ਪਰਮ ਪੱਦ ਪ੍ਰਾਪਤੀ ਦੇ ਚਾਰ ਪੜਾਵ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਆਤਮਾ, ਪ੍ਰਮਾਤਮਾ, ਨਾਮ, ਬ੍ਰਹਮ, ਅਨਹੱਦ ਨਾਦ ਅਤੇ ਭਗਤੀ ਆਦਿ ਬਾਰੇ ਬਹੁਤ ਹੀ ਵਿਸਥਾਰ ਨਾਲ ਗੱਲ ਕੀਤੀ ਗਈ ਹੈ। ਪ੍ਰਮਾਤਮਾ ਦੀ ਪ੍ਰਾਪਤੀ ਅਤੇ ਉਸ ਨਾਲ ਇਕ ਮਿਕ ਹੋਣ ਬਾਰੇ ਵੀ ਗੁਰਬਾਣੀ ਵਿਚ ਬਹੁਤ ਇਸ਼ਾਰੇ ਮਿਲਦੇ ਹਨ। ਬਹੁਤ ਸਾਰੇ ਮਹਾਂਪੁਰਸ਼ਾਂ ਅਤੇ ਗਿਆਨੀਆਂ ਨੇ ਇਸ ਭੇਦ ਨੂੰ ਆਪਣੇ ਆਪਣੇ ਤਰੀਕੇ ਨਾਲ ਖੋ੍ਲਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਉਸ ਨੂੰ ਕਿਤਨਾ ਕੁ ਸਮਝ ਪਾਏ ਹਾਂ, ਇਹ ਹਰੇਕ ਇਨਸਾਨ ਦੀ ਆਪੋ ਆਪਣੀ ਯਾਤਰਾ ਉੱਪਰ ਨਿਰਭਰ ਕਰਦਾ ਹੈ।ਹਰ ਮਨੁਖ ਦੀ ਆਪਣੀ ਲਗਨ, ਕਰਮ, ਪ੍ਰੇਮ ਅਤੇ ਵਿਸ਼ਵਾਸ ਉੱਪਰ ਨਿਰਭਰ ਕਰਦਾ ਹੈ।
ਮੈਨੂੰ ਵੀ ਜੀਵਨ ਵਿਚ ਇਕ ਮਹਾਂਪੁਰਸ਼ ਦੀ ਸੰਗਤ ਕਰਨ ਦਾ ਮੌਕਾ ਮਿਲਿਆ। ਜਿਨਾਂ ਪਾਸੋਂ ਅਧਿਆਤਮ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਿਆ।ਜਿਆਦਾ ਕਰਕੇ ਉਨਾਂ੍ਹ ਦੀ ਸਿਖਿਆ ਗੁਰਬਾਣੀ ਦੇ ਅੰਦਰ ਛਿਪੇ ਗਹਿਰੇ ਭੇਦ ਖੋ੍ਹਲਣ ਤੇ ਅਧਾਰਤ ਸੀ।ਪ੍ਰਮਾਤਮਾ ਵਲੋਂ ਬਖਸ਼ਿਸ਼ ਕੀਤੇ ਚਿਤ੍ਰਕਲਾ ਦੇ ਗੁਣ ਦਵਾਰਾ ਮੈਂ ਇਕ ਛੋਟੀ ਜਿਹੀ ਕੋਸ਼ਿਸ ਕੀਤੀ ਹੈ ਉਸ ਨੂੰ ਗੁਰਬਾਣੀ ਦੇ ਮੁਤਾਬਿਕ ਚਿਤ੍ਰਣ ਦੀ।ਚਾਹਵਾਨ ਸੱਜਣ ਇਸ ਵਿਚੋਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਨ।


ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪੰਨਾਂ 290 , ਸੁਖਮਨੀ ਸਾਹਿਬ ਅਸ਼ਟਪਦੀ 21 ਸ਼ਲੋਕ॥
ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ॥

ਮਹਾਂਪੁਰਸ਼ਾਂ ਦੇੇ ਦੱਸਣ ਮੁਤਾਬਿਕ ਜੋ ਮੇਰੀ ਸਮਝ ਵਿਚ ਆਇਆ ਹੈ ਉਸ ਨੂੰ ਮੈਂ ਇਕ ਚਿੱਤ੍ਰ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ।

ਸਰਗੁਨ ਇਹ ਪਹਿਲੀ ਅਵੱਸਥਾ ਹੈ। ਜੋ ਅੱਜ ਅਸੀਂ ਆਪਣੇ ਆਲੇ ਦੁਆਲੇ ਅਤੇ ਆਪਣੇ ਆਪ ਨੂੰ ਦੇਖਦੇ ਹਾਂ।ਇਸ ਵਿਚ ਰੂਪ, ਰੰਗ ਅਤੇ ਰੇਖ ਤਿੰਨੋਂ ਗੁਣ ਮੌਜੂਦ ਹਨ।ਰੇਖ ਤੋਂ ਭਾਵ ਹੈ ਆਕਾਰ। ਇਸ ਅਵੱਸਥਾ ਵਿਚ ਇਨਸਾਨ ਗਿਆਨ ਦੀ ਪ੍ਰਾਪਤੀ ਕਰ ਸਕਦਾ ਹੈ।
ਨਿਰਗੁਨ ਇਹ ਦੂਸਰੀ ਅਵੱਸਥਾ ਹੈ। ਇਸ ਨੂੰ ਨਿਰਾਕਾਰ ( ਨਿਰ ਆਕਾਰ ) ਅਵੱਸਥਾ ਵੀ ਕਹਿ ਸਕਦੇ ਹਾਂ। ਇਸ ਦੇ ਅਨੁਸਾਰ ਬਾਹਰੀ ਜਗਤ ਤੋਂ ਆਪਣੀ ਸੁਰਤ ਹਟਾ ਕੇ ਅੰਤਰ ਮਨ ਦੀ ਯਾਤਰਾ ਕਰਨੀ ਹੁੰਦੀ ਹੈ। ਅੱਖਾਂ ਬੰਦ ਕਰਕੇ ਰੰਗ, ਰੂਪ ਅਤੇ ਆਕਾਰ ਤੋਂ ਆਪਣਾਂ ਧਿਆਨ ਹਟਾ ਕੇ ਅੰਤਰ ਮੁਖੀ ਹੋ ਕੇ ,ਪਰਮਾਤਮਾਂ ਦੇ ਧਿਆਨ ਵਿਚ ਲੀਨ ਹੋ ਕੇ, ਅਨਾਹਦ ਨਾਦ ਦੀ ਧੁਨੀ ਨੂੰ ਸਰਵਣ ਕਰਨ ਦੀ ਕੋਸ਼ਿਸ ਕਰਨੀ ਹੁੰਦੀ ਹੈ। ਇਹ ਧਿਆਨ ਦੀ ਅਵੱਸਥਾ ਹੈ।
ਨਿਰੰਕਾਰ ਇਹ ਤੀਸਰੀ ਅਵੱਸਥਾ ਹੈ। ਜਿਸ ਵਿਚ ਮਨੁੱਖ ਨਿਰਾਕਾਰ ਅਵੱਸਥਾ ਵਿਚ ਰਹਿੰਦੇ ਹੋਏ ੳਅੰਕਾਰ ਦੀ ਧੁਨੀਂ ਵਿਚ ਲੀਨ ਹੋ ਜਾਂਦਾ ਹੈ। ਇਸ ਅਵੱਸਥਾ ਵਿਚ ਸਿਰਫ ਧੁਨੀ (ਪਰਮਾਤਮਾ) ਅਤੇ ਸੁਨਣ ਵਾਲਾ ਹੀ ਹੁੰਦਾ ਹੈ ਬਾਕੀ ਸਭ ਵਿਸਰ ਜਾਂਦਾ ਹੈ। ਹੋਰ ਕਿਸੇ ਗਲ ਦੀ ਸੁੱਧ ਨਹੀਂ ਰਹਿੰਦੀ।ਇਸਨੂੰ ਸਮਾਧੀ ਦੀ ਅਵੱਸਥਾ ਵੀ ਕਿਹਾ ਜਾਂਦਾ ਹੈ।
ਸੁੰਨ ਸਮਾਧਿ ਇਹ ਆਖਰੀ ਅਤੇ ਚੌਥੀ ਅਵੱਸਥਾ ਹੈ। ਸੁੰਨ ਦਾ ਅਰਥ ਹੈ ਬਿਲਕੁਲ ਖਾਲੀ, ਜਿਥੇ ਕੁਝ ਵੀ ਨਹੀਂ ਬਚਦਾ। ਇਹ ਸੰਸਕ੍ਰਿਤ ਦੇ ਲਫਜ ਸ਼ੁਨਯ ਤੋਂ ਬਣਿਆਂ ਹੈ। ਨਾਂ ਸੁਨਣ ਵਾਲਾ ਨਾਂ ਹੀ ਧੁਨੀ, ਮਨੁਖ ਪਰਮਾਤਮਾ ਨਾਲ ਇਕ ਮਿਕ ਹੋ ਜਾਂਦਾ ਹੈ। ਇਹ ਪਰਮ-ਪੱਦ ਦੀ ਅਵੱਸਥਾ ਹੈ। ਮਨੁਖ ਪਰਮਾਤਮਾ ਵਿਚ ਸਮਾ ਜਾਂਦਾ ਹੈ।
ਇਹ ਵਿਆਖਿਆ ਮੇਰੀ ਆਪਣੀ ਤੁਛ ਬੁੱਧੀ ਅਨੂਸਾਰ ਹੈ, ਇਸ ਵਿਚ ਗਲਤੀਆਂ ਹੋ ਸਕਦੀਆਂ ਹਨ। ਪਾਠਕ ਆਪ ਹੀ ਸੁਧਾਰ ਕਰ ਲੈਣ ਅਤੇ ਦਾਸ ਖਿਮਾ ਦਾ ਜਾਚਕ ਹੈ ਜੀ।

Leave a Reply

Your email address will not be published. Required fields are marked *