ਦਰਬਾਰ ਸਾਹਿਬ ਲਾਗੇ ਖੁਦਾਈ
ਪਿਛਲੇ ਦਿਨੀ ਜੋ ਖੁਦਾਈ ਸ੍ਰੀ ਦਰਬਾਰ ਸਾਹਿਬ ਦੇ ਉੱਤਰੀ-ਪੱਛਮੀ ਕੋਣੇ ਤੇ ਹੋ ਰਹੀ ਸੀ,ਉਸ ਬਾਰੇ ਕੁਝ ਹੋਰ ਨਵੀਂ ਇਤਿਹਾਸਿਕ ਜਾਣਕਾਰੀ ਜੋ ਪ੍ਰਾਪਤ ਹੋਈ ਹੈ ਉਹ ਪਾਠਕਾਂ ਲਈ ਹਾਜਰ ਹੈ।
ਇਹ ਤੇ ਸਭ ਜਾਣਦੇ ਹਨ ਕਿ ਜਦੋ ਅਬਦਾਲੀ ਨੇ ਪੰਜਾਬ ਤੇ ਹਮਲੇ ਸ਼ੁਰੂ ਕੀਤੇ ਤਾਂ ਉਸਨੇ ਦਰਬਾਰ ਸਾਹਿਬ ਨੂੰ ਬਹੁਤ ਨੁਕਸਾਨ ਪੁਚਾਇਆ।ਇਥੋਂ ਤੱਕ ਕਿ 1762 ਈ: ਵਿਚ ਦਰਬਾਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ ਗਿਆ, ਸਰੋਵਰ ਨੂੰ ਪੂਰ ਦਿੱਤਾ ਗਿਆ।ਖਾਲਸੇ ਨੇ ਮਿਲ ਕੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਲਈ ਵਿੳਂਤਬੰਦੀ ਕੀਤੀ, ਜਿਸਦਾ ਸਦਕਾ ਕਿਲੇ ਅਤੇ ਬੁੰਗੇ ਹੋਂਦ ਵਿਚ ਆਏ।

ਡਾ: ਮਦਨਜੀਤ ਕੌਰ, ਅਨੂਸਾਰ ਜਿਆਦਾ ਤਰ ਬੁੰਗੇ 1765 ਈ: ਤੋਂ 1833 ਈ: ਵਿਚ ਬਣੇ।
ਗਿਆਨੀ ਗਿਆਨ ਸਿੰਘ ਜੀ ਤਵਾਰੀਖ ਅੰਮ੍ਰਿਤਸਰ, ਵਿਚ ਇਨਾਂ ਬੁੰਗਿਆਂ ਦੀ ਗਿਣਤੀ 69 ਦੱਸਦੇ ਹਨ।
ਸ: ਕਰਮ ਸਿੰਘ ਹਿਸਟੋਰੀਅਨ ਤਵਾਰੀਖ ਅੰਮ੍ਰਿਤਸਰ, ਵਿਚ ਇਨਾਂ ਦੀ ਗਿਣਤੀ 74 ਦੱਸਦੇ ਹਨ।
ਰਿਪੋ੍ਰਟ ਸੀ੍ਰ ਦਰਬਾਰ ਸਾਹਿਬ, ਦੇ ਮੁਤਾਬਿਕ ਬੁੰਗਿਆਂ ਦੀ ਗਿਣਤੀ 84 ਦੇ ਕਰੀਬ ਸੀ।
ਤਵਾਰੀਖ-ਏ-ਅੰਮ੍ਰਿਤਸਰ ਕੇ ਚੰਦ ਮਾਖੀਜ, ਦਾ ਲਿਖਾਰੀ ਇਨਾਂ ਦੀ ਗਿਣਤੀ 73 ਦੱਸਦਾ ਹੈ।
ਲੇਕਿਨ ਸ੍ਰੀ ਦਰਬਾਰ ਸਾਹਿਬ ਦੇ ਉੱਤਰੀ-ਪੱਛਮੀ ਕੋਣੇ ਵਿਚ ਬਣੇ ਬੁੰਗਿਆਂ ਦੀ ਗਿਣਤੀ ,ਨਾਮ ਅਤੇ ਬਨਣ ਦੇ ਸੰਨ ਬਾਰੇ ਤਕਰੀਬਨ ਸਾਰੇ ਹੀ ਇਤਿਹਾਸਕਾਰ ਇਕ ਮੱਤ ਹਨ।ਪੱਛਮੀ ਬਾਹੀ ਤੇ ਕੁਲ 28 ਬੁੰਗੇ ਸਨ। ਸੀ੍ਰ ਅਕਾਲ ਤੱਖਤ ਸਾਹਿਬ ਦੇ ਖੱਬੇ ਪਾਸੇ 10 ਬੁੰਗੇ ਤੇ ਸੱਜੇ ਪਾਸੇ 17 ਬੁੰਗੇ ਸਨ। ਗਿਅਨੀ ਗਿਆਨ ਸਿੰੰਘ ਜੀ ਮੁਤਾਬਿਕ ਉੱਤਰ ਵੱਲ ਦੀ ਬਾਹੀ ਤੇ 9 ਬੁੰਗੇ ਸਨ, ਲੇਕਿਨ ਸ: ਕਰਮ ਸਿੰਘ ਜੀ ਹਿਸਟੋਰੀਅਨ ਇਨਾਂ ਦੀ ਗਿਣਤੀ ਉੱਤਰ ਪਾਸੇ 14 ਲਿਖਦੇ ਹਨ।

ਦਾਸ ਨੇ ਇਕ ਡਰਾਇੰਗ ਵਿਚ ਉੱਤਰੀ-ਪੱਛਮੀ ਕੋਣੇ ਦੇ ਬੁੰਗਿਆਂ ਦੀ ਸਥਿੱਤੀ, ਪੁਰਾਤਨ ਤਸਵੀਰਾਂ ਅਤੇ ਤਵਾਰੀਖ ਦੇ ਅਧਾਰ ਤੇ ਦਰਸਾਉਣ ਦੀ ਕੋਸ਼ਿਸ਼ ਕੀਤੀ ਹੇ।ਪੁਰਾਤਨ ਪੇਂਟਿੰਗ ਤਕਰੀਬਨ ਅਠਾਰਵੀਂ ਸਦੀ ਦੇ ਸ਼ੁਰੂਆਤ ( 1800ਈ:) ਵਿਚ ਪਾਣੀ ਵਾਲੇ ਰੰਗਾਂ ਦਵਾਰਾ ਕੱਪੜੇ ਤੇ ਬਣੀਆਂ ਹਨ। ਜੋ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਚ ਮੌਜੂਦ ਹਨ।

ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇ ਤੱਕ ਇਨਾਂ ਬੁੰਗਿਆਂ ਵਿਚ ਕਾਫੀ ਫੇਰ ਬਦਲ ਹੋ ਗਿਆ।ਕੁਝ ਬੁੰਗੇ ਢਹਿ ਗਏ ਤੇ ਕੁਝ ਇਕ ਦੂਜੇ ਨਾਲ ਮਿਲਾ ਲਏ ਗਏ। ਮਹਾਰਾਜਾ ਰਣਜੀਤ ਸਿੰਘ ਨੇ ਕਈ ਬੁੰਗੇ ਖੁਸ਼ ਹੋ ਕੇ ਕਈ ਪੰਥਕ ਸੇਵਾਦਾਰਾਂ ਨੂੰ ਦੇ ਦਿੱਤੇ।ਕਈ ਬੁੰਗਿਆਂ ਦੇ ਹੇਠਾਂ ਤਹਿਖਾਨੇ ਵੀ ਬਣੇ ਸਨ ਜਿਨਾਂ ਨੂੰ ਸਰਦਖਾਨੇ ਵੀ ਕਿਹਾ ਜਾਂਦਾ ਸੀ। ਕਈ ਤਹਿਖਾਨੇ ਅੰਦਰੋ ਅੰਦਰ ਹੀ ਇਕ ਦੂਜੇ ਨਾਲ ਜੁੜੇ ਹੋਏ ਸਨ।ਲੇਕਿਨ ਉਨਾਂ ਦੇ ਅਪਸ ਵਿਚ ਜੁੜਨ ਨੂੰ ਸੁਰੰਗ ਨਹੀਂ ਕਿਹਾ ਜਾ ਸਕਦਾ।

ਫਿਰ ਅੰਗਰੇਜਾਂ ਦਾ ਰਾਜ ਆ ਗਿਆ। ਉਨਾਂ ਨੇ ਵੀ ਹਰ ਇਮਾਰਤ ਨੂੰ ਆਪਣੇ ਤਰੀਕੇ ਨਾਲ ਤੋੜਿਆ ਤੇ ਵਰਤਿਆ। 1868-1878 ਈ: ਤੱਕ) ਉੱਤਰੀ – ਪੱਛਮੀ ਕੋਣੇ ਤੇ ਬਹੁਤ ਸਾਰੇ ਬੁੰਗੇ ਢਾਹ ਦਿੱਤੇ ਗਏ।1849 ਵਿਚ ਅੰਗਰੇਜਾਂ ਨੇ ਵੀ ਪੂਰੇ ਸ਼ਹਿਰ ਦਾ ਨਕਸ਼ਾ ਤਿਆਰ ਕੀਤਾ ਸੀ । ਢਾਹੇ ਗਏ ਬੁੰਗਿਆਂ ਦੀ ਜਗਾਹ ਇਕ ਕੋਤਵਾਲੀ ਅਤੇ ਇਕ ਘੰਟਾ ਘਰ ਦੀ ਬਿਲਡਿੰਗ ਉਸਾਰ ਦਿੱਤੀ ਗਈ। ਤੋੜੇ ਜਾਣ ਵਾਲੇ ਬੁੰਗੇ ਜਿਆਦਾ ਤਰ ਮਹਾਰਾਜੇ ਦੇ ਪਰੀਵਾਰ ਨਾਲ ਸਬੰਧਿਤ ਸਨ। 1900 ਈ: ਵਿਚ ਸ: ਜੱਸਾ ਸਿੰਘ ਰਾਮਗੜੀਆ ਵਲੋਂ ਵੀ ਇਕ ਨਕਸ਼ਾ ਤਿਆਰ ਕੀਤਾ ਗਿਆ ਜੋ ਉਸ ਵੇਲੇ ਦੀਆਂ ਇਮਾਰਤਾਂ ਦੀ ਨਿਸ਼ਾਨ ਦੇਹੀ ਕਰਦਾ ਹੈ।

ਡਰਾਇੰਗ ਵਿਚ 9 ਨੰਬਰ ਬੁੰਗਾ ਗਿਆਨੀਆਂ ਦਾ ਬੁੰਗਾ ਕਹਿਲਾਉਂਦਾ ਸੀ।ਸ਼ੁਰੂ ਵਿਚ ਇਹ ਬੁੰਗਾ ਭਾਈ ਗੁਰਦਾਸ ਗਿਆਨੀ ਦਾ ਸੀ। ਫਿਰ ਉਸਦੀ ਮੌਤ ਦੇ ਬਾਦ 1805 ਈ: ਵਿਚ ਇਹ ਬੁੰਗਾ ਗਿਆਨੀ ਸੂਰਤ ਸਿੰਘ ਜੀ ਨੂੰ ਦੇ ਦਿੱਤਾ ਗਿਆ। ਉਨਾਂ ਦੇ ਸਰੀਰ ਤਿਆਗਣ ਬਾਦ ਇਹ ਬੁੰਗਾ ਉਨਾਂ ਦੇ ਸਪੁੱਤਰ ਗਿਆਨੀ ਸੰਤ ਸਿੰਘ ਜੀ ਨੂੰ ਦੇ ਦਿੱਤਾ ਗਿਆ।1832 ਈ: ਵਿਚ ਉਨਾਂ ਦਾ ਵੀ ਦੇਹਾਂਤ ਹੋ ਗਿਆ। ਫਿਰ 1832 ਵਿਚ ਇਹ ਬੂੰਗਾ ਉਨਾਂ ਦੇ ਸਪੁੱਤਰ ਗਿਆਨੀ ਗੁਰਮੁਖ ਸਿੰਘ ਜੀ ਨੂੰ ਦੇ ਦਿੱਤਾ ਗਿਆ। ਉਨਾਂ ਦੀ ਮੌਤ ਤੋਂ ਬਾਦ 1841 ਈ: ਵਿਚ ਉਨਾਂ ਦੇ ਲੜਕੇ ਗਿਅਨੀ ਪਰਦੁਮਨ ਸਿੰਘ ਜੀ ਇਸ ਬੁੰਗੇ ਵਿਚ ਰਹਿਣ ਲੱਗੇ। 1877 ਈ: ਵਿਚ ਉਨਾਂ ਦੇ ਅਕਾਲ ਚਲਾਣੇ ਬਾਦ ਇਹ ਬੁੰਗਾ ਉਨਾਂ ਦੇ ਸਪੁੱਤਰ ਗਿਆਨੀ ਗੁਰਬਕਸ਼ ਸਿੰਘ ਜੀ ਪਾਸ ਚਲਾ ਗਿਆ। 1921 ਈ: ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਨਣ ਤੇ, ਉਸ ਪਾਸ ਚਲਾ ਗਿਆ ਤੇ ਗਿਆਨੀ ਪ੍ਰੱਥਾ ਦਾ ਅੰਤ ਹੋ ਗਿਆ।
ਉਮੀਦ ਹੈ ਇਹ ਲੇਖ ਅਤੇ ਤਸਵੀਰਾਂ ਪਾਠਕਾਂ ਲਈ ਕਾਫੀ ਜਾਣਕਾਰੀ ਪ੍ਰਦਾਨ ਕਰਨਗੀਆਂ।
ਗੁਰਦੇਵ ਸਿੰਘ ਰੂਪਰਾਏ ਦਿੱਲੀ