ਗਿਆਨੀ ਭਗਵਾਨ ਸਿੰਘ ਜੀ ਬਮਰਾ

ਮੇਰੇ ਪਿਛਲੇ ਆਰਟੀਕਲ ਵਿਚ ਅਸੀਂ ਬਾਬਾ ਹਰਿਦਾਸ ਸਿੰਘ ਜੀ ਬਮਰਾ ( ਸ੍ਰ: ਜੱਸਾ ਸਿੰਘ ਰਾਮਗੜੀਆ ਦੇ ਦਾਦਾ ਜੀ ) ਬਾਰੇ ਚਰਚਾ ਕੀਤੀ ਸੀ।ਹੁਣ ਇਸ ਲੇਖ ਵਿਚ ਅਸੀਂ ਗਿਆਨੀ ਭਗਵਾਨ ਸਿੰਘ ਜੀ ਬਮਰਾ੍ਹ (ਸ੍ਰ: ਜੱਸਾ ਸਿੰਘ ਰਾਮਗੜੀ੍ਹਆ ਦੇ ਪਿਤਾ ਜੀ) ਦੇ ਜੀਵਨ ਘੋਲ ਬਾਰੇ ਚਰਚਾ ਕਰਾਂਗੇ।

ਹੁਣ ਤੱਕ ਦੇ ਲਿੱਖਿਤ ਇਤਿਹਾਸ ਵਿਚੋਂ ਗਿਆਨੀ ਜੀ ਬਾਰੇ ਕੋਈ ਬਹੁਤ ਜਿਆਦਾ ਜਾਣਕਾਰੀ ਪਾ੍ਰਪਤ ਨਹੀਂ ਹੁੰਦੀ।ਬਹੁਤ ਛਾਣ ਬੀਨ ਦੇ ਬਾਦ ਜੋ ਤੱਥ ਸਾ੍ਹਮਣੇ ਆਏ ਹਨ ਉਨਾਂ੍ਹ ਤੇ ਝਾਤ ਮਾਰਦੇ ਹਾਂ। ਕਿਸੇ ਵੀ ਇਤਿਹਾਸਕਾਰ ਨੇ ਸ:ਭਗਵਾਨ ਸਿੰਘ ਜੀ ਦੇ ਜਨਮ ਤਾਰੀਕ ਬਾਰੇ ਜਿਕਰ ਨਹੀਂ ਕੀਤਾ। ਹਾਂ ਉਨਾ੍ਹ ਦੀ ਸ਼ਹਾਦਤ ਬਾਰੇ ਸਭ ਨੇ ਜਿਕਰ ਕੀਤਾ ਹੈ।

ਬਾਬਾ ਹਰਿਦਾਸ ਸਿੰਘ ਬਮਰਾ੍ਹ ਜੀ ਦੇ ਘਰ (ਪਿੰਡ ਸੁਰਸਿੰਘ, ਪੱਤੀ ਮਾ੍ਹਣਾ ਕੀ ,ਜਿਲਾ੍ਹ ਤਰਨ ਤਾਰਨ) ਦੋ ਪੁੱਤਰਾਂ ਦਾ ਜਨਮ ਹੋਇਆ, ਜਿਨਾਂ੍ਹ ਦੇ ਨਾਮ , ਭਗਵਾਨ ਸਿੰਘ ਅਤੇ ਦਾਨ ਸਿੰਘ ਰੱਖਿਆ ਗਿਆ। ਬਚਪਨ ਤੋਂ ਹੀ ਆਪ ਨੇ ਪਿਤਾ ਹਰਿਦਾਸ ਜੀ ਪਾਸੋਂ ਗੁਰਬਾਣੀ, ਗੁਰਮੁੱਖੀ, ਗੁਰਸਿੱਖੀ ਅਤੇ ਸ਼ਸਤਰ ਵਿਦਿਆ ਸਿੱਖਣੀ ਸ਼ੁਰੂ ਕਰ ਦਿੱਤੀ ਸੀ। ਆਪ ਦੇ ਵਿਚ ਵਿਦਵਾਨਾਂ ਵਾਲੇ ਸਾਰੇ ਗੁਣ ਮੌਜੂਦ ਸਨ। ਸ਼ੁਰੂ ਤੋਂ ਹੀ ਆਪ ਨੇ ਗੁਰਬਾਣੀ ਦੀਆਂ ਪੋਥੀਆਂ ਅਤੇ ਗੁਟਕੇ ਹੱਥੀਂ ਲਿਖ ਕੇ ਸ਼ਰਧਾਲੂ ਸਿੱਖਾਂ ਵਿਚ ਵੰਡਣੇ ਸ਼ੁਰੂ ਕਰ ਦਿੱਤੇ। ਸ਼ਸਤਰ ਵਿਦਿਆ ਦੇ ਜਾਣੂ ਹੋਣ ਕਰਕੇ ਲੋੜ ਵੇਲੇ ਆਪ ਜੰਗ ਦੇ ਮੈਦਾਨ ਵਿਚ ਵੀ ਜੌਹਰ ਦਿਖਾਉਂਦੇ । ਆਪ ਨੂੰ ਕਾਫੀ ਬਾਣੀ ਕੰਠ ਸੀ ,ਪਿੰਡ ਵਿਚ ਕਥਾ, ਗੁਰਬਾਣੀ ਦਾ ਪਾਠ ਅਤੇ ਆਸ ਪਾਸ ਦੇ ਇਲਾਕੇ ਵਿਚ ਵੀ ਲੋਕਾਂ ਨੂੰ ਪਾਠ ਕਰਨ ਦੀ ਜਾਚ ਸਿਖਾਉਂਦੇ ਸਨ “ (ਸ: ਕੇਹਰ ਸਿੰਘ ਮਠਾਰੂ ਕਨੇਡਾ) ।ਇਨਾਂ੍ਹ ਦੇ ਇਸ ਗੁਣ ਦੇ ਕਾਰਨ ਪਿਆਰ ਨਾਲ ਲੋਕ ਆਪ ਨੂੰ ਗਿਆਨੀ ਜੀ ਵੀ ਕਹਿਣ ਲਗ ਪਏ। ਅਗੇ ਚਲ ਕੇ ਇਹਨਾਂ ਦੇ ਨਾਮ ਦੇ ਨਾਲ ਪੱਕੀ ਤਰਾ੍ਹ ਗਿਆਨੀ ਲਫਜ ਜੁੜ ਗਿਆ। ਇਨਾਂ੍ਹ ਦੀ ਇਸ ਪ੍ਰਸਿਧੀ ਕਰਕੇ ਆਪ ਮੁਗਲਾਂ ਦੀਆਂ ਨਜਰਾਂ ਵਿਚ ਰੜਕਦੇ ਸਨ।

ਮੁਢਲਾ ਸਮਾਂ

ਮੁਢਲਾ ਸਮਾਂ ਆਪ ਨੇ ਆਪਣੇ ਪਿਤਾ ਬਾਬਾ ਹਰਿਦਾਸ ਜੀ ਨਾਲ ਅਨੰਦਪੁਰ ਵਿਖੇ ਬਿਤਾਇਆ ਅਤੇ ਜਦੋਂ ਦਿਸੰਬਰ 1704 ਈ: ਨੂੰ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਛੱਡਿਆ ਤਾਂ ਆਪ ਵਾਪਸ ਆਪਣੇ ਪਿੰਡ ਸੁਰਸਿੰਘ ਆ ਗਏ।ਫਿਰ ਸਾਬੋ ਕੀ ਤਲਵੰਡੀ ਵਿਚ ਗੁਰੂੁ ਜੀ ਦੀ ਆਮਦ ਸੁਣ ਕੇ ਆਪ ਆਪਣੇ ਛੋਟੇ ਭਰਾ ਦਾਨ ਸਿੰਘ ਨੂੰ ਪਿੰਡ ਵਿਚ ਹੀ ਪ੍ਰੀਵਾਰ ਕੋਲ ਛੱਡ ਕੇ ਪਿਤਾ ਜੀ ਨਾਲ ਸਾਬੋ ਕੀ ਤਲਵੰਡੀ ਗੁੁਰੂੁ ਜੀ ਦੀ ਸੇਵਾ ਵਿਚ ਆ ਗਏ।ਫਿਰ ਜਦੋਂ 30 ਅਕਤੂਬਰ 1706 ਈ: ਨੂੰ ਗੁਰੂ ਜੀ ਨੇ ਦੱਖਣ ਵਲ ਜਾਣ ਦਾ ਫੈਂਸਲਾ ਕੀਤਾ ਤਾਂ ਬਾਬਾ ਹਰਿਦਾਸ ਜੀ ਤਾਂ ਵਾਪਸ ਪਿੰਡ ਸੁਰਸਿੰਘ ਚਲੇ ਗਏ ਲੇਕਿਨ  ਭਗਵਾਨ ਸਿੰਘ ਜੀ ਬਾਕੀ ਸਿੱਖਾਂ ਅਤੇ ਗੁਰੁ ਜੀ ਨਾਲ ਦੱਖਣ ਚਲੇ ਗਏ”( ਹਰੀ ਰਾਮ ਗੁਪਤਾ ਹਿਸਟਰੀ ਆਫ ਸਿੱਖਸ ਭਾਗ 4) 1708 ਈ: ਨੂੰ ਗੁਰੂ ਜੀ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਲ ਤੋਰਿਆ ਤਾਂ ਆਪ ਵੀ ਉਨਾ੍ਹ ਦੇ ਨਾਲ ਵਾਪਸ ਪੰਜਾਬ ਨੂੰ ਆ ਗਏ। ਬੰਦਾ ਸਿੰਘ ਬਹਾਦਰ ਦੇ ਨਾਲ ਮਿਲਕੇ ਆਪ ਨੇ ਤਕਰੀਬਨ ਸਭ ਜੰਗਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। 1710 ਈ: ਵਿਚ ਆਪਣੇ ਪਿਤਾ ਬਾਬਾ ਹਰਿਦਾਸ ਸਿੰਘ ਜੀ ਦੀ ਸ਼ਹਾਦਤ ਦੇ ਬਾਦ ਆਪ ਵਾਪਸ ਆਪਣੇ ਪਿੰਡ ਸੁਰਸਿੰਘ ਆ ਗਏ।ਅਤੇ ਮੁੜ ਆਪਣਾ ਪਿਤਾ ਪੁਰਖੀ ਕਿੱਤਾ ਸ਼ੁਰੂ ਕਰ ਦਿੱਤਾ।ਆਪ ਤਰਖਾਣਾ ਕੰਮ ਦੇ ਨਾਲ ਨਾਲ ਬੱਚਿਆਂ ਤੇ ਵੱਡਿਆਂ ਨੂੰ ਗੁਰਮੁੱਖੀ ਅੱਖਰ ਸਿਖਾਉਣ ਅਤੇ ਵੱਡਿਆਂ ਦੀ ਸੂਰਬੀਰਤਾ ਦੀਆਂ ਸਾਖੀਆਂ ਸੁਨਾਣ ਦਾ ਕੰਮ ਵੀ ਕਰਦੇ।

ਬਿਖੜਾ ਸਮਾਂ

ਸ਼ਾਇਦ ਕੁਦਰਤ ਨੂੰ ਕੁਝ ਹੋਰ ਮੰਜੂਰ ਸੀ , ਜੂਨ 1716 ਈ: ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਬਾਦ ਤੋਂ ਸਮੇ ਨੇ ਇਕ ਵਾਰ ਫਿਰ ਕਰਵੱਟ ਬਦਲੀ।ਸਿੱਖਾਂ ਦੇ ਕੋਲ ਕੋਈ ਇਕ ਯੋਗ ਲੀਡਰ ਨਾ ਹੋਣ ਕਰਕੇ ਸਿੱਖ ਛੋਟੇ ਛੋਟੇ ਜਥਿਆਂ ਵਿਚ ਵੰਡੇ ਗਏ, ਅਤੇ ਇੱਧਰ ਉੱਧਰ ਫੈਲ ਗਏ। ਸਿੱਖ ਮੁਗਲਾਂ ਦੇ ਜੁਲਮ ਅਤੇ ਹਮਲਿਆਂ ਤੋਂ ਬਚਣ ਲਈ ਜੰਗਲਾਂ, ਪਹਾੜਾਂ ਵਿਚ ਛੁਪ ਕੇ ਰਹਿਣ ਲਗ ਪਏ।ਪਹਿਲਾਂ ਲਹੌਰ ਦੇ ਸੂਬੇ ਅਬਦੁਸ ਸੰਮਦ ਖਾਨ ਨੇ ਸਿੱਖਾਂ ਤੇ ਅੱਤ ਦਰਜੇ ਦੇ ਜੁਲਮ ਕੀਤੇ।ਇਥੋਂ ਤੱਕ ਕਿ ਸਿੱਖਾਂ ਦੇ ਸਿਰਾਂ ਤੇ ਇਨਾਮ ਵੀ ਰੱਖੇ ਗਏ। ਸਿੱਖਾਂ ਦਾ ਜੀਣਾਂ ਦਿਨੋ ਦਿਨ ਮੁਸ਼ਕਿਲ ਹੁੰਦਾ ਗਿਆ।ਫਿਰ ਉਸਦਾ ਲੜਕਾ ਜਕਰੀਆ ਖਾਨ ( 1726 ਈ: )ਵਿਚ ਲਹੌਰ ਦਾ ਸੂਬਾ ਬਣਿਆ।ਉਹ ਆਪਣੇ ਬਾਪ ਤੋਂ ਵੀ ਜਿਆਦਾ ਜਾਲਿਮ ਸੀ । ਸਿੱਖਾਂ ਉਤੇ ਵੱਧ ਤੋਂ ਵੱਧ ਟੈਕਸ ਲਗਾਏ ਜਾਣ ਲੱਗੇ।ਫੌਜੀਆਂ ਅਤੇ ਹਾਕਮਾਂ ਤੋਂ ਸਿੱਖ ਧੀਆਂ ਭੈਣਾਂ ਦੀ ਇੱਜਤ ਬਚਾਉਣੀ ਵੀ ਔਖੀ ਹੋ ਗਈ । ਇਸਤੋਂ ਵੀ ਵੱਧ ਉਸਨੇ ਸਭ ਪਾਸੇ ਹੁਕਮ ਨਾਮੇ ਭੇਜ ਦਿੱਤੇ ਕਿ ਜਿੱਥੇ ਵੀ ਸਿੱਖ ਦਿਸੇ ਜਾਂ ਤਾਂ ਉਸ ਨੂੰ ਕਤਲ ਕਰ ਦਿਉ ਜਾਂ ਪਕੜ ਲਵੋ ਤੇ ਮੁਗਲ ਹਕੂਮਤ ਦੇ ਹਵਾਲੇ ਕਰਕੇ ਇਨਾਮ ਪਾੳੋ। ਸਿੱਖ ਜਿਆਦਾਤਰ ਕਾਂਹਨੂੰਵਾਨ , ਬੀਕਾਨੇਰ, ਲੱਖੀ ਜੰਗਲ, ਮਾਲਵੇ ਦੇ ਰੇਗਿਸਤਾਨਾਂ ਅਤੇ ਪਹਾੜਾਂ ਦੇ ਜੰਗਲਾਂ ਵਿਚ ਜਾ ਕੇ ਛੁੱਪ ਰਹਿੰਦੇ ਸਨ।ਜਦੋਂ ਮੌਕਾ ਮਿਲਦਾ ਰਾਤ ਬਰਾਤੇ ਹਮਲਾ ਕਰਕੇ ਮੁਗਲਾਂ ਦੇ ਦੰਦ ਵੀ ਖੱਟੇ ਕਰ ਜਾਂਦੇ। ਗਿਆਨੀ ਭਗਵਾਨ ਸਿੰਘ ਵਰਗੇ ਨਾਮਵਰ ਸਿੱਖ ਲਈ ਤਾਂ ਹੋਰ ਵੀ ਮੁਸ਼ਕਿਲ ਸੀ, ਕਿਉਂਕਿ ਉਹ ਮੁਗਲਾਂ ਦੀਆਂ ਨਜਰਾਂ ਵਿਚ ਰੜਕਦੇ ਰੰਿਦੇ ਸਨ।

               ਗਿਆਨੀ ਭਗਵਾਨ ਸਿੰਘ ਜੀ ਵੀ ਇਸ ਲੁਕਾ ਛਿੱਪੀ ਤੋਂ ਤੰਗ ਆ ਕੇ, ਪਿੰਡ ਸੁਰਸਿੰਘ ਨੂੰ ਛੱਡ ਕੇ ਲਹੌਰ ਦੇ ਪੂਰਬ ਵਲ 12 ਕੂ ਮੀਲ ਦੂਰੀ ਤੇ ਇਕ ਘੁੱਗ ਵਸਦੇ ਪਿੰਡ ਇਚੋਗਿਲ ( ਜਿਲਾ੍ਹ ਲਹੌਰ ) ਜਾ ਵਸੇ। ਇਚੋਗਿਲ ਜਿਸਨੂੰ ਇਚੋਗਿਲ ਉੱਤਾਰ ਵੀ ਕਹਿੰਦੇ ਹਨ ਅੱਜ ਕਲ ਪਾਕਿਸਤਾਨ ਵਿਚ ਹੈ। ਸਿੱਖਾਂ ਦੇ ਵਿਚ ਸਤਿਕਾਰਯੋਗ ਅਤੇ ਹਰਮਨ ਪਿਆਰੇ ਹੋਣ ਕਰਕੇ ਸਿੱਖਾਂ ਨੇ ਇਨਾ੍ਹ ਦੀ ਕਾਫੀ ਹਿਫਾਜਤ ਕੀਤੀ।ਆਪ ਦੀ ਸ਼ਾਦੀ ਬੀਬੀ ਗੰਗੋ ਜੀ ਦੇ ਨਾਲ ਹੋਈ। ਅਤੇ ਇਸ ਮਾਤਾ ਦੀ ਕੱੁਖ ਤੋਂ ਗਿਆਨੀ ਭਗਵਾਨ ਸਿੰਘ ਦੇ ਘਰ ਪੰਜ ਪੁੱਤਰਾਂ ਨੇ ਜਨਮ ਲਿਆ। ਜੱਸਾ ਸਿੰਘ,ਜੈ ਸਿੰਘ,ਖੁਸ਼ਹਾਲ ਸਿੰਘ, ਮਾਲੀ ਸਿੰਘ ਅਤੇ ਤਾਰਾ ਸਿੰਘ। ਜੱਸਾ ਸਿੰਘ ਦਾ ਜਨਮ ਮਈ 1723 ਈ: ਨੂੰ ਹੋਇਆ ਅਤੇ ਆਪ ਸਭ ਤੋਂ ਵੱਡੇ ਸਨ। ਗਿਆਨੀ ਭਗਵਾਨ ਸਿੰਘ ਜੀ ਨੇ ਵੱਡੇ ਪੁੱਤਰ ਜੱਸਾ ਸਿੰਘ ਨੂੰ ਗੁਰਬਾਣੀ ਅਤੇ ਸ਼ਸਤਰ ਵਿਦਿਆ ਦੇ ਨਾਲ ਨਾਲ ਆਪਣਾ ਪਿਤਾ ਪੁਰਖੀ ਤਰਖਾਣਾਂ ਕੰਮ ਸਿਖਾਣ ਦੀ ਬਹੁਤ  ਕੋਸ਼ਿਸ਼ ਕੀਤੀ ਲੇਕਿਨ ਜੱਸਾ ਸਿੰਘ ਨੇ ਗੁਰਬਾਣੀ ਦੇ ਨਾਲ ਨਾਲ ਸਿਰਫ ਹਥਿਆਰਾਂ ਅਤੇ ਸ਼ਸਤਰ ਵਿਦਿਆ ਵਿਚ ਹੀ ਆਪਣੀ ਰੁਚੀ ਦਿਖਾਈ।ਥੋੜੇ ਚਿਰ ਵਿਚ ਹੀ ਉਹ ਸ਼ਸਤਰ ਵਿਦਿਆ ਦੀਆਂ ਬਰੀਕੀਆਂ ਨੂੰ ਸਮਝ ਗਏ, ਤੇ ਇਸ ਵਿਚ ਮਾਹਿਰ ਹੋ ਗਏ। ਲੇਕਿਨ ਘਰ ਦੇ ਹਾਲਾਤ ਕਾਫੀ ਚਿੰਤਾ ਜਨਕ ਹੋ ਗਏ।

ਜਕਰੀਆ ਖਾਨ ਦਾ ਖਾਲਸੇ ਨਾਲ ਮੇਲਜੋਲ 

ਵਕਤ ਨੇ ਇਕ ਵਾਰ ਫੇਰ ਪਾਸਾ ਪਲਟਿਆ। ਮੁਗਲ ਹਕੂਮਤ ਸਿੱਖਾਂ ਤੇ ਜੁਲਮ ਕਰ ਕਰ ਕੇ ਥੱਕ ਗਈ।ਲੇਕਿਨ ਸਿੱਖਾਂ ਨੂੰ ਖਤਮ ਨਾ ਕਰ ਪਾਈ। ਹਰ ਤਰਾ੍ਹ ਦੇ ਹੱਥ ਕੰਡੇ ( ਸਾਮ ਦਾਮ ਦੰਡ ਭੇਦ ) ਮੁਗਲਾਂ ਨੇ ਅਜਮਾ ਕੇ ਦੇਖ ਲਏ।ਮੁਗਲ ਵੀ ਤੰਗ ਆ ਚੁੱਕੇ ਸਨ।ਉਹ ਇਕ ਹਜਾਰ ਮਾਰਦੇ ਪਰ ਸਿੱਖ ਦੋ ਹਜਾਰ ਪੈਦਾ ਹੋ ਜਾਂਦੇ।ਤੰਗ ਆ ਕੇ ਸੂਬਾ ਜਕਰੀਆ ਖਾਨ ਨੇ ਆਪਣੇ ਦਰਬਾਰੀਆਂ ਨਾਲ ਸਲਾਹ ਕਰਕੇ ਦਿੱਲੀ ਦੇ ਬਾਦਸ਼ਾਹ  ਮੁਹੰਮਦ ਸ਼ਾਹ  ਨੂੰ ਮੱਘਰ 1789 ਬਿ: (ਦਸੰਬਰ 1732 ਈ:  ਗਿਆਨੀ ਗਿਆਨ ਸਿੰਘ)  ਇਕ ਚਿੱਠੀ ਲਿਖੀ।ਇਸ ਚਿੱਠੀ ਵਿਚ ਉਸਨੇ ਸਿੱਖਾਂ ਦੇ ਅਗੇ ਉਸਦੀ ਬੇਬਸੀ ਦਾ ਖੁਲ੍ਹ ਕੇ ਜਿਕਰ ਕੀਤਾ ਅਤੇ ਇਹ ਵੀ ਲਿਖਿਆ ਕੇ ਮੇਰੀ ਫੌਜ ਤੇ ਦਿੱਲੀ ਦੀ ਫੌਜ ਵੀ ਇਹਨਾਂ ਨੂੰ ਖੱਤਮ ਨਹੀਂ ਕਰ ਸਕੀ।ਜਿਤਨਾ ਨੁਕਸਾਨ ਅਸੀਂ ਉਨਹਾਂ ਦਾ ਕਰਦੇ ਹਾਂ ਨਾਲ ਸਾਡਾ ਵੀ ਨੁਕਸਾਨ ਰੱਜ ਕੇ ਹੁੰਦਾ ਹੈ ।ਇਨਾਂ੍ਹ ਵਿਚ ਗੁਰੂ ਨੇ ਐਸੀ ਕਲਾ ਵਰਤਾਈ ਹੈ ਕਿ ਇਹ ਦੁਖ ਭੁਖ ਨੂੰ ਕੁਛ ਸਮਝਦੇ ਹੀ ਨਹੀਂ ।ਸਾਰੀ ਤਰਾਂ੍ਹ ਦੇ ਜੁਲਮ ਕਰਕੇ ਦੇਖ ਲਏ ਹਨ ਹੁਣ ਇਕੋ ਇਕ ਤਰੀਕਾ ਸਮਝ ਵਿਚ ਆ ਰਿਹਾ ਹੈ ਕਿ ਇਹਨਾਂ ਨਾਲ ਸੁਲਾਹ ਕਰ ਲਈ ਜਾਏ।ਸ਼ਾਇਦ ਇਸ ਤਰਾਂ੍ਹ ਸੂਬੇ ਵਿਚ ਅਮਨ ਚੈਨ ਹੋ ਜਾਏ। ( ਇਸ ਤਜਵੀਜ ਪਿਛੇ ਜਕਰੀਆ ਖਾਨ ਦੀ ਚਲਾਕੀ ਭਰੀ ਇਹ ਸੋਚ ਸੀ ਕਿ ਸਿੱਖ ਪੈਸੇ ਦੇ ਲਾਲਚ ਵਿਚ ਆਪਸ ਵਿਚ ਹੀ ਲੜ ਪੈਣਗੇ ਤੇ ਮੁਗਲ ਇਹਨਾ ਤੇ ਆਸਾਨੀ ਨਾਲ ਕਾਬੂ ਪਾ ਲੈਣਗੇ )

ਇਹ ਚਿੱਠੀ ਪੜ੍ਹ ਕੇ ਬਾਦਸ਼ਾਹ ਵੀ ਹੈਰਾਨ ਰਹਿ ਗਿਆ।ਉਸਨੇ ਭੰਡ ( ਮਰਾਸੀ) ਬੁਲਾ ਕੇ ਸਿੱਖਾਂ ਦਾ ਸਾਂਗ ਕਰਨ ਲਈ ਕਿਹਾ।ਜਦੋਂ ਭੰਡਾਂ ਨੇ ਸਿੱਖਾਂ ਦੀ ਪੂਰੀ ਤਸਵੀਰ ਸੱਭ ਦੇ ਸਾਹਮਣੇ ਪੇਸ਼ ਕੀਤੀ ਤਾਂ ਬਾਦਸ਼ਾਹ ਦੀਆਂ ਅੱਖਾਂ ਖੁਲ੍ਹੀਆਂ ਰਹਿ  ਗਈਆਂ। ਝੱਟ ਨਾਲ ਉਸਨੇ ਚਿੱਠੀ ਦਾ ਜਵਾਬ ਲਿੱਖ ਭੇਜਿਆ, ਕਿ ਜਿਸਤਰਾਂ੍ਹ ਵੀ ਹੋਵੇ ਸਿੱਖਾਂ ਨਾਲ ਸੁਲਹ ਕਰ ਲਈ ਜਾਵੇ ਬਾਦਸ਼ਾਹਿ ਸੁਨ ਪੁਨਾ੍ਹ ਰਪੋਟ, ਹੁਕਮ ਲਖਾਇਉ ਐਸ ਸਫੋਟ। ਖਾਨ ਬਹਾਦਰ ਪ੍ਰੱਤੀ ਲਿਖ ਪਠਿਉ, ਬੈਰ ਸਿੰਘਨ ਸੁ ਕਬੀ ਨ ਠਟਿਉ। ਜਯੋਂ ਤਯੋਂ ਰਾਖੇ ਇਨੈ੍ਹ ਪਰਚਾਏ,ਦੇਸ ਵਿਰਾਨ ਨ ਹੋਵਨ ਪਾਏ”।( ਗਿਆਨੀ ਗਿਆਨ ਸਿੰਘ — ਪੰਥ ਪਰਕਾਸ਼)। ਨਾਲ ਹੀ ਤਜਵੀਜ ਕੀਤੀ ਕਿ ਸਿੱਖਾਂ ਨੂੰ ਕੁਝ ਜਗੀਰ, ਪੈਸੇ , ਖਿੱਲਤ ਅਤੇ ਨਵਾਬੀ ਖਿਤਾਬ ਆਦੀ ਪੇਸ਼ ਕਰੋ। ਚਿੱਠੀ ਮਿਲਦੇ ਸਾਰ ਜਕਰੀਆ ਖਾਨ ਨੇ 1733 ਈ: ਦੇ ਅਰੰਭ ਵਿਚ ਭਾਈ ਸੁਬੇਗ ਸਿੰਘ ( ਇਹ ਲਹੌਰ ਦਰਬਾਰ ਵਿਚ ਪਰਸ਼ੀਅਨ ਦਾ ਜਾਣਕਾਰ ਇਕ ਕਲੱਰਕ ਸੀ) ਨੂੰ ਵਿਸਾਖੀ ਤੇ ਅੰਮਿ੍ਰਤਸਰ ,ਵਕੀਲ ਬਣਾ ਕੇ ਸਿੱਖਾਂ ਨੂੰ ਜਗੀਰ ਦੇਣ ਦਾ ਐਹਦਨਾਮਾ ਦੇ ਕੇ ਭੇਜਣ ਦਾ ਮਤਾ ਪਕਾਇਆ ਤਾਂ ਸੁਬੇਗ ਸਿੰਘ ਨੇ ਕਿਹਾ ਕਿ ਕੋਈ ਇਨਾਮ ਵੀ ਨਾਲ ਚਾਹੀਦਾ ਹੈ  ਸੁਬੇਗ ਸਿੰਘ ਉਸ ਅਗਿਉਂ ਭਾਖੀ, ਕਿ ਖਾਲਸੈ ਮੈ ਢਿਗ ਦੇ ਰਾਖੀ। ਕਿਛੁ ਤੋਫੇ ਤੁਫਾਯਤ ਔ ਮਗਰੋਂ ਦੇਹੁ, ਤੋਊ ਬਣੇ ਤੁਮ ਸਿਉ ਉਨ ਨੇਹੋਂ ” ( ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ) ਇਸਤੇ ਜਕਰੀਆ ਖਾਨ ਨੇ ਇਕ ਸੋਨੇ ਦੀਆਂ ਮੋਹਰਾਂ ਦਾ ਥੈਲਾ , ਇਕ ਖਿੱਲਤ , ਨਵਾਬੀ ਖਿਤਾਬ ਅਤੇ 12 ਪਿੰਡਾਂ ਦੀ ਜਗੀਰ ਖਾਲਸੇ ਵੱਲ ਭੇਜੀ ( ਹਰੀ ਰਾਮ ਗੁਪਤਾ ਭਾਗ 4)

ਪਹਿਲਾਂ ਤਾਂ ਖਾਲਸੇ ( ਜਥੇਦਾਰ ਦਰਬਾਰਾ ਸਿੰਘ, ਮੌਕੇ ਦੇ ਪ੍ਰਮੁਖ ਜਥੇਦਾਰ ) ਨੇ ਮੁਗਲਾਂ ਪਾਸੋਂ ਕੋਈ ਵੀ ਖਿਤਾਬ ਜਾਂ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ।ਫਿਰ ਕਈ ਮੁੱਦਿਆਂ ਤੇ ਵਿਚਾਰ ਕਰਨ ਤੋਂ ਬਾਦ ਖਾਲਸਾ ਇਸ ਗੱਲ ਲਈ ਤਿਆਰ ਹੋਇਆ ਕਿ ਜਗੀਰ ਦਾ ਮਾਮਲਾ ਸਾਰਾ ਦਰਬਾਰ ਸਾਹਿਬ ਦੇ ਖਜਾਨੇ ਵਿਚ ਜਾਏਗਾ ਅਤੇ ਖਿਤਾਬ ਕਿਸੇ ਸੇਵਕ ਨੂੰ ਦੇ ਦਿੱਤਾ ਜਾਏ। ਸ: ਕਪੂਰ ਸਿੰਘ ਫੈਜਲਪੁਰੀਆ ਉਸ ਵੱਕਤ ਸੰਗਤ ਵਿਚ ਪੱਖੇ ਦੀ ਸੇਵਾ ਕਰ ਰਹੇ ਸਨ, ਇਹ ਨਵਾਬੀ ਖਿਤਾਬ ਸਰਬ ਸੰਮਤੀ ਨਾਲ ਉਨਾਂ੍ਹ ਨੂੰ ਦੇ ਦਿੱਤਾ ਗਿਆ।ਉਸ ਦਿਨ ਤੋਂ ਉਹਨਾਂ ਨੂੰ ਨਵਾਬ ਕਪੂਰ ਸਿੰਘ ਸੱਦਿਆ ਜਾਣ ਲਗ ਪਿਆ।ਇਸਦੇ ਨਾਲ ਹੀ ਸ: ਕਪੂਰ ਸਿੰਘ ਨੇ ਇਕ ਅਰਜ ਖਾਲਸੇ ਅਗੇ ਕੀਤੀ। ਤਬੈ ਖਾਲਸੇ ਕਰ ਅਰਦਾਸਾ, ਦਯੋ ਖਿੱਲਤ ਤਿਹ ਸਿਰ ਧਰ ਖਾਸਾ। ਪਰ ਤਿਨ ਬਚਨ ਏਹ ਤਬ ਕੀਆ, ਮੈਂ ਨਵਾਬ ਸਿੰਘਨ ਕਾ ਥੀਆ।ਜੇ ਤੁਰਕਨ ਕੀ ਕਹੋ ਨਵਾਬੀ,ਸੋ ਮਨਜੂਰ ਨ ਮੋਕਹੁ ਫਾਥੀ”।( ਗਿਆਨੀ ਗਿਆਨ ਸਿੰਘ—ਪੰਥ ਪਰਕਾਸ਼) ਇਸਦੇ ਨਾਲ ਕੁਝ ਸਮੇ ਲਈ ਹੀ ਸਹੀ ਪਰ ਇਲਾਕੇ ਵਿਚ ਸ਼ਾਂਤੀ ਹੋ ਗਈ ਤੇ ਸਿੱਖ ਵੀ ਸਾਰੇ ਆਰਾਮ ਦਾ ਜੀਵਨ ਜੀਣ ਲੱਗੇ ।

ਭਗਵਾਨ ਸਿੰਘ ਜੀ ਦੀ ਸ਼ਹੀਦੀ

ਗਿਆਨੀ ਭਗਵਾਨ ਸਿੰਘ ਜੀ ਦੇ ਨਾਲ ਤਕਰੀਬਨ 100 ਤੋਂ ਵੱਧ ਸਿੱਖ ਉਨਾਂ੍ਹ ਦੇ ਵਿਸ਼ਵਾਸ ਪਾਤ੍ਰ ਸਨ ਜੋ ਆਪ ਦੀ ਇੱਜਤ ਵੀ ਕਰਦੇ ਸਨ ਤੇ ਪਿਆਰ ਵੀ।ਇਹ ਕਹੋ ਕਿ ਆਪ ਦੀ ਰੱਖਿਆ ਵੀ ਕਰਦੇ ਸਨ। ਘਰੇਲੂ ਹਾਲਾਤ ਕੁਝ ਕਮਜੋਰ ਸਨ।ਜਦੋਂ ਪੰਜਾਬ ਵਿਚ ਇਹ ਹਵਾਈ ਉੱਡੀ ਕਿ ਅਫਗਾਨਿਸਤਾਂਨ ਤੋਂ ਨਾਦਿਰ ਸ਼ਾਹ ਹਿੰਦੁਸਤਾਨ ੳੱਪਰ ਚੜਾ੍ਹਈ ਕਰਕੇ ਆ ਰਿਹਾ ਹੈ, ਸੱਭ ਪਾਸੇ ਇਕ ਡਰ ਦਾ ਮਹੌਲ ਬਨਣ ਲੱਗਾ। ਦਿਸੰਬਰ 1738 ਨੂੰ ਨਾਦਿਰ ਸ਼ਾਹ ਆਪਣੀ ਫੌਜ ਦੇ ਨਾਲ ਕਾਬੁਲ ਤੋਂ ਚਲਿਆ।ਇੱਧਰ ਜਕਰੀਆ ਖਾਨ ਨੂੰ ਵੀ ਫਿਕਰ ਪੈ ਗਿਆ।ਜਕਰੀਆ ਖਾਨ ਨਾਲ ਉਹ ਗੱਲ ਹੋਈ ਕਿ ( ਤੱਕੇ ਪਰ ਨੂੰ ਪਾਏ ਘਰ ਨੂੰ” ) । ਉਸਨੇ ਸੱਭ ਕੁਝ ਭੁਲ ਕੇ ਫੌਜ ਵਿਚ ਵਾਧਾ ਕਰਨ ਲਈ ਜਿਆਦਾ ਤੋਂ ਜਿਆਦਾ ਯੋਧਿਆਂ ਨੂੰ ਭਰਤੀ ਹੋਣ ਲਈ ਕਿਹਾ।  ਔਕੜ ਵਿਚ ਪਿਆ ਦੇਖ ਲਹੌਰ ਦੇ ਗਵਰਨਰ ਨੇ ਖਾਲਸੇ ਪਾਸ ਵੀ ਦਰਖਾਸਤ ਕੀਤੀ ਕਿ ਸਿੱਖਾਂ ਦਾ ਜੱਥਾ ਵੀ ਉਸਦੀ ਮੱਦਦ ਕਰੇ।ਸੱਭ ਤੋਂ ਤਾਕਤਵਰ ਜੱਥਾ ਉਸ ਵੱਕਤ ਗਿਆਨੀ ਭਗਵਾਨ ਸਿੰਘ ਦਾ ਸੀ।ਖਾਲਸੇ ਦੀ ਮੰਜੂਰੀ ਤੋਂ ਬਾਦ ਗਿਆਨੀ ਭਗਵਾਨ ਸਿੰਘ ਜਕਰੀਆ ਖਾਨ ਸੂਬਾ ਲਹੌਰ ਦੀ ਫੌਜ ਵਿਚ ਜਥੇ ਸਮੇਤ ਸ਼ਾਮਲ ਹੋ ਗਏ” ( ਡਾ:ਅਮਰਜੀਤ ਕੌਰ ਬਮਰਾ੍ਹ –ਤਵਾਰੀਖ ਰਾਮਗੜ੍ਹੀਆ ) ਅਤੇ ਲਹੌਰ ਆ ਗਏ। ( ਫਰਵਰੀ 1739 ਈ: ) ਨੂੰ ਨਾਦਿਰ ਸ਼ਾਹ ਵੀ ਜੇਹਲਮ ਦਰਿਆ ਦੇ ਕਿਨਾਰੇ ਵਜੀਰਾਬਾਦ ( ਜਿਲਾ੍ਹ  ਗੁਜਰਾਂਵਾਲਾ ) ਤੱਕ ਪੁੱਜ ਚੁੱਕਾ ਸੀ। ਜਕਰੀਆ ਖਾਨ ਵੀ ਆਪਣੇ ਲਾਮ ਲਸ਼ਕਰ ਨੂੰ ਲੈ ਕੇ ( ਲਹੌਰ ਤੋਂ 60-62 ਮੀਲ ਦੂਰ ਉੱਤਰ ਵੱਲ) ਵਜੀਰਾਬਾਦ ਪੁੱਜ ਗਿਆ। ਗਿਆਨੀ ਭਗਵਾਨ ਸਿੰਘ ਵੀ ਆਪਣੇ ਵੱਡੇ ਪੁੱਤਰ ਜੱਸਾ ਸਿੰਘ ( ਉਮਰ ਤਕਰੀਬਨ 16 ਸਾਲ ) ਅਤੇ ਜੱਥੇ ਸਮੇਤ ਦੁਸ਼ਮਣ ਨਾਲ ਲੋਹਾ ਲੈਣ ਨੂੰ ਤਿਆਰ ਬਰ ਤਿਆਰ ਹੋ ਕੇ ਵਜੀਰਾਬਾਦ ਪੁੱਜ ਗਏ।ਦੋਨਾਂ ਧਿਰਾਂ ਵਿਚ ਬਹੁਤ ਹੀ ਘਮਾਸਾਨ ਦੀ ਲੜਾਈ ਹੋਈ। ਬਹੁਤ ਜਾਨੀ ਨੁਕਸਾਨ ਹੋਇਆ। ਨਾਦਿਰ ਸ਼ਾਹ ਦੀ ਫੌਜ ਅਗੇ ਜਕਰੀਆ ਖਾਨ ਦੀ ਕੋਈ ਪੇਸ਼ ਨਹੀਂ ਚਲ ਰਹੀ ਸੀ।ਥੋੜੀ ਦੇਰ ਵਿਚ ਹੀ ਜਕਰੀਆ ਖਾਨ ਨੂੰ ਆਪਣੀ ਹਾਰ ਨਜਰ ਆਉਣ ਲਗ ਪਈ। ਇੱਧਰ ਗਿਆਨੀ ਭਗਵਾਨ ਦਾ ਜੱਥਾ ਵੀ ਵੱਧ ਚੜ੍ਹ ਕੇ ਦੁਸ਼ਮਣਾਂ ਦੇ ਆਹੂ ਲਾਹ ਰਿਹਾ ਸੀ। ਇਕ ਵਾਰ ਐਸੇ ਹਾਲਾਤ ਬਣੇ ਕਿ ਸੂਬਾ ਜਕਰੀਆ ਖਾਨ ਦੁਸ਼ਮਣਾਂ ਵਿਚ ਘਿਰ ਗਿਆ। ਇਕ ਦਮ ਆਪਣੀ ਸੂਰਬੀਰਤਾ ਅਤੇ ਫੁਰਤੀ ਦਾ ਪ੍ਰਗਟਾਵਾ ਕਰਦੇ ਹੋਏ ਗਿਆਨੀ ਭਗਵਾਨ ਸਿੰਘ ਦੁਸ਼ਮਣ ਅਤੇ ਜਕਰੀਆ ਖਾਨ ਦੇ ਵਿਚਕਾਰ ਆ ਗਏ।ਭਗਵਾਨ ਸਿੰਘ ਜੀ ਬੜੀ ਬਹਾਦਰੀ ਨਾਲ ਦੁਸ਼ਮਣ ਦਾ ਮੁਕਾਬਲਾ ਕਰਨ ਲੱਗੇ। ਇਸ ਦੌਰਾਨ ਸੂਬਾ ਜਕਰੀਆ ਖਾਨ ਦੀ ਜਾਨ ਤਾਂ ਬੱਚ ਗਈ, ਲੇਕਿਨ ਗਿਆਨੀ ਭਗਵਾਨ ਸਿੰਘ ਬਹੁਤ ਬੁਰੀ ਤਰਾਂ੍ਹ ਜੱਖਮੀ ਹੋ ਗਏ। ਜੱਖਮ ਗਹਿਰੇ ਹੋਣ ਕਰਕ, ਇਹ ਬਹਾਦਰ ਯੋਧਾ ਜਕਰੀਆ ਖਾਨ ਦੀ ਜਾਨ ਬਚਾਉਂਦੇ ਹੋਏ ਆਪ ਸ਼ਹੀਦੀ ਪ੍ਰਾਪਤ ਕਰ ਗਿਆ।

ਜਕਰੀਆ ਖਾਨ ਨੇ ਵਾਰਸਾਂ ਨੂੰ ਜਗੀਰ ਦੇਣੀ

               1739 ਈ: ਦੇ ਨਾਦਿਰ ਸ਼ਾਹ ਦੇ ਹਮਲੇ ਦੌਰਾਨ ਸੂੁਬਾ ਜਕਰੀਆ ਖਾਨ ਦੀ ਹਾਰ ਦੇ ਬਾਦ ਨਾਦਿਰ ਸ਼ਾਹ ਨੇ ਲਹੌਰ ਤੇ ਕਬਜਾ ਕਰ ਲਿਆ। ਲੇਕਿਨ ਸੂਬਾ ਬਹੁਤ ਹੀ ਚਾਲਾਕ ਆਦਮੀ ਸੀ। ਮੌਤ ਦੇ ਡਰ ਤੋਂ ਉਸਨੇ ਆਪਣੇ ਆਪ ਨੂੰ ਨਾਦਿਰ ਸ਼ਾਹ ਦੇ ਅੱਗੇ ਸਮੱਰਪਿਤ ਕਰ ਦਿੱਤਾ ਪਰ ਨਾਲ ਹੀ“ 21 ਲੱਖ ਰੁ: ਨੱਕਦ  , 11 ਕਿਸ਼ਤੀਆਂ ਜਵਾਹਰਾਤ ਅਤੇ 50 ਹਾਥੀ” ਦਾ ਨਜਰਾਨਾਂ ਤੇ ਸ਼ਾਹ ਦੇ ਅਧੀਨ ਆਪਣੀ ਸੂਬੇਦਾਰੀ ਕਾਇਮ ਰੱਖਣ ਦੀ ਸ਼ਰਤ ਰੱਖ ਦਿੱਤੀ। ਸ਼ਾਹ ਨੇ ਇਸ ਨਜਰਾਨੇ ਨੂ ਦੇਖਦੇ ਹੋਏ , ਸ਼ਰਤ ਨੂੰ ਖੁਸ਼ੀ ਖੁਸ਼ੀ ਮੰਨ ਲਿਆ” ।(“ ਗਿਆਨੀ ਗਿਆਨ ਸਿੰਘ , ਸ਼ਮਸ਼ੇਰ ਖਾਲਸਾ ਭਾਗ 2”)  ਇਸ ਤਰਾਂ੍ਹ ਜਕਰੀਆ ਖਾਨ ਨੇ ਆਪਣੀ ਸੂਬੇਦਾਰੀ ਬਚਾ ਲਈ। ਹੁਣ ਉਸਨੂੰ ਆਪਣੀ ਜਾਨ ਬਚਾਉਣ ਵਾਲਿਆਂ ਦਾ ਖਿਆਲ ਆਇਆ।ਆਪਣੀ ਜਾਨ ਬਚਾਉਣ ਦੇ ਦੇ ਬਦਲੇ ਉਸਨੇ ਗਿਆਨੀ ਭਗਵਾਨ ਸਿੰਘ ਦੇ ਪੰਜਾਂ ਪੁੱਤਰਾਂ ਨੂੰ ਅੰਮਿ੍ਰਤਸਰ ਦੇ ਆਲੇ ਦਵਾਲੇ ਦੇ ਪੰਜ ਪਿੰਡ ਇਨਾਮ ਵਜੋਂ ਜਗੀਰ ਦੇ ਤੌਰ ਤੇ ਦਿੱਤੇ।   ਇਹ ਪਿੰਡ ਸਨ।    ਵੱਲਾ , ਵੇਰਕਾ , ਤੁੰਗ , ਚੱਬਾ ਜਾਂ ਚਬਾਲ ਤੇ ਸੁਲਤਾਨ ਵਿੰਡ।

ਪਿੰਡ ਵੱਲਾ – ਸ: ਜੱਸਾ ਸਿੰਘ , ਪਿੰਡ ਵੇਰਕਾ – ਸ: ਤਾਰਾ ਸਿੰਘ , ਪਿੰਡ ਤੁੰਗ – ਸ: ਮਾਲੀ ਸਿੰਘ, ਪਿੰਡ ਸੁਲਤਾਨ ਵਿੰਡ – ਸ: ਖੁਸ਼ਹਾਲ ਸਿੰਘ ਅਤੇ ਪਿੰਡ ਚੱਬਾ – ਸ: ਜੈ ਸਿੰਘ ਦੇ ਹਿਸੇ ਆਇਆ। ਵੱਲਾ ਪਿੰਡ ਗਿਆਨੀ ਭਗਵਾਨ ਸਿੰਘ ਦੇ ਵੱਡੇ ਪੱਤਰ ਸ: ਜੱਸਾ ਸਿੰਘ ਦੇ ਹਿੱਸੇ ਆਇਆ ਅਤੇ ਨਾਲ ਹੀ ਰਸਾਲਦਾਰ ਦੀ ਉਪਾਧੀ ਵੀ ਦਿੱਤੀ ( ਹਰੀ ਰਾਮ ਗੁਪਤਾ ) ।ਇਥੇ ਹੀ ਜੱਸਾ ਸਿੰਘ ਨੇ ਰਾਜਸੀ ਪ੍ਰਬੰਧ ਕਰਨ ਦੀ ਕੁਸ਼ਲਤਾ ਹਾਸਿਲ ਕੀਤੀ।ਗਿਆਨੀ ਭਗਵਾਨ ਸਿੰਘ ਨੇ ਗੁਰਸਿੱਖੀ , ਘੋੜ ਸਵਾਰੀ , ਸ਼ਸਤਰ ਵਿਦਿਆ ਅਤੇ ਜੰਗੀ ਦਾਅ-ਪੇਚ ਦੇ ਜੋ ਗੁਣ ਆਪਣੇ ਬੱਚਿਆਂ ਨੂੰ ਦਿੱਤੇ ਉਹ ਸਾਰੇ ਅੱਗੇ ਚੱਲ ਕੇ ਸ: ਜੱਸਾ ਸਿੰਘ ਦੇ ਮਹਾਂਰਾਜਾ ਬਨਣ ਵਿਚ ਬਹੁਤ ਸਹਾਈ ਹੋਏ।

                                                                                          ਗੁਰਦੇਵ ਸਿੰਘ ਰੂਪਰਾਏ  ਦਿੱਲੀ (9810444874)

1 Comment

Leave a Reply

Your email address will not be published. Required fields are marked *