ਸ੍ਰੀ ਦਰਬਾਰ ਸਾਹਿਬ ਵਿਚ ਬੁੰਗੇ
ਬੁੰਗਾ ਲਫਜ ਫਾਰਸੀ ਜੁਬਾਨ ਚੋਂ ਆਇਆ ਹੈ। ਫਾਰਸੀ ਵਿਚ ਬੁੰਗੇ ਦਾ ਅਰਥ ਹੈ ਰਹਿਣ ਵਾਲੀ ਜਗਾ੍ਹ। ਜਿਥੇ ਕੁਝ ਲੋਕ ਵਿਸ਼ਰਾਮ ਕਰ ਸਕਣ, ਜਾਂ ਥੋੜੇ ਸਮੇ ਲਈ ਰਹਿ ਸਕਣ। ਸਿੱਖ ਧਰਮ ਵਿਚ ਇਸਨੂੰ ਯਾਤਰੀ ਨਿਵਾਸ, ਸਰਾਂ ਜਾਂ ਗੈਸਟ ਹਾਉਸ ਵੀ ਕਿਹਾ ਜਾਂਦਾ ਹੈ। ਪੁਰਾਤਨ ਸਮੇਂ ਵਿਚ ਇਹ ਸਿੱਖ ਸਰਦਾਰਾਂ ਦੀ ਰਿਹਾਇਸ਼ ਦੀ ਜਗਾ੍ਹ ਵੀ ਹੋਇਆ ਕਰਦੀ ਸੀ।
“ਰਤਨ ਸਿੰਘ ਭੰਗੂ” ਅਨੂਸਾਰ ਇਹ ਬੁੰਗੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦਵਾਲੇ ਗੁਰੁ ਸਹਿਬਾਨਾਂ ਦੇ ਸਮੇਂ ਤੋਂ ਹੋਂਦ ਵਿਚ ਆਏ, ਜਿਸ ਵੇਲੇ ਸਰੋਵਰ ਦੀ ਖੁਦਾਈ ਅਤੇ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਚਲ ਰਿਹਾ ਸੀ।
ਲ਼ੇਕਿਨ ਬਾਕੀ ਦੇ ਇਤਿਹਾਸਕਾਰ ਮੰਨਦੇ ਹਨ ਕਿ, ਜਦੋਂ ਅਫਗਾਨਿਸਤਾਨ ਤੋਂ ਹਮਲਾਵਰ ਚੜ੍ਹ ਕੇ ਆਉਣ ਲੱਗੇ ਤਾਂ ਪੰਜਾਬ ਵਿਚ ਉਨਾ੍ਹ ਨੂੰ ਸਿੱਖ ਸੂਰਮਿਆਂ ਨੇ ਜਬਰਦਸਤ ਟੱਕਰ ਦਿਤੀ। ਭਾਵੇਂ ਉਨਾਂ ਦਾ ਨਿਸ਼ਾਨਾ ਲਹੌਰ ਅਤੇ ਦਿੱਲੀ ਦੇ ਤੱਖਤ ਹੀ ਹੁੰਦੇ ਸਨ, ਪਰ ਸਿੱਖਾਂ ਵਲੋਂ ਕੀਤੇ ਗਏ ਮੁਕਾਬਲਿਆਂ ਨੇ ਉਨਾਂ ਦਾ ਧਿਆਨ ਸਿੱਖ ਕੌਮ ਵੱਲ ਮੋੜ ਦਿੱਤਾ। ਸਿੱਖ ਕੌਮ ਤੇ ਮੁਗਲਾਂ ਤੇ ਅਫਗਾਨੀਆਂ ਦੇ ਅੱਤਿਆਚਾਰ ਸ਼ੁਰੂ ਹੋ ਗਏ। ਜਿਉਂ ਜਿਉਂ ਉਹ ਸਿੱਖਾਂ ਨੂੰ ਮਾਰਦੇ, ਸਿੱਖ ਦੂਣੇ ਚੌਗਣੇ ਹੋ ਕੇ ਸਾਹਮਣੇ ਆ ਜਾਂਦੇਂ। ਪਰੇਸ਼ਾਨ ਹੋ ਕੇ ਅਫਗਾਨੀਆਂ ਨੇ ਇਸਦਾ ਕਾਰਨ ਪਤਾ ਕਰਨਾਂ ਚਾਹਿਆ। ਕਿਸੇ ਨੇ ਦੱਸ ਪਾਈ ਕਿ ਅੰਮ੍ਰਿਤਸਰ ਸ਼ਹਿਰ ਵਿਚ ਸਿੱਖਾਂ ਦਾ ਇਕ ਧਾਰਮਿਕ ਤੀਰਥ ਅਸਥਾਨ ਹੈ, ਉਸਦੇ ਜਲ ਵਿਚ ਕੋਈ ਖਾਸ ਤਾਕਤ ਹੈ, ਇਹ ਉਸ ਵਿਚ ਇਸ਼ਨਾਨ ਕਰਦੇ ਹਨ ਤੇ ਫਿਰ ਤਾਕਤਵਰ ਹੋ ਜਾਂਦੇ ਹਨ। ਬੱਸ ਫਿਰ ਕੀ ਸੀ, ਮੁਗਲਾਂ ਤੇ ਅਫਗਾਨੀਆਂ ਦਾ ਧਿਆਨ ਹਰਿਮੰਦਰ ਸਾਹਿਬ ਤੇ ਪਵਿਤੱਰ ਸਰੋਵਰ ਦੀ ਬਰਬਾਦੀ ਵੱਲ ਹੋ ਗਿਆ।
ਕਈ ਵਾਰ ਸਰੋਵਰ ਤੇ ਹਰਿਮੰਦਰ ਸਾਹਿਬ ਦੀ ਬਿਅੱਦਬੀ ਕੀਤੀ ਗਈ। ਈ: 1762 ਦੇ ਹਮਲੇ ਵਿਚ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਹੱਦ ਹੀ ਕਰ ਦਿੱਤੀ। ਉਸਨੇ ਨਾ ਕੇਵਲ ਦਰਬਾਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ, ਬਲਕਿ ਪਵਿੱਤਰ ਸਰੋਵਰ ਨੂੰ ਕੱਚਰੇ, ਮਿੱਟੀ, ਗਊਆਂ ਦੇ ਮਾਸ ਅਤੇ ਹੱਡੀਆਂ ਨਾਲ ਭਰਵਾ ਦਿੱਤਾ। ਅਬਦਾਲੀ ਦੇ ਵਾਪਿਸ ਕਾਬੁਲ ਚਲੇ ਜਾਣ ਦੇ ਬਾਦ ਸਿੱਖਾਂ ਨੇ ਇਕੱਠੇ ਹੋ ਕੇ ਸਰੋਵਰ ਦੀ ਸਫਾਈ ਕੀਤੀ ਅਤੇ ਦੁਬਾਰਾ ਹਰਿਮੰਦਰ ਸਾਹਿਬ ਦੀ ਉਸਾਰੀ ਕਰ ਦਿੱਤੀ, ਇਸ ਕਾਰਜ ਵਿਚ ਸ੍ਰ: ਜੱਸਾ ਸਿੰਘ ਰਾਮਗੜੀ੍ਆ ਦੀ ਅਹਿਮ ਭੂਮਿਕਾ ਰਹੀ। ਜਦੋਂ ਸਿੱਖਾਂ ਨੇ “ਦੱਲ ਖਾਲਸਾ” ਦੇ ਰੂਪ ਵਿਚ ਤਾਕਤ ਪਕੜੀ ਤਾਂ ਸੱਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਦੀ ਸੁਰੱਖਿਆ ਅਹਿਮ ਮਸਲਾ ਸਾ੍ਹਮਣੇ ਸੀ। ਖਾਲਸਾ ਇਕੱਠਾ ਹੋਇਆ ਤੇ ਵਿਉਂਤ ਬਣੀ ਕਿ ਸ਼ਹਿਰ ਦੀਆਂ ਚਾਰੋ ਦਿਸ਼ਾਵਾਂ ਵਿਚ ਕਿਲੇ੍ ਉਸਾਰੇ ਜਾਣ ਅਤੇ ਸਰਦੇ ਪੁੱਜਦੇ ਸਿੱਖ ਸਰਦਾਰ ਸਰੋਵਰ ਦੇ ਚਾਰ ਚੁਫੇਰੇ ਬੁੰਗੇ ਬਨਾਉਣ। ਇਹ ਬੁੰਗੇ ਇਕ ਤਾਂ ਆਏ ਗਏ ਯਾਤਰੂ ਲਈ ਰਿਹਾਇਸ਼ ਦੇ ਕੰਮ ਆਉਣਗੇ, ਨਾਲ ਹੀ ਸਰੋਵਰ ਅਤੇ ਹਰਿਮੰਦਰ ਸਾਹਿਬ ਲਈ ਸੁਰੱਖਿਆ ਘੇਰਾ ਬਨਾਉਣਗੇ। ਇਨਾ੍ ਬੁੰਗਿਆਂ ਵਿਚ ਬੁੰਗੱਈ ( ਮੈਨੇਜਰ ) ਦੇ ਨਾਲ ਨਾਲ ਕੁੱਝ ਸਿਪਾਹੀ ਵੀ ਰਹਿ ਸਕਦੇ ਹਨ। ਇਸ ਤਰਾਂ੍ਹ ਸੁਰੱਖਿਆ ਦੇ ਮੱਕਸਦ ਨਾਲ ਇਹ ਬੁੰਗੇ ਹੋਂਦ ਵਿਚ ਆਉਣੇ ਸ਼ੁਰੂ ਹੋਏ। ਸੱਭ ਤੋਂ ਪਹਿਲਾਂ ਸ੍ਰ: ਜੱਸਾ ਸਿੰਘ ਰਾਮਗੜੀ੍ਆ, ਸ੍ਰ: ਜੱਸਾ ਸਿੰਘ ਆਹਲੂਵਾਲੀਆ, ਸ੍ਰ: ਕਨੱਈਆ ਅਤੇ ਸ੍ਰ: ਭੰਗੀ ਮਿਸਲ ਵਾਲਿਆਂ ਨੇ ਅੱਗੇ ਵੱਧ ਕੇ ਸ਼ੁਰੂਆਤ ਕੀਤੀ। ਜਿਆਦਾ ਤਰ ਬੁੰਗੇ ਅਠਾਰਵੀਂ ਸਦੀ ਵਿਚ ਬਣਾਏ ਗਏ।
ਗਿਆਨੀ ਗਿਆਨ ਸਿੰਘ ਜੀ ਮੁਤਾਬਿਕ ਸੱਭ ਤੋਂ ਪਹਿਲਾ ਬੁੰਗਾ ਦਰਬਾਰ ਸਾਹਿਬ ਦੀ ਪਰਿਕਰਮਾਂ ਦੀ ਪੱਛਮੀ ਬਾਹੀ ਤੇ ਦਰਸ਼ਨੀ ਡਿਉੜੀ ਦੇ ਸਾਹਮਣੇ ਬਿ: ਸੰ: 1663 ( 1606 ਈ: ) ਵਿਚ ਅਕਾਲ ਬੁੰਗਾ ਬਣਿਆ। ਇਸਦੀ ਨੀਂਵ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਜੀ ਨੇ ਰੱਖੀ ਅਤੇ ਇਕ ਥੱੜਾ ਤਿਆਰ ਕਰਵਾਇਆ, ਜਿਸ ਜਗਾ੍ਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਬੇਰੀ ਹੇਠ ਬੈਠ ਕੇ ਸਰੋਵਰ ਦੇ ਕੰਮ ਨੂੰ ਦੇਖਦੇ ਸਨ। ਬਾਦ ਵਿਚ ਇਹ ਇਮਾਰਤ ਹੌਲੀ ਹੌਲੀ ਤਿਆਰ ਹੋਈ। ਅੱਜ ਇਸਨੂੰ ਸ੍ਰੀ ਅਕਾਲ ਤੱਖਤ ਸਾਹਿਬ ਕਹਿੰਦੇ ਹਨ । ਇਹ ਤਿੰਨ ਮੰਜਲਾ ਬੁੰਗਾ 2,73,000/- ਰੁ: ਦੀ ਲਾਗਤ ਨਾਲ ਤਿਆਰ ਹੋਇਆ। ਇਸਤੋਂ ਬਾਦ ਗਿਆਨੀ ਜੀ ਅਨੁਸਾਰ ਸਰੋਵਰ ਦੀਆਂ ਚਾਰੇ ਬਾਹੀਆਂ ਤੇ ਕੁਲ 69 ਬੁੰਗੇ ਬਣੇ। ਜਿਸਦੀ ਗਿਣਤੀ ਦਾ ਵੇਰਵਾ ਇਸ ਤਰਾ੍ਹ ਦਿੰਦੇ ਹਨ :- ਪੱਛਮੀ ਬਾਹੀ = 28 ਬੁੰਗੇ, ਉੱਤਰੀ ਬਾਹੀ = 9 ਬੁੰਗੇ, ਪੂਰਬੀ ਬਾਹੀ = 10 ਬੁੰਗੇ ਅਤੇ ਦੱਖਣੀ ਬਾਹੀ = 22 ਬੁੰਗੇ ਇਸ ਤਰਾ੍ਹ ਕੁਲ 69 ਬੁੰਗੇ ਬਣੇ।
ਗਿਆਨੀ ਜੀ ਇਹ ਵੀ ਦਸਦੇ ਹਨ ਕਿ ਮੱਜਬੀ ਸਿੱਖਾਂ ਨੇ ਇਕ ਮੰਜਲਾ ਮਕਾਨ ਰੁ: 5000/-ਦੀ ਲਾਗਤ ਨਾਲ ਬਿ: ਸੰ 1634 ( 1577 ਈ: ) ਨੂੰ ਪੂਰਬੀ ਬਾਹੀ ਤੇ ਬਣਾਇਆ। ਲੇਕਿਨ ਕਰਮ ਸਿੰਘ ਜੀ ਹਸਿਟੋਰੀਅਨ ਲਿਖਦੇ ਹਨ ਕਿ ਇਹ ਬੁੰਗਾ ਦੋ ਮੰਜਲਾ ਸੀ ਅਤੇ ਬਿ: ਸੰ 1839 (1782 ਈ: ) ਨੂੰ ਬਣ ਕੇ ਤਿਆਰ ਹੋਇਆ ਸੀ।( ਸ਼ਾਇਦ ਗਿਆਨੀ ਜੀ ਦੀ ਜਾਂ ਸ: ਕਰਮ ਸਿੰਘ ਜੀ ਦੀ ਲਿਖਤ ਵਿਚ ਕੋਈ ਤਾਰੀਖ ਦੀ ਗਲਤੀ ਹੋਵੇ, : ਲੇਖਕ)

ਕਰਮ ਸਿੰਘ ਜੀ ਹਿਸਟੋਰੀਅਨ ਮੁਤਾਬਿਕ ਬੁੰਗਿਆਂ ਦੀ ਕੁਲ ਗਿਣਤੀ 74 ਸੀ। ਪੱਛਮੀ ਬਾਹੀ = 28 ਬੁੰਗੇ, ਉੱਤਰੀ ਬਾਹੀ = 14 ਬੁੰਗੇ, ਪੂਰਬੀ ਬਾਹੀ = 10 ਬੁੰਗੇ ਅਤੇ ਦੱਖਣੀ ਬਾਹੀ = 22 ਬੁੰਗੇ। ਇਸ ਤਰਾ੍ ਕੁਲ ਗਿਣਤੀ 74 ਹੋਈ।
ਡਾ: ਮਦਨਜੀਤ ਕੌਰ ਜੀ ਲਿਖਦੇ ਹਨ ਕਿ ਪੁਰਾਤਨ ਇਤਿਹਾਸਕ ਹਵਾਲਿਆਂ ਮੁਤਾਬਿਕ ਬੁੰਗਿਆਂ ਦੀ ਸੰਖਿਆ ਕੁਲ 84 ਸੀ, ਲੇਕਿਨ ਪਰਾਪਤ ਜਾਣਕਾਰੀ ਸਿਰਫ 74 ਦਾ ਹੀ ਵੇਰਵਾ ਦੱਸਦੀ ਹੈ। (74 ਬੁੰਗਿਆਂ ਦਾ ਵੇਰਵਾ ਵੱਖਰੇ ਆਰਟੀਕਲ ਵਿਚ ਲਿਖਾਂਗੇ)
ਬੈਰਨ ਚਾਰਲਸ ਹਿਉਗਲ 1844 ਵਿਚ ਆਪਣੀ ਪੰਜਾਬ ਅੰਮ੍ਰਿਤਸਰ ਦੀ ਯਾਤਰਾ ਦੌਰਾਨ ਲਿਖਦੇ ਹਨ ਕਿ ਸਾਰਾ ਸਰੋਵਰ ਆਲੇ ਦੁਆਲੇ ਬਹੁਤ ਖਾਸ ਤੇ ਸੁੰਦਰ ਮਕਾਨਾਂ ਨਾਲ ਘਿਰਿਆ ਹੋਇਆ ਸੀ, ਹਰ ਮਕਾਨ ਦੀਆਂ ਖਿੜਕੀਆਂ ਸਰੋਵਰ ਵਲ ਖੁਲਦੀਆਂ ਸਨ ਅਤੇ ਉਨਾਂ੍ਹ ਵਿਚੋਂ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਜਾ ਸਕਦੇ ਸਨ। ਤਕਰੀਬਨ ਸਭ ਮਕਾਨਾਂ (ਬੁੰਗਿਆਂ) ਵਿਚੋਂ ਪੌੜੀਆਂ ਪਰਿਕਰਮਾਂ ਵਿਚ ਉਤਰਦੀਆਂ ਸਨ। ਦਰਬਾਰ ਸਾਹਿਬ ਆਉਣ ਵਾਲੇ ਸਾਰੇ ਰਸਤਿਆਂ ਤੇ ਗੇਟ ਲਗੇ ਸਨ।
ਟੈਰੀਟਰੀ ਗੈਜੇਟ ਆਫ ਈਸਟ ਇੰਡੀਆ ਕੰ: 1854 ਈ: ਵਿਚ ਇਸ ਤਰਾਂ੍ਹ ਦਰਜ ਹੈ ਕਿ ਅੰਮ੍ਰਿਤਸਰ ਸ਼ਹਿਰ ਦੀਆਂ ਗਲੀਆਂ ਤੰਗ ਅਤੇ ਮਕਾਨ ਪੱਕੀਆਂ ਇੱਟਾਂ ਦੇ ਬਣੇ ਹਨ। ਸ਼ਹਿਰ ਦੇ ਬਾਹਰ ਚਾਰ ਦਿਵਾਰੀ ਬਣੀ ਹੋਈ ਹੈ। ਇਸਦਾ ਖਾਸ ਅਕੱਰਸ਼ਣ ਹਰੀਮੰਦਰ ਅਤੇ ਉਸਦਾ ਸਰੋਵਰ ਹੈ। ਸਰੋਵਰ ਦਾ ਜਲ ਬਹੁਤ ਹੀ ਸਾਫ ਅਤੇ ਕਲੀਅਰ ਹੇ। ਸਰੋਵਰ ਦੇ ਕਿਨਾਰਿਆਂ ਉੱਤੇ ਆਲੇ ਦੁਆਲੇ ਅਕਾਲੀ ਸਿੱਖਾਂ ਅਤੇ ਪੁਜਾਰੀਆਂ ਨੇ ਆਪਣੇ ਮਕਾਨ ਬਣਾਏ ਹੋਏ ਹਨ।
ਗਿਆਨੀ ਗਿਆਨ ਸਿੰਘ ਜੀ ਅਨੁਸਾਰ ਕਨੱਈਆ ਸਰਦਾਰਾਂ ਦਾ ਬੁੰਗਾ ਤਿੰਨ ਮੰਜਲਾ ਬਿ: ਸੰ: 1809 (1752 ਈ: ) ਨੂੰ ਸਰੋਵਰ ਦੀ ਪੱਛਮੀ ਬਾਹੀ ਤੇ ਬਣਿਆ। ਇਸਤੋਂ ਬਾਦ ਦੋ ਬੁੰਗੇ ਹੋਰ ਬਣੇ, ਇਹ ਦੋਨੋ ਬੁੰਗੇ ਪੂਰਬੀ ਬਾਹੀ ਤੇ ਬਿ: ਸੰ: 1812 (ਈ: 1755 ) ਨੂੰ ਬਣੇ। ਇਕ 6 ਮੰਜਲਾ ਬੁੰਗਾ ਅਖਾੜਾ ਸੰਤੋਖ ਦਾਸ ਦਾ ਰੁ: 31,500/- ਦੀ ਲਾਗਤ ਨਾਲ ਅਤੇ ਦੂਸਰਾ ਸੱਭ ਤੋਂ ਵਿਲੱਖਣ ਬੁੰਗਾ ਸ੍ਰ: ਜੱਸਾ ਸਿੰਘ ਰਾਮਗੜੀ੍ਆ ਦਾ ਜੋ 4 ਮੰਜਲਾ ਰੁ: 2,75,000/- ਦੀ ਲਾਗਤ ਨਾਲ ਤਿਆਰ ਹੋਇਆ। ਗਿਆਨੀ ਜੀ ਇਸਨੂੰ ਦੋ ਮੰਜਲਾ ਲਿਖਦੇ ਹਨ ਪ੍ਰੰਤੂ ਇਹ ਨਹੀ ਦੱਸਦੇ ਕਿ ਉੱਪਰ ਦੀਆਂ ਮੰਜਲਾਂ ਜਾਂ ਬੇਸਮੈਟਾਂ। ਇਸ ਬੁੰਗੇ ਦੀ ਇਕ ਮੰਜਲ ਜਮੀਨ ਦੇ ਉੱਪਰ ਅਤੇ ਤਿੰਨ ਮੰਜਲਾਂ ਜਮੀਨ ਦੇ ਅੰਦਰ ਹਨ।
ਸ੍ਰ: ਕਰਮ ਸਿੰਘ ਜੀ ਹਸਿਟੋਰੀਅਨ ਮੰਨਦੇ ਹਨ ਕਿ ਇਹ ਬੁੰਗਾ ਸਾਰੇ ਬੁੰਗਿਆਂ ਚੋਂ ਵੱਡਾ ਹੈ ਅਤੇ ਇਸਦੇ ਨਾਲ ਦੋ ਮਿਨਾਰ ਵੀ ਹਨ। (ਰਾਮਗੜੀ੍ਆ ਬੁੰਗੇ ਦੇ ਬਾਰੇ ਤੇ ਇਸਦੀ ਵਾਸਤੂ ਕਲਾ ਬਾਰੇ ਵਿਸਥਾਰ ਪੂਰਬਕ ਅਲੱਗ ਤੋਂ ਇਕ ਆਰਟੀਕਲ ਲਿਖਾਂਗਾ)
ਅਜੇ ਇਤਨਾ ਹੀ ਦੱਸਣਾ ਜਰੂਰੀ ਹੈ ਕਿ ਇਹ ਸ੍ਰ: ਜੱਸਾ ਸਿੰੰਘ ਰਾਮਗੜੀ੍ਹਆ ਦੀ ਦੂਰ ਅੰਦੇਸ਼ੀ ਸੀ ਕਿ ਰਾਖੀ ਲਈ ਦੁਸ਼ਮਣ ਤੇ ਨਜਰ ਰੱਖਣੀ ਜਰੂਰੀ ਹੈ ਅਤੇ ਇਹ ਤਦ ਹੀ ਹੋ ਸਕਦਾ ਹੈ ਜੇ ਦੁਸ਼ਮਣ ਨੂੰ ਦੂਰੋਂ ਹੀ ਤਾੜ ਲਿਆ ਜਾਵੇ। ਇਸ ਲਈ ਮਿਨਾਰ (Watch Towers ) ਬਣਵਾਏ ਗਏ। ਇਸ ਮਿਨਾਰ ਦੇ ਉੱਪਰ ਇਕ ਨਗਾਰਚੀ ਨਗਾਰਾ ਲੈ ਕੇ ਹਰ ਵੱਕਤ ਮੌਜੂਦ ਰਹਿੰਦਾ ਸੀ। ਜਦੋਂ ਵੀ ਕਦੇ ਦੁਸ਼ਮਣ ਦੀ ਆਹਟ ਹੁੰਦੀ ਉਹ ਨਗਾਰਾ ਵਜਾਉਂਦਾ ਤੇ ਖਾਲਸਾ ਸੁਚੇਤ ਹੋ ਜਾਂਦਾ।
ਕੁਝ ਸੱਜਣ ਇਨਾਂ੍ਹ ਮਿਨਾਰਾਂ ਨੂੰ ਹੀ ਬੁੰਗੇ ਸਮਝੀ ਜਾਂਦੇ ਹਨ, ਇਹ ਇਕ ਭੁਲ ਹੈ, ਮਿਨਾਰ ਤਾਂ ਬਹੁਤ ਉਚਾਈ ਤੋਂ ਆਲੇ ਦੁਆਲੇ ਦੇ ਇਲਾਕੇ ਤੇ ਨਜਰ ਰੱਖਣ ਲਈ ਬਣਾਏ ਜਾਂਦੇ ਸੀ। ਦਰਬਾਰ ਸਾਹਿਬ ਸ੍ਰੀ: ਤਰਨ ਤਾਰਨ ਵਿਖੇ ਵੀ ਸ੍ਰ: ਜੱਸਾ ਸਿੰਘ ਰਾਮਗੜੀ੍ਹਆ ਦਵਾਰਾ ਬਣਾਇਆ ਗਿਆ ਮਿਨਾਰ ਵੀ ਇਸੇ ਮੰਤਵ ਲਈ ਹੀ ਸੀ। ਰਿਹਾਇਸ਼ ਵਾਲਾ ਅਸਥਾਨ ਜਾਣੀ ਬੁੰਗਾ ਬਾਦ ਵਿਚ ਬਣਿਆ।

ਬਾਕੀ ਦੇ ਸਾਰੇ ਬੁੰਗੇ 1755 ਈ: ਤੋਂ ਬਾਦ ਹੀ ਹੋਂਦ ਵਿਚ ਆਏ। ਇਹ ਬੁੰਗੇ ਦਰਸ਼ਨ ਕਰਨ ਆਏ ਯਾਤਰੀਆਂ ਲਈ ਨਿਵਾਸ ਦਾ ਤੇ ਕੰਮ ਦਿੰਦੇ ਅਤੇ ਦਰਬਾਰ ਸਾਹਿਬ ਦੀ ਰੱਖਿਆ ਦੇ ਵੀ ਕੰਮ ਆਂਉਦੇ। ਇਸਦੇ ਨਾਲ ਨਾਲ ਹੋਰ ਵੀ ਬਹੁਤ ਮਹੱਤਵ ਪੂਰਨ ਹਿੱਸਾ ਪਾਇਆ। ਜਿਸ ਤਰਾਂ੍ਹ ਅਕਾਲ ਬੁੰਗਾ ਸਿੱਖ ਜਗਤ ਵਿਚ ਆਪਣੀ ਇਕ ਵਿਸ਼ੇਸ਼ ਮਹੱਤਤਾ ਰੱਖਦਾ ਹੈ ਤੇ ਸਿੱਖ ਪੰਥ ਦਾ ਸਰਵੋਤਮ ਅਸਥਾਨ ਹੈ। ਇਸ ਅਸਥਾਨ ਤੋਂ ਪੂਰੇ ਸਿੱਖ ਪੰਥ ਦੇ ਧਾਰਮਿਕ ਅਤੇ ਰਾਜਸੀ ਫੈਂਸਲੇ ਲਏ ਜਾਂਦੇ ਹਨ। ਮਿਸਲਾਂ ਦਾ ਸਾਰਾ ਕੰਮ ਕਾਜ, ਆਪਸੀ ਲੈਣ ਦੇਣ ਦਾ ਨਿਪਟਾਰਾ, ਬੰਦੋਬਸਤ ਅਤੇ ਹੋਰ ਵਿਹਾਰ ਦਾ ਸਾਰਾ ਪ੍ਰਬੰਧ ਇਸੇ ਅਕਾਲ ਬੁੰਗੇ ਦੀ ਨਿਗਰਾਨੀ ਹੇਠ ਹੁੰਦਾ ਹੈ।
ਸਾਰੇ ਬੁੰਗਿਆਂ ਨੂੰ ਅਸੀਂ ਕਈ ਤਰਾਂਹ ਦੇ ਨਾਵਾਂ ਵਿਚ ਵੰਡ ਸਕਦੇ ਹਾਂ।
( ਡਾ: ਮਦਨਜੀਤ ਕੌਰ )
1. ਮਿਸਲਾਂ ਦੇ ਬੁੰਗੇ– ਜੋ ਅਲੱਗ ਅਲੱਗ ਮਿਸਲਾਂ ਵਲੋਂ ਬਣਵਾਏ ਗਏ।
2. ਜਾਤੀ (Personal ) ਬੁੰਗੇ– ਜੋ ਵੱਖ ਵੱਖ ਸਰਦਾਰਾਂ ਵਲੋਂ ਆਪਣੀ ਜਾਤੀ ਰਿਹਾਇਸ਼ ਵਾਸਤੇ ਤਿਆਰ ਹੋਏ।
3. ਪੰਥਕ ਬੁੰਗੇ– ਜੋ ਕਈ ਪੰਥਕ ਜਥੇਬੰਦੀਆਂ ਵਲੋਂ ਬਣੇ।
4. ਧਾਰਮਿਕ ਸੰਪਰਦਾਵਾਂ ਦੇ ਬੁੰਗੇ– ਜੋ ਕਈ ਧਾਰਮਿਕ ਸੰਸਥਾਵਾਂ ਵਲੋਂ ਬਣਾਏ ਗਏ, ਜਿਵੇਂ ਕਿ, ਉਦਾਸੀ, ਨਿਰਮਲੇ ਅਤੇ ਸੇਵਾ ਪੰਥੀ ਆਦੀ।
5. ਵੱਖ ਵੱਖ ਸੇਵਾਵਾਂ ਕਰਨ ਵਾਲਿਆਂ ਦੇ ਨਾਮ ਤੇ ਬੁੰਗੇ, ਜਿਵੇਂ ਕਿ ਬੁੰਗਾ ਘੜਿਆਲੀਆਂ, ਬੁੰਗਾ ਚਿਰਾਗੀਆਂ ਆਦਿ।
ਹੁਣ ਗੱਲ ਕਰਦੇ ਹਾਂ ਕਿ ਬੁੰਗਿਆਂ ਦਾ ਹੋਰ ਕਿਸ ਤਰਾਂ੍ਹ ਦਾ ਯੋਗਦਾਨ ਰਿਹਾ ਸਿੱਖ ਜੱਗਤ ਦੀ ਸੇਵਾ ਕਰਨ
ਵਿਚ। ਇਨਾਂ੍ਹਹੀ ਬੁੰਗਿਆਂ ਵਿਚ ਬਹੁਤ ਸਾਰੇ ਸੰਗੀਤਕਾਰ, ਇਤਿਹਾਸਕਾਰ, ਕਵੀ, ਤਰਜਮਾਕਾਰ, ਰਾਗੀ ਅਤੇ ਉੱਚ ਸਿਖਿਆ ਪ੍ਰਾਪਤ ਕਰਨਵਾਲੇ ਪੈਦਾ ਹੋਏ।
ਬੁੰਗਾ ਆਹਲੂਵਾਲੀਆ ਵਿਚ ਕੀਰਤਨ ਬਹੁਤ ਸੋਹਣਾ ਹੁੰਦਾ ਸੀ ਕਿਉਂਕਿ ਸ੍ਰ: ਜੱਸਾ ਸਿੰਘ ਆਹਲੂਵਾਲੀਆ ਜੀ ਦੇ ਮਾਤਾ ਜੀ ਕਰਿਤਨ ਦੇ ਬਹੁਤ ਮਾਹਿਰ ਸਨ, ਸ਼ਾਇਦ ਸ੍ਰ: ਜੱਸਾ ਸਿੰਘ ਜੀ ਨੂੰ ਵੀ ਕੀਰਤਨ ਦੀ ਲਗਨ ਪੂਜਨੀਕ ਮਾਤਾ ਪਾਸੋਂ ਹੀ ਲੱਗੀ ਸੀ।
ਸੰਤ ਨਿਹਾਲ ਸਿੰਘ ਜੀ ਦਾ ਸੰਬੰਧ ਬੁੰਗਾ ਸੋਲ੍ਹਨਵਾਲਾ ਨਾਲ ਸੀ, ਅਤੇ ਉਹ ਬਹੁਤ ਹੀ ਉਘੇ ਕਵੀਸ਼ਰ ਹੋਏ, ਜਿਨਾਂ੍ਹ ਨੇ ਕਵਿੰਦਰਾ ਪਰਕਾਸ਼ ਗ੍ਰੰਥ ਦੀ ਰਚਨਾ ਕੀਤੀ।
ਭਾਈ ਸੰਤ ਸਿੰਘ ਜੋ ਬੁੰਗਾ ਗਿਆਨੀਆਂ ਵਿਚ ਰਹਿੰਦੇ ਸਨ ਬਹੁਤ ਵੱਡੇ ਖੋਜੀ ਸਨ ਜਿਨਾਂ੍ਹ ਨੇ ਅੰਮ੍ਰਿਤ ਦੇ ਉੱਪਰ ਪੋਥੀ ਲਿਖੀ।
ਸ੍ਰ: ਗੁਰਮੁਖ ਸਿੰਘ ਗ੍ਰੰਥੀ ਅਕਾਲ ਬੁੰਗਾ ਜੋ ਬਹੁਤ ਚੰਗੇ ਕਵੀ ਸਨ, ਉਨਾਂ੍ਹ ਨੇ ਗੁਰੁ ਬਿਲਾਸ ( ਪਾ: ਛੇਵੀਂ ) ਦੀ ਰਚਨਾ ਕੀਤੀ।
ਭਾਈ ਬੁੱਧ ਸਿੰਘ ਜੋ ਬੁੰਗਾ ਸ਼ਹੀਦਾਂ ਵਿਚ ਰਿਹਾਇਸ਼ ਕਰਦੇ ਸਨ, ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਵਿਦਵਾਨ ਸਨ ਜਿਨਾਂ੍ਹ ਨੇ ਬਹੁਤ ਸਾਰੇ ਫਾਰਸੀ ਸਰੋਤਾਂ ਨੂੰ ਹਿੰਦਵੀ ਵਿਚ ਉਲਥਾ ਕੀਤਾ।
ਸ੍ਰ: ਰਤਨ ਸਿੰਘ ਭੰਗੂ ਦਾ ਸੰਬੰਧ ਬੁੰਗਾ ਸ਼ਾਮ ਸਿੰਘ ਨਾਲ ਸੀ, ਜੋ ਬੁੰਗਾ ਸਿੰਘ ਪੁਰੀਆਂ ਵੀ ਕਹਾੳਂਦਾ ਸੀ।ਇਸੇ ਬੁੰਗੇ ਵਿਚ ਹੀ ਉਨਾਂ੍ਹ ਨੇ ਆਪਣੀ ਲਿਖਤ 1841 ਈ: ਵਿਚ ਪੂਰਨ ਕੀਤੀ।
ਭਾਈ ਸੰਤੋਖ ਸਿੰਘ ਚੂੜਾਮਣੀ ਨੇ ਆਪਣੀ ਲਿਖਤ ਸੂਰਜ ਪਰਕਾਸ਼ ਬੁੰਗਾ ਗਿਆਨੀਆਂ ਵਿਚ ਰਹਿ ਕੇ ਪੂਰਨ ਕੀਤੀ।
ਉਦਾਸੀ ਅਤੇ ਨਿਰਮਲਿਆਂ ਵਾਲਾ ਬੁੰਗਾ ਵਿਦਿਆ ਦਾ ਬਹੁਤ ਵੱਡਾ ਅਦਾਰਾ ਸੀ ਜਿਥੇ ਗੁਰਮੁਖੀ ਅਤੇ ਸੰਸਕ੍ਰਿਤ ਆਦੀ ਭਾਸ਼ਾਵਾਂ ਪੜਾਈਆਂ ਜਾਂਦੀਆਂ ਸਨ।

ਕੁਝ ਬੁੰਗੇ ਸੰਗੀਤ ਸਿਖਲਾਈ ਲਈ ਬਹੁਤ ਵੱਡਾ ਯੋਗਦਾਨ ਪਰਦਾਨ ਕਰਦੇ ਸਨ।ਇਥੇ ਰਾਗ ਵਿਦਿਆ, ਕੀਰਤਨ ਅਤੇ ਸੰਗੀਤ ਨਾਲ ਸੰਬੰਧਿਤ ਸਾਜਾਂ ਦੀ ਸਿਖਲਾਈ ਦਿੱਤੀ ਜਾਂਦੀ ਸੀ।
ਬੁੰਗਾ ਜਲਿਆਂਵਾਲਾ ਚਮੜੀ ਰੋਗਾਂ ਲਈ ਬਹੁਤ ਮਸ਼ਹੂਰ ਸੀ।
ਵੀ. ਐਨ. ਦੱਤਾ (V.N. Datta) ਲਿਖਦੇ ਹਨ ਕਿ ਹਰਿਮੰਦਰ ਸਾਹਿਬ ਚਾਰ ਚੁਫੇਰੇ ਬੁੰਗਿਆਂ ਨਾਲ ਘਿਰਿਆ ਹੋਇਆ ਸੀ। ਇਨਾ੍ਹ ਬੁੰਗਿਆਂ ਅੰਦਰ ਕਾਂਗੜਾ ਸ਼ੈਲੀ ਦੀਆਂ ਪੇਟਿਂਗ ਲਗੀਆਂ ਹੁੰਦੀਆਂ ਸਨ। ਜੋ ਕਿ ਉਸ ਵੇਲੇ ਬਹੁਤ ਪ੍ਰਸਿੱਧ ਸਨ।
ਕੁਝ ਚਿਤ੍ਰਕਾਰ ਤਾਂ ਇਥੇ ਇਨਾਂ੍ਹ ਬੁੰਗਿਆਂ ਵਿਚ ਰਹਿ ਕੇ ਵੀ ਚਿਤ੍ਰਕਾਰੀ ਕਰਦੇ ਸਨ।
ਇਤਨੀ ਬਹੁਮੁਲੀ ਵਿਰਾਸਤ ਸਾਡੇ ਕੋਲ ਹੁੰਦੇ ਹੋਏ ਵੀ ਪਰੀਕਰਮਾ ਨੂੰ ਖੁਲਾ੍ਹ ਕਰਨ ਅਤੇ ਸੁੰਦਰੀਕਰਨ ਦੀ ਐਸੀ ਹਨੇਰੀ ਆਈ ਕਿ ਇਕ ਇਕ ਕਰਕੇ ਸੱਭ ਬੁੰਗਿਆਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ। ਕੁਝ ਖਰੀਦ ਕੇ, ਕਈਆਂ ਨੂੰ ਲਾਲਚ ਦੇ ਕੇ ਤੇ ਕਈ ਜਬਰਦਸਤੀ ਨਾਲ ਕਾਬੂ ਕੀਤੇ ਗਏ ਅਤੇ ਖਤਮ ਕਰ ਦਿੱਤੇ ਗਏ। ਅੱਜ ਬਚੇ ਹਨ ਤਾਂ ਸਿਰਫ ਦੋ, ਅਕਾਲ ਬੁੰਗਾ ਅਤੇ ਬੁੰਗਾ ਸ੍ਰ: ਜੱਸਾ ਸਿੰਘ ਰਾਮਗੜੀ੍ਆ।
ਗੁਰਦੇਵ ਸਿੰਘ ਰੂਪਰਾਏ ਦਿੱਲੀ