੀ ਵੱਲ ਚੱਲ ਪਏ।ਬੱਸ ਫਿਰ ਕੀ ਸੀ, ਕਮਿਸ਼ਨਰ ਤਾਂ ਇਸਦੇ ਇੰਤਜਾਰ ਵਿਚ ਹੀ ਸੀ।ਪੁਲਿਸ ਨੇ ਗੋਲੀ ਚਲਾ ਦਿੱਤੀ ਜਿਸ ਨਾਲ 22 ਆਦਮੀ ਮਾਰੇ ਗਏ।ਸਾਰੇ ਸ਼ਹਿਰ ਵਿਚ ਬਗਾਵਤੀ ਸੁਰ ਗੂੰਜਣ ਲਗੇ। ( ਵੀ.ਐਨ ਦੱਤਾ )
11 ਅਪ੍ਰੈਲ 1919 ਨੂੰ ਮਾਈਕਲ ਉਡਵਾਇਰ ਵੀ ਜਲੰਧਰੋਂ ਅੰਮ੍ਰਿਤਸਰ ਪੁੱਜ ਗਿਆ। ਫੌਜੀ ਦੱਸਤਿਆਂ ਦੀ ਗੱਸ਼ਤ ਵਧਾ ਦਿੱਤੀ ਗਈ।ਸ਼ਹਿਰ ਵਿਚ 19 ਜਗਾ੍ਹ ਤੇ ਫੌਜੀਆਂ ਨੇ ਡੇਰੇ ਜਮਾ ਲਏ।ਸ਼ਹਿਰ ਦੇ ਵਿਚ ਸਰਕਾਰੀ ਮੁਨਿਆਦੀ ਕਰਵਾ ਦਿੱਤੀ ਗਈ ਕਿ ਕੋਈ ਵੀ ਬਾਹਰ ਨਾਂ ਨਿਕਲੇ, ਨਾਂ ਕੋਈ ਜਲੂਸ ਜਾਂ ਮੁਜਾਹਰਾ ਕਰੇ। ਇੱਧਰ ਲੋਕੀ ਵੀ ਵਿਸਾਖੀ ਤੇ ਭਾਰੇ ਇਕੱਠ ਲਈ ਕੰਨੋ ਕੰਨੀ ਦੂਰ ਨੇੜੇ ਸੁਨੇਹੇਂ ਦੇਣ ਲੱਗ ਪਏ। ਇਕ ਪਾਸੇ ਤਾਂ ਸਰਕਾਰੀ ਮੁਨਿਆਦੀ ਹੋ ਰਹੀ ਸੀ ਦੂਜੇ ਪਾਸੇ ਕੁਝ ਲੋਕ ਆਪਣੀ ਜਾਨ ਦੀ ਪ੍ਰਵਾਹ ਨਾਂ ਕਰਦੇ ਹੋਏ 13 ਅਪ੍ਰੈਲ ਦੇ ਭਾਰੀ ਇਕੱਠ ਕਰਨ ਲਈ ਲੋਕਾਂ ਵਿਚ ਹੋਕਾ ਦਿੰਦੇ ਰਹੇ।
ਇਹ ਹੋਕਾ ਜਾਂ ਢੰਡੋਰਾ ਦੇਣ ਵਾਲਿਆਂ ਵਿਚ ਇਕ ਰਾਮਗੜ੍ਹੀਆ ( ਤਰਖਾਣ) ਸਿੱਖ ਭਾਈ ਨੰਦ ਸਿੰਘ ਵੀ ਸ਼ਾਮਿਲ ਸੀ।
( ਸ: ਅਰਜਨ ਸਿੰਘ ਗੜਗੱਜ ) ਲਿਖਦੇ ਹਨ ਭਾਈ ਨੰਦ ਸਿੰਘ ਮਿਸਤ੍ਰੀ ਪਿੰਡ ਪਲਾਸੌਰ ( ਤਰਨ ਤਾਰਨ ਤੋਂ 5 ਕੂ ਕਿਲੋਮੀਟਰ ਲਹਿੰਦੇ ਵੱਲ ) ਦੇ ਰਾਮਗੜੀ੍ਆ ਸਿੱਖ ਸਨ। ਇਨਾਂ ਦਿਨਾਂ ਵਿਚ ਆਪ ਅੰਮ੍ਰਿਤਸਰ ਵਿਚ ਹੀ ਕੰਮ ਕਰ ਰਹੇ ਸਨ। ਜਲਿਆਂਵਾਲਾ ਬਾਗ ਦੇ ਸਾਕੇ ਤੋਂ ਇਕ ਦਿਨ ਪਹਿਲੋਂ ਜਾਣੀ 12 ਅਪ੍ਰੈਲ 1919 ਨੂੰ ਹੀ ਭਾਈ ਨੰਦ ਸਿੰਘ ਜੀ ਤਰਨ ਤਾਰਨ ਦੇ ਇਲਾਕੇ ਵਿਚ ਢੰਡੋਰਾ ਦੇ ਗਏ ਸਨ ਕਿ ਲੋਕੋ “ਸਰਕਾਰ ਦੇ ਜੁਲਮ ਦੇ ਖਿਲਾਫ ਅਤੇ ਦੇਸ਼ ਨਾਲ ਹਮਦਰਦੀ ਕਰਦੇ ਹੋਏ ਹੜਤਾਲ ਕਰੋ ਤੇ ਮੁਜਾਹਰਿਆਂ ਵਿਚ ਸ਼ਾਮਿਲ ਹੋਵੋ”। ਬਹੁਤ ਭਾਲ ਕਰਨ ਤੇ ਵੀ ਸਰਕਾਰ ਦੇ ਡਰ ਤੋਂ ਕੋਈ ਢੰਡੋਰਚੀ ਨਾ ਮਿਲਨ ਕਰਕੇ ਭਾਈ ਨੰਦ ਸਿੰਘ ਨੇ ਆਪਣੇ ਹੀ ਗਲ ਵਿਚ ਪੀਪਾ ਪਾ ਕੇ ਸਾਰੇ ਪਾਸੇ ਮੁਨਿਆਦੀ ਕੀਤੀ। ਇਨਾਂ ਬਾਰੇ ਤਹਿਸੀਲਦਾਰ ਕੋਲ ਸ਼ਿਕਾਇਤ ਵੀ ਹੋਈ ਪਰ ਇਨਾਂ ਨੂੰ ਕਮਲਾ ਸਮਝ ਕੇ ਜਿਆਦਾ ਧਿਆਨ ਨਹੀਂ ਦਿੱਤਾ ਗਿਆ।
ਜਲਿਆਂਵਾਲਾ ਬਾਗ ਕੋਈ 229 ਮੀ: ਚੌੜਾ ਖਾਲੀ ਥਾਂ ਸੀ ਜੋ ਸੱਭ ਪਾਸੇ ਤੋਂ ਉੱਚੀਆਂ ਇਮਾਰਤਾਂ ਨਾਲ ਘਿਿਰਆ ਹੋਇਆ ਸੀ। ਇਕ ਬਹੁਤ ਹੀ ਤੰਗ ਗਲੀ ਇਸ ਪਲਾਟ ਨੂੰ ਸੱੜਕ ਨਾਲ ਜੋੜਦੀ ਸੀ। ਇਸਦਾ ਮਾਲਿਕ ਭਾਈ ਹਿੰਮਤ ਸਿੰਘ ਜਲਾਂਵਾਲਾ ਮਹਾਂਰਾਜਾ ਨਾਭਾ ਦਾ ਦਰਬਾਰੀ ਨੌਕਰ ਸੀ॥ ( ਵੀ.ਐਨ ਦੱਤਾ )
13 ਅਪ੍ਰੈਲ 1919 ਵਿਸਾਖੀ ਵਾਲੇ ਦਿਨ ਦੁਪਿਹਰ ਤੋਂ ਹੀ ਲੋਕ ਇਸ ਬਾਗ ਵਿਚ ਇਕੱਠੇ ਜੋਣ ਲੱਗ ਪਏ, ਜਿਨਾਂ ਦੀ ਗਿਣਤੀ ਤਕਰੀਬਨ 20,000 ਦੇ ਕਰੀਬ ਦੱਸੀ ਜਾਂਦੀ ਹੈ। ਸਟੇਜ ਤੇ ਹੰਸ ਰਾਜ, ਦੁਰਗਾ ਦਾਸ, ਰਾਏ ਰਾਮ ਸਿੰਘ, ਦਾਰ ਸਿੰਘ, ਅਬਦੁਲ ਮਜੀਦ, ਗੋਪੀ ਨਾਥ ਅਤੇ ਗੁਰਬਖਸ਼ ਸਿੰਘ ਵਰਗੇ ਉੱਘੇ ਆਗੂ ਮੌਜੂਦ ਸਨ। 5 ਵੱਜ ਕੇ 15 ਮਿੰਟ ਤੇ ਜਨਰਲ ਉਡਵਾਇਰ ਆਪਣੇ ਫੌਜੀ ਦੱਸਤੇ ਨਾਲ ਬਾਗ ਵਿਚ ਦਾਖਿਲ ਹੋਇਆ। ਬਗੈਰ ਕਿਸੇ ਹਿਦਾਇਤ ਦੇ ਅੰਨੇ੍ਹ ਵਾਹ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਨਿਹੱਥੇ ਲੋਕ ਜਾਨ ਬਚਾਉਣ ਲਈ ਇੱਧਰ ਉੱਧਰ ਦੌੜਨ ਲੱਗੇ। ਕਈਆਂ ਨੇ ਖੂਹ ਵਿਚ ਛਾਲਾਂ ਮਾਰ ਦਿੱਤੀਆਂ। ਕੁਝ ਨੀਂਵੀਆਂ ਕੰਧਾਂ ਟੱਪਣ ਦੀ ਕੋਸ਼ਿਸ਼ ਕਰਨ ਲੱਗੇ। ਸਾਰੇ ਬਾਗ ਵਿਚ ਹਾ ਹਾ ਕਾਰ ਮਚੀ ਹੋਈ ਸੀ, ਮੌਤ ਆਪਣਾ ਨੰਗਾ ਨਾਚ ਕਰ ਰਹੀ ਸੀ।

ਜਨਰਲ ਡਾਇਰ ਅਪਣੀ ਰਿਪੋਟ ਵਿਚ ਲਿਖਦਾ ਹੈ, ਮੈਨੂੰ 1650 ਕਾਰਤੂਸ ਚਲਾਣੇ ਪਏ। 200-300 ਤੱਕ ਲੋਕ ਮਾਰੇ ਗਏ। ( ਮਿ: ਵੀ. ਐਨ. ਦੱਤਾ ) ਮੁਤਾਬਿਕ ਮਰਨ ਵਾਲਿਆਂ ਦੀ ਗਿਣਤੀ 381 ਸੀ ਅਤੇ 700 ਦੇ ਕਰੀਬ ਜੱਖਮੀ ਹੋਏ।
1919 ਦੇ ਮਾਰਸ਼ਲ ਲਾ ਮਗਰੋਂ ਸਾਰੇ ਮੁਲਕ ਵਿਚ ਪੁਲਿਟੀਕਲ ਲਹਿਰ ਗਰਮਾ ਗਰਮ ਚੱਲ ਪਈ, ਸਿੱਖ ਲੀਗ ਦਾ ਵੀ ਜਨਮ ਹੋ ਗਿਆ। ਦਸੰਬਰ 1919 ਵਿਚ ਇਸਦਾ ਪਹਿਲਾ ਇਕੱਠ ਅੰਮ੍ਰਿਤਸਰ ਵਿਚ ਹੀ ਹੋਇਆ।ਇਹ ਸਿੱਖਾਂ ਦਾ ਪਹਿਲਾ ਰਾਜਸੀ ਇਕੱਠ ਸੀ। ( ਰਿਪੋਟ ਸ੍ਰੀ ਦਰਬਾਰ ਸਾਹਿਬ )
13 ਅਪ੍ਰੈਲ 1919 ਦੇ ਜਲਿਆਂਵਾਲੇ ਬਾਗ ਦੇ ਇਸ ਖੰੂਨੀ ਸਾਕੇ ਵਿਚ ਸ਼ਹੀਦ ਹੋਣ ਵਾਲੇ ਬਾਕੀ ਲੋਕਾਂ ਦੇ ਨਾਲ 25 ਰਾਮਗੜੀ੍ਏ ( ਤਰਖਾਣ, ਲੁਹਾਰ, ਰਾਜ ਮਿਸਤਰੀ ਅਦਿ) ਵੀ ਸਨ ਅਤੇ 6 ਬਹੁਤ ਹੀ ਬੁਰੀ ਤਰਾਂ ਜੱਖਮੀ ਸਨ। ਇਨਾਂ ਦਾ ਵੇਰਵਾ ਜਿਤਨਾਂ ਕੁ ਮਿਲ ਸਕਿਆ ਉਹ ਇਸ ਤਰਾਂਹ ਹੇ ।( ਸ: ਸਤਨਾਮ ਚਾਨਾ ਤੇ ਚਿਰੰਜੀ ਲਾਲ ਨਰ ) ਦੇ ਮੁਤਾਬਿਕ ਰਾਮਗੜੀਆ ਸ਼ਹੀਦਾਂ ਤੇ ਜਖਮੀਆਂ ਦਾ ਵੇਰਵਾ ਇਸ ਤਰਾਂ ਹੈ”।
1. ਅਮਰ ਸਿੰਘ ਪੁੱਤਰ ਰੋਡਾ ਸਿੰਘ, ਪਿੰਡ ਨਬੀਪੁਰ ਤਹਿ:ਪੱਟੀ , ਤਰਨ ਤਾਰਨ।
2. ਭਾਈ ਬੂੜਾ ਪੁੱਤਰ ਅਰੂੜ ਸਿੰਘ ਜਨਮ 1899 ਵਾਸੀ, ਅੰਮ੍ਰਿਤਸਰ।
3. ਹੁਕਮ ਸਿੰਘ ਪੁੱਤਰ ਜਗਤ ਸਿੰਘ ਕੱਟੜਾ ਸ਼ੇਰ ਸਿੰਘ ,ਅੰਮ੍ਰਿਤਸਰ, ਉਮਰ 12 ਸਾਲ।
4. ਇਲਾਹੀ ਬਖਸ਼ ਤਰਖਾਣ ਪੁੱਤਰ ਅਬਦੁਲਾ ਪਿੰਡ ਡੱਲੀ, ਜਿਲਾ੍ਹ ਗੁੱਜਰਾਂਵਾਲਾ।
5. ਕਾਲਾ ਸਿੰਘ ਪੁੱਤਰ ਵਸਾਵਾ ਸਿੰਘ ਜਨਮ 1879 ਪਿੰਡ ਫਤਿਹਗੜ ਚੱਕ, ਅੰਮ੍ਰਿਤਸਰ।
6. ਕਰਮਦੀਨ ਪੁੱਤਰ ਗੁਲਾਬ ਲੁਹਾਰ, ਪਿੰਡ ਸੋਹੀਆ ਕਲਾਂ ,ਅੰਮ੍ਰਿਤਸਰ।
7. ਸੋਭਾ ਰਾਮ ਤਰਖਾਣ ਜਨਮ 1864 ,ਚੌਕ ਪ੍ਰਾਗਦਾਸ ,ਅੰਮ੍ਰਿਤਸਰ।
8. ਮੂਲ ਸਿੰਘ ਤਰਖਾਣ ਪੁੱਤਰ ਕਾਹਨ ਸਿੰਘ, ਉਮਰ 20 ਸਾਲ ,ਕੂਚਾ ਨਡਾਲੀਆਂ, ਅੰਮ੍ਰਿਤਸਰ।
9. ਰਾਮ ਸਿੰਘ ਪੁੱਤਰ ਜਵਾਹਰ ਸਿੰਘ ਤਰਖਾਣ, ਕੂਚਾ ਉਪਲਾਂ, ਕੱਟੜਾ ਕੂਲੋ ,ਅੰਮ੍ਰਿਤਸਰ।
10. ਸੰਤ ਸਿੰਘ ਮਿਸਤ੍ਰੀ ਪੁੱਤਰ ਝੰਡਾ ਸਿੰਘ ,ਬਜਾਰ ਰਾਜਾ ਸਾਂਸੀ ,ਅੰਮ੍ਰਿਤਸਰ।
11. ਸੋਭਾ ਸਿੰਘ ਜਨਮ 1894, ਅੰਮ੍ਰਿਤਸਰ।
12. ਬਲਵੰਤ ਸਿੰਘ 19 ਸਾਲ ਪੁੱਤਰ ਅਰੂੜ ਸਿੰਘ, ਕੂਚਾ ਤਰਖਾਣਾ, ਕੱਟੜਾ ਆਹਲੂਵਾਲੀਆ, ਅੰਮ੍ਰਿਤਸਰ।
13. ਬਰਕੱਤ ਅਲੀ ਪੁੱਤਰ ਇਲਾਹੀ ਬਖਸ਼ ਤਰਖਾਣ, ਕੱਟੜਾ ਹਕੀਮਾਂ ,ਅੰਮ੍ਰਿਤਸਰ।
14. ਬੁੱਧ ਸਿੰਘ ਚੌਧਰੀ ਪੁੱਤਰ ਸ਼ਾਮ ਸਿੰਘ, ਕੂਚਾ ਬੱਕਰਵਾਨਾਂ ,ਅੰਮ੍ਰਿਤਸਰ।
15. ਬੱੁਢਾ ਸਿੰਘ ਰਾਮਗੜ੍ਹੀਆ, ਕੂਚਾ ਬੱਕਰਵਾਨਾਂ, ਅੰਮ੍ਰਿਤਸਰ।
16. ਹਰਨਾਮ ਸਿੰਘ ਪੁੱਤਰ ਭਗਤ ਸਿੰਘ ਰਾਮਗੜੀਆ ,ਕੂਚਾ ਪੰਜਾਬ ਸਿੰਘ ,ਚੌਕ ਬਾਬਾ ਸਾਹਿਬ ਸਿੰਘ, ਅੰਮ੍ਰਿਤਸਰ।
17. ਅਮਰ ਸਿੰਘ ਪੁੱਤਰ ਰੋਡਾ ਸਿੰਘ, ਪਿੰਡ ਵਡਾਲਾ ਭਿਟੇਵਾਲ ,ਅੰਮ੍ਰਿਤਸਰ।
18. ਇਮਾਮੂ ਦੀਨ ਪੁੱਤਰ ਮੁਰਾਦਬਖਸ਼ ਲੁਹਾਰ, ਗਲੀ ਮੋਚੀਆਂ ,ਅੰਮ੍ਰਿਤਸਰ।
19. ਜਵੰਦ ਸਿੰਘ ਪੁੱਤਰ ਖੜਕ ਸਿੰਘ ,ਅੰਮ੍ਰਿਤਸਰ।
20. ਕਾਲਾ ਸਿੰਘ ਪੁੱਤਰ ਗੁਲਾਬ ਸਿੰਘ (45) ਤਰਖਾਣ, ਪਿੰਡ ਪੰਜਵੜ, ਅੰਮ੍ਰਿਤਸਰ।
21. ਕਰਮਦੀਨ ਪੁੱਤਰ ਗੁਲਾਬ ਲੁਹਾਰ, ਪਿੰਡ ਸੋਹੀਆਂ, ਅੰਮ੍ਰਿਤਸਰ।
22. ਲ਼ੱਭੂ ਪੁੱਤਰ ਮੰਗੂ ਜਨਮ 1889 ,ਕੱਟੜਾ ਰਾਮਗੜੀਆ, ਬਾਜਾਰ ਖੈਰਦੀਨ , ਅੰਮ੍ਰਿਤਸਰ।
23. ਮੁਹੰਮਦ ਸ਼ਰੀਫ ਮੁਹੰਮਦ ਰਮਜਾਨ ,ਕੂਚਾ ਮੱਛੀਆਂ, ਟੋਭਾ ਭਾਈ ਸਾਲੋ ,ਅੰਮ੍ਰਿਤਸਰ।
24. ਮੂਲ ਸਿੰਘ ਪੁੱਤਰ ਕਲਿਆਨ ਸਿੰਘ ਜਨਮ 1889, ਅੰਮ੍ਰਿਤਸਰ।
25. ਮੁਹੰਮਦ ਬਖਸ਼ ਜਨਮ 1884 ਮੈਸਨ, ਅੰਮ੍ਰਿਤਸਰ।
26. ਕਾਲਾ ਸਿੰਘ ਪੁੱਤਰ ਗੁਲਾਬ ਸਿੰਘ ,ਚੌਕ ਮੋਨੀ, ਕੱਟੜਾ ਰਾਮਗੜੀਆ, ਅੰਮ੍ਰਿਤਸਰ।
27. ਰਾਮ ਸਿੰਘ ਪੁੱਤਰ ਜਵਾਹਰ ਸਿੰਘ ,ਜਨਮ 1887, ਅੰਮ੍ਰਿਤਸਰ।
28. ਸੋਭਾ ਸਿੰਘ ਪੁੱਤਰ ਖੜਗ ਸਿੰਘ ਲੁਹਾਰ, 1869, ਕੂਚਾ ਨਿਛਾਨੀਆਂ, ਅੰਮ੍ਰਿਤਸਰ।
29. ਸੋਹਨ ਸਿੰਘ ਪੁੱਤਰ ਮੰਨਾ ਸਿੰਘ ਉਮਰ 20 ਸਾਲ ,ਪਿੰਡ ਲਾਲੂ ਘੁੰਮਣ ,ਅੰਮ੍ਰਿਤਸਰ।
30. ਅਬਦੁਲ ਕਰੀਮ ਪੁੱਤਰ ਲਾਲ ਮੁਹੰਮਦ ਲੁਹਾਰ, ਉਮਰ 17 ਸਾਲ।
31. ਸੁਰਜਨ ਸਿੰਘ ਪੁੱਤਰ ਗੰਡਾ ਸਿੰਘ ਜਨਮ 1895, ਪਿੰਡ ਫਤਿਹਾਬਾਦ ,ਤਰਨ ਤਾਰਨ।
32. ਭੁਝੰਗੀ ਸੁੰਦਰ ਸਿੰਘ (16) ਪੁੱਤਰ ਭਾਈ ਗਿਆਨ ਸਿੰਘ ਨੱਕਾਸ਼ ,ਕੂਚਾ ਤਰਖਾਣਾ, ਚੱਕ ਕੇਸਰੀਆ।
33. ਮੁਰਲੀ ਮੱਲ ਪੁੱਤਰ ਲੱਭੂ ਮੱਲ ਉਮਰ 60 ਸਾਲ ,ਕੂਚਾ ਰਾਮਨੰਦ ,ਕੱਟੜਾ ਅਹਲੂਵਾਲੀਆ, ਅੰਮ੍ਰਿਤਸਰ।
34. ਮੀਰ ਬਖਸ਼ (35) ,ਕੂਚਾ ਪੰਡਤਾਂ।
35. ਮੁਹੰਮਦ ਸ਼ਫੀ ਪੁੱਤਰ ਰਹੀਮ ਬਖਸ਼ ਉਮਰ 19 ਸਾਲ ,ਕੂਚਾ ਉਮਰ ਸ਼ੇਖ ,ਕੱਟੜਾ ਮਿਤ ਸਿੰਘ, ਅੰਮ੍ਰਿਤਸਰ।
36. ਮਿਸਤ੍ਰੀ ਭਾਈ ਨੰਦ ਸਿੰਘ।
ਇਸ ਖੂਨੀ ਘੱਲੂਘਾਰੇ ਤੋਂ ਬਾਦ ਅੰਗਰੇਜੀ ਸਰਕਾਰ ਦੇ ਜੁਲਮ ਹੋਰ ਵੱਧ ਗਏ। ਅੱਖਬਾਰਾਂ ਤੇ ਵੀ ਸੈਂਸਰਸ਼ਿਪ ਲਗਾ ਦਿੱਤੀ ਗਈ। ਦੂਜੇ ਪਾਸੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਅਰੂੜ ਸਿੰਘ ਨੇ ਕੌਮ ਧਰੋਹੀ ਹੋਣ ਦਾ ਪੂਰਾ ਸਬੂਤ ਦਿੰਦੇ ਹੋਏ, 30 ਅਪ੍ਰੈਲ 1919 ਨੂੰ ਜਨਰਲ ਉਡਵਾਇਰ ਨੂੰ ਦਰਬਾਰ ਸਾਹਿਬ ਬੁਲਾ ਕੇ ਵਧਾਈ ਦਿੱਤੀ ਤੇ ਸਿਰੋਪਾ ਭੇਂਟ ਕੀਤਾ। ( ਮਿ: ਕਾਵਿਨ ਡਾਇਰ ਦੀ ਜੀਵਨੀ ) ਲਿਖਦੇ ਹੋਏ ਦੱਸਦੇ ਹਨ ਕਿ ਅਰੂੜ ਸਿੰਘ ਨੇ ਡਾਇਰ ਨੂੰ ਸਿੱਖ ਬਨਣ ਲਈ ਕਿਹਾ ਤੇ ਉਡਵਾਇਰ ਦੀਆਂ ਸ਼ਰਤਾਂ ਮੰਨਣ ਨੂੰ ਵੀ ਤਿਆਰ ਹੋ ਗਏ। ਜਿਵੇਂ ਕਿ , ਕੇਸ ਨਾ ਵਧਾਉਣਾਂ, ਤੰਮਾਖੂ ਨਾ ਛੱਡਣਾਂ ਆਦਿ।
ਇਕੱਲਾ ਅਰੂੜ ਸਿੰਘ ਹੀ ਨਹੀ ਸਗੋਂ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਸ੍ਰ: ਸੁੰਦਰ ਸਿੰਘ ਮਜੀਠੀਆ , ਖਾਨ ਬਹਾਦੁਰ ਸੱਯਦ ਮਹਿੰਦੀਸ਼ਾਹ, ਰਾਜਾ ਨਰਿੰਦਰ ਨਾਥ ਆਦੀ ਆਗੂਆਂ ਨੇ ਸਰਕਾਰ ਦੀਆਂ ਤਰੀਫਾਂ ਦੇ ਪੁਲ ਬੰਨ ਦਿੱਤੇ। 12 ਮਈ 1919 ਨੂੰ ਜਨਰਲ ਡਾਇਰ ਦੀ ਰਿਟਾਇਰਮੈਂਟ ਤੇ ਲਹੌਰ ਗੌਰਮਿੰਟ ਹਾਊਸ ਵਿਚ ਡਾਇਰ ਦੀ ਤਾਰੀਫ ਵਿਚ ਸੁੰਦਰ ਸਿੰਘ ਮਜੀਠੀਆ ਨੇ ਕਸੀਦੇ ਪੜੇ।
ਅੰਗਰੇਜੀ ਸਰਕਾਰ ਦੀਆਂ ਸੱਖਤੀਆਂ ਤੇ ਪਬੰਦੀਆਂ ਦੇ ਬਾਵਜੂਦ ਇਸ ਵਿਸਾਖੀ ਦੇ ਸਾਕੇ ਦੀਆਂ ਖਬਰਾਂ ਪੂਰੇ ਭਾਰਤ ਵਿਚ ਫੈਲ ਗਈਆਂ ਤੇ ਰੋਸ ਮੁਜਾਹਰੇ ਤੇਜ ਹੋ ਗਏ।
ਰੋਸ ਵੱਜੋਂ ਸੀ੍ : ਰਾਬਿੰਦਰ ਨਾਥ ਟੈਗੋਰ ਨੇ 31 ਮਈ 1919 ਨੂੰ ਆਪਣਾਂ ਨੋਬਲ ਪਰੁਸਕਾਰ ਸਰਕਾਰ ਨੂੰ ਵਾਪਸ ਕਰ ਦਿੱਤਾ। ਮਹਾਤਮਾਂ ਗਾਂਧੀ ਨੇ ਵੀ ਆਪਣਾ ਹਿੰਦ-ਕੇਸਰੀ ਖਿਤਾਬ ਵਾਪਸ ਕਰ ਦਿੱਤਾ। ( ਵੀ. ਐਨ. ਦੱਤਾ )
ਗੁਰਦੇਵ ਸਿੰਘ ਰੂਪਰਾਏ ਦਿੱਲੀ