
ਸਾਡਾ ਸਿੱਖ ਇਤਿਹਾਸ ਬਹੁਤ ਹੀ ਜੰਗਾਂ, ਯੁੱਧਾਂ,ਕੁਰਬਾਨੀਆਂ ਅਤੇ ਖਾਲਸੇ ਦੀਆਂ ਸ਼ਹਾਦਤਾਂ ਨਾਲ ਭਰਪੂਰ ਹੈ। ਜਦੋਂ ਵੀ ਅਸੀਂ ਉਹਨਾਂ ਦੀਆਂ ਗੋਰਵਮਈ ਸਾਖੀਆਂ ਜਾਂ ਕਹਾਣੀਆਂ ਨੂੰ ਸੁਣਦੇ ਹਾਂ ਤਾਂ ਸਰੀਰ ਦੇ ਲੂੰ ਲੰੂ ਖੜੇ ਹੋ ਜਾਂਦੇ ਹਨ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦੱਤ ਦੇ ਬਾਦ 1716 ਈ: ਤੋਂ ਲੈ ਕੇ ਤਕਰੀਬਨ 1748 ਈ: ਤੱਕ ਦਾ ਸਮਾਂ ਸਿੱਖ ਜਗਤ ਵਿਚ ਬਹੁਤ ਹੀ ਤਕਲੀਫਾਂ ਭਰਿਆ ਸੀ। ਇਸਨੂੰ ਕਾਲਾ ਸਮਾਂ ਵੀ ਕਿਹਾ ਜਾ ਸਕਦਾ ਹੈ।ਐਸੇ ਸਮੇਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਤਰਨ ਤਾਰਨ ਦੇ ਇਲਾਕੇ ਵਿਚ ਸ਼ਹਾੱਦਤ ਕੌਮ ਲਈ ਬਹੁਤ ਵੱਡਾ ਹਲੂਣਾਂ ਸੀ।
1739 ਈ: ਵਿਚ ਨਾਦਰ ਸ਼ਾਹ ਨੇ ਜਦੋਂ ਹਿੰਦੁਸਤਾਨ ਤੇ ਹਮਲਾ ਕੀਤਾ, ਉਸ ਵਕਤ ਜਕਰੀਆ ਖਾਨ ਲਹੌਰ ਦਾ ਸੂਬਾ ਸੀ।ਉਸ ਵੇਲੇ ਤਾਂ ਉਸਨੇ ਡਰ ਦੇ ਮਾਰੇ ਸਿੱਖਾਂ ਤੋਂ ਵੀ ਸਹਾਇਤਾ ਮੰਗੀ। ਖਾਲਸੇ ਨੇ ਵੀ ਉਸਦੀ ਸਹਾਇਤਾ ਲਈ ਗਿਆਨੀ ਭਗਵਾਨ ਸਿੰਘ ਬਮਰਾ੍ਹ ਦੀ ਕਮਾਨ ਹੇਠ 100 ਸਿੱਖਾਂ ਦਾ ਜੱਥਾ ਉਸਦੀ ਮੱਦਦ ਲਈ ਭੇਜਿਆ। ਜਕਰੀਆ ਖਾਨ ਦੀ ਜਾਨ ਬਚਾਉਣ ਲਈ ਗਿਆਨੀ ਭਗਵਾਨ ਸਿੰਘ ਬਮਰਾ੍ਹ ਮੈਦਾਨੇ ਜੰਗ ਵਿਚ ਸ਼ਹੀਦ ਹੋ ਗਏ।ਸੂਬਾ ਜਕਰੀਆ ਖਾਨ ਲਹੌਰ ਭੱਜ ਆਇਆ। ਜਦੋਂ ਨਾਦਰ ਸ਼ਾਹ ਨੇ ਲਹੌਰ ਤੇ ਕਬਜਾ ਕੀਤਾ ਤਾਂ ਬੜੀ ਚਲਾਕੀ ਨਾਲ ਬਹੁਤ ਸਾਰੇ ਕੀਮਤੀ ਨਜਰਾਨੇ ਅਤੇ ਲੱਖਾਂ ਰੁਪਿਆ ਦੇ ਕੇ ਜਕਰੀਆ ਖਾਨ ਨੇ ਨਾਦਰ ਸ਼ਾਹ ਦੀ ਗੁਲਾਮੀ ਕਬੂਲ ਕਰਕੇ ਨਾਲ ਹੀ ਆਪਣੀ ਸੂਬੇਦਾਰੀ ਬਚਾ ਲਈ।
ਲ਼ੇਕਿਨ ਹੁਣ ਨਾਦਰ ਸ਼ਾਹ ਦੇ ਕਹਿਣ ਤੇ ਉਸਨੇ ਦੁਬਾਰਾ ਸਿੱਖਾਂ ਉਤੇ ਜੁਲਮ ਕਰਨੇ ਸ਼ੁਰੂ ਕਰ ਦਿੱਤੇ।ਇਹ ਜੁਲਮ ਇਤਨਾ ਵੱਧ ਗਿਆ ਕਿ ਸਿੱਖਾਂ ਨੂੰ ਜੰਗਲਾਂ, ਪਹਾੜਾਂ ਅਤੇ ਦੂਰ ਰੇਗਿਸਤਾਨਾਂ ਵਿਚ ਲੁਕਣਾਂ ਪਿਆ। ਖਾਲਸੇ ਨੂੰ ਆਪਣੇ ਪਿੰਡ ਅਤੇ ਜਮੀਨਾਂ ਆਦੀ ਸੱਭ ਛੱਡਣੀਆਂ ਪਈਆਂ।ਜਕਰੀਆ ਖਾਨ ਨੇ ਹੁਣ ਸੌਗੰਧ ਚੁੱਕੀ ਕਿ ਉਹ ਸਿੱਖਾਂ ਨੂੰ ਪੰਜਾਬ ਵਿਚੋਂ ਖੱਤਮ ਕਰਕੇ ਹੀ ਦਮ ਲਵੇਗਾ।ਮੁਸਲਮਾਨ ਹੀ ਨਹੀਂ ਸਗੋਂ ਬਹੁਤ ਸਾਰੇ ਹਿੰਦੂ ਵੀ ਇਨਾਮ ਦੇ ਲਾਲਚ ਵਿਚ ਮੁਗਲਾਂ ਨਾਲ ਮਿਲ ਗਏ। ਚੁਣ ਚੁਣ ਕੇ ਸਿੱਖ ਕਤਲ ਕੀਤੇ ਜਾਣ ਲੱਗੇ।
ਜਕਰੀਆ ਖਾਨ ਨੇ ਮੁਨਿਆਦੀ ਕਰਵਾ ਦਿੱਤੀ ਕਿ ਜੋ ਕੋਈ ਸਿੱਖਾਂ ਦੀ ਸੂਹ ਦੇਵੇਗਾ ਉਸਨੂੰ 10 ਮੋਹਰਾਂ, ਜੋ ਸਿੱਖ ਦਾ ਸਿਰ ਵੱਢ ਕੇ ਲਿਆਵੇਗਾ ਉਸਨੂੰ 50 ਮੋਹਰਾਂ ਅਤੇ ਜੋ ਸਿੱਖ ਨੂੰ ਜਿੰਦਾ ਪੱਕੜ ਕੇ ਲਿਆਵੇਗਾ ਉਸਨੂੰ 80 ਮੋਹਰਾਂ ਇਨਾਮ ਵਜੋਂ ਦਿੱਤੀਆਂ ਜਾਣਗੀਆਂ। ਇਸਦਾ ਨਤੀਜਾ ਇਹ ਨਿਕਲਿਆ ਕਿ ਪੂਰੇ ਪੰਜਾਬ ਵਿਚ ਜਾਂ ਤਾਂ ਸਿੱਖ ਕੱਤਲ ਕਰ ਦਿੱਤੇ ਗਏ ਜਾਂ ਉਹ ਲੁਕ ਛਿਪ ਕੇ ਜੀਵਨ ਬਤੀਤ ਕਰਨ ਲੱਗੇ। ਤਕਰੀਬਨ ਚਾਰ ਮਹੀਨੇ ਦੇ ਅੰਦਰ ਹੁਣ ਸਿੱਖ ਪੰਜਾਬ ਵਿਚ ਨਜਰ ਆਉਣੋ ਬੰਦ ਹੋ ਗਏ। ਮੁਗਲ ਹਕੂਮਤ ਵੀ ਖੁਸ਼ ਹੋ ਗਈ ਕਿ ਸੂਬੇ ਜਕਰੀਆ ਖਾਨ ਨੇ ਆਪਣੀ ਸੌਗੰਧ ਪੂਰੀ ਕਰ ਲਈ ਹੈ।
ਐਸੇ ਭਿਆਨਕ ਸਮੇਂ ਵਿਚ ਪੰਜਾਬ ਦੇ ਦੋ ਸਿੱਖ ਸੂਰਮੇ, ਇਕ ਬਾਬਾ ਬੋਤਾ ਸਿੰਘ ਪਿੰਡ ਭੜਾਨਾ (ਅੱਜ ਕਲ ਪਾਕਿਸਤਾਨ ਵਿਚ) ਰੰਘਰੇਟਾ ਜੱਟ ਅਤੇ ਦੂਜਾ ਬਾਬਾ ਗਰਜਾ ਸਿੰਘ ਕਦੇ ਕਦੇ ਰਾਤ ਦੇ ਹਨੇਰੇ ਵਿਚ ਅੰਮਿ੍ਰਤਸਰ ਇਸ਼ਨਾਨ ਕਰਨ ਜਾਂਦੇ ਅਤੇ ਦਿਨ ਨੂੰ ਖੇਤਾਂ ਜਾਂ ਕੰਦਰਾਂ ਵਿਚ ਲੁਕ ਛਿਪ ਜਾਂਦੇ। ਇਕ ਦਿਨ ਮੁਗਲਾਂ ਦੇ ਸੂਹੀਏ ਦੀ ਨਜਰ ਇਨਾਂ੍ਹ ਤੇ ਪੈ ਗਈ।ਉਸਦਾ ਸਾਥੀ ਕਹਿੰਦਾ ਹੈ ਕਿ ਲਗਦਾ ਹੈ ਕਿ ਸਿੱਖ ਝਾੜੀਆਂ ਵਿਚ ਛੁਪ ਕੇ ਬੈਠੇ ਹਨ। ਦੂਜੇ ਨੇ ਬੋਲੀ ਮਾਰੀ ਕਿ ਜੇ ਅਸਲੀ ਸਿੱਖ ਹੁੰਦੇ ਤਾਂ ਬਾਹਰ ਸਾਹਮਣੇ ਆ ਮੱਥਾ ਲਾਉਂਦੇ।ਹੋ ਸਕਦਾ ਇਹ ਕੋਈ ਕਾਇਰ ਜਾਂ ਡਰਪੋਕ ਨਾਮਰਦ ਹੋਣ।ਇਹ ਸੁਣ ਸਿੱਖਾਂ ਦਾ ਖੂੰਨ ਖੌਲ ਉਠਿੱਆ।ਹਥਿਆਰਾਂ ਦੇ ਨਾਮ ਤੇ , ਇਕ ਕੋਲ ਇਕ ਸੋਟਾ ਅਤੇ ਦੂਜੇ ਕੋਲ ਵੀ ਇਕ ਸੋਟਾ ਤੇ ਛੋਟੀ ਕਿਰਪਾਨ ਸੀ।
ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਸੋਚਿਆ ਕਿ ਇਸ ਤਰਾਂ ਡਰ ਡਰ ਕੇ ਕੌਮ ਕਿਸ ਤਰਾਂ੍ਹ ਜੀਏਗੀ, ਹੁਣ ਫਿਰ ਕੁਰਬਾਨੀ ਦੇਣ ਦਾ ਸਮਾਂ ਆ ਗਿਆ ਹੈ, ਨਾਲ ਹੀ ਜਕਰੀਆ ਖਾਨ ਨੂੰ ਵੀ ਪਤਾ ਲੱਗ ਜਾਏ ਕਿ ਸਿੱਖ ਖੱਤਮ ਨਹੀਂ ਹੋਏ ਤੇ ਨਾਂ ਹੀ ਖੱਤਮ ਹੋਣਗੇ। ਦਿੱਲੀ ਤੋਂ ਲਹੌਰ ਜਾਣ ਵਾਲੀ ਸ਼ਾਹੀ ਸੜਕ ਜੋ ਤਰਨ ਤਾਰਨ ਦੇ ਲਾਗੇ ਦੀ ਗੁਜਰਦੀ ਸੀ। ਉਸ ਸੜਕ ਤੇ ਸਰਾਏ ਅਮਾਨਤ ਖਾਨ (ਨੂਰਦੀਨ ਦੀ ਸਰਾਂ) ਦੇ ਉਤੇ ਇਨਾਂ੍ਹ ਦੋਨਾਂ ਸਿੱਖਾਂ ਨੇ ਨਾਕਾ ਲਾ ਦਿੱਤਾ। ਆਉਣ ਜਾਣ ਵਾਲੇ ਰਾਹੀਆਂ ਕੋਲੋਂ ਟੈਕਸ ਵਸੂਲ ਕਰਨਾਂ ਸ਼ੁਰੂ ਕਰ ਦਿੱਤਾ। ਇਕ ਆਨਾ ਗੱਡੇ ਵਾਲੇ ਕੋਲੋਂ ਤੇ ਇਕ ਪੈਸਾ ਖੋਤੇ ਤੇ ਸਮਾਨ ਲਿਜਾਣ ਵਾਲੇ ਨੂੰ।ਇਸਦਾ ਇਕੋ ਇਕ ਮੱਕਸਦ ਸੀ ਮੁਗਲ ਹਕੂਮਤ ਨੂੰ ਲਲਕਾਰ ਅਤੇ ਜਕਰੀਆ ਖਾਨ ਤੱਕ ਸੁਨੇਹਾ ਪਹੁਚਾਣਾ ਕਿ ਦੇਖ ਸਿੱਖ ਅਜੇ ਵੀ ਜਿੰਦਾ ਹਨ।
ਜਦੋਂ ਇਸ ਨਾਕੇ ਦੇ ਬਾਵਜੂਦ ਵੀ ਸੂਬੇ ਜਕਰੀਆ ਖਾਨ ਵਲੋਂ ਕੋਈ ਹੱਰਕਤ ਨਹੀਂ ਹੋਈ ਤਾਂ ਬਾਬਾ ਬੋਤਾ ਜੀ ਨੇ ਇਕ ਲਲਕਾਰ ਭਰੀ ਚਿੱਠੀ ਲਿੱਖੀ।ਜਕਰੀਆ ਖਾਨ ਦੀ ਵੱਡੀ ਭੈਣ ਜਿਸਦਾ ਨਾਮ ਖਾਨੋਂ ਸੀ ( ਫਰਜੁਲਾ ਖਾਨ ) ਨਾਲ ਉਸੇ ਪਿੰਡ ਵਿਚ ਵਿਆਹੀ ਹੋਈ ਸੀ , ਜਿੱਥੋਂ ਦਾ ਬਾਬਾ ਬੋਤਾ ਜੀ ਅਤੇ ਨਵਾਬ ਕਪੂਰ ਸਿੰਘ ਜੀ ਸਨ।ਪਿੰਡ ਦੇ ਰਿਸ਼ਤੇ ਦੇ ਹਿਸਾਬ ਨਾਲ ਖਾਨੋਂ, ਬਾਬਾ ਬੋਤਾ ਦੀ ਭਾਬੀ ਲਗਦੀ ਸੀ। ਇਸ ਲਈ ਸੂਬੇ ਨੂੰ ਵੰਗਾਰਨ ਲਈ ਉਸਦੀ ਭੈਣ ਦਾ ਨਾਮ ਵੀ ਲਿਖਿਆ।ਬਹੁਤੇ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਖਾਨੋਂ ਲਫਜ ਸੂਬੇ ਲਈ ਵਰਤਿਆ ਹੈ, ਪਰ ਲਗਦਾ ਹੈ ਕਿ ਸੂਬੇ ਨੂੰ ਪੂਰੀ ਤਰਾਂ੍ਹ ਵੰਗਾਰਨ ਅਤੇ ਝੰਜੋੜਨ ਲਈ ਉਸਦੀ ਭੈਣ ਦਾ ਨਾਮ ਲਿਖਿਆ ਹੈ।
“ਲਿਖਤੁਮ ਸਿੰਘ ਬੋਤਾ, ਹੱਥ ਵਿਚ ਸੋਟਾ।
ਵਿਚ ਰਾਹ ਖਲੋਤਾ,
ਆਨਾ ਲਾਇਆ ਗੱਡੇ ਨੂੰ,ਪੈਸਾ ਖੋਤਾ।
ਆਖੀਂ ਭਾਬੀ ਖਾਨੋਂ ਨੂੰ। ਇੰਜ ਆਖੇ ਸਿੰਘ ਬੋਤਾ”।
ਜਦੋਂ ਇਕ ਰਾਹੀ ਦੇ ਹੱਥ ਇਹ ਚਿੱਠੀ ਸੂਬੇ ਜਕਰੀਆ ਖਾਨ ਨੂੰ ਮਿਲੀ ਤਾਂ ਪੜ੍ਹ ਕੇ ਉਸਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੰਚ ਗਿਆ। ਅੱਗ ਬਬੂਲਾ ਹੋ ਕੇ ਉਸੇ ਵੇਲੇ ਆਪਣੇ ਜਰਨੈਲ ਜਲਾਲ ਦੀਨ ਦੇ ਨਾਲ ਸੌ ( 100 ) ਮੁਗਲਾਂ ਦਾ ਫੌਜੀ ਦੱਸਤਾ ਦੇ ਕੇ ਸਿੱਖਾਂ ਨੂੰ ਪੱਕੜਨ ਲਈ ਭੇਜਿਆ। ਪਾ੍ਰਚੀਨ ਪੰਥ ਪਰਕਾਸ਼ (ਰੱਤਨ ਸਿੰਘ ਭੰਗੂ ) ਨੇ ਬਹੁਤ ਹੀ ਵਿਸਥਾਰ ਨਾਲ ਇਸ ਜੰਗ ਦਾ ਵਰਨਣ ਕੀਤਾ ਹੈ।
ਦੂਰੋਂ ਧੂੜ ਉੱਡਦੀ ਦੇਖ ਦੋਨੋ ਸਿੰਘ ਸੱਮਝ ਗਏ ਕਿ ਮੁਗਲ ਫੌਜ ਆ ਰਹੀ ਹੈ।ਦੋਨੋ ਆਪਣੇ ਸੋਟੇ ਸੰਭਾਲ ਕੇ ਬੜੀ ਮੁਸਤੈਦੀ ਨਾਲ ਰਾਹ ਵਿਚ ਖਲੋ ਗਏ। ਜਲਾਲ ਦੀਨ ਨੇ ਜਦੋਂ ਇਨਾਂ੍ਹ ਨੂੰ ਹੱਥ ਵਿਚ ਸੋਟੇ ਫੜੀ ਦੇਖਿਆ, ਤਾਂ ਬੋਲਿਆ ਕਿ ਕਿਉਂ ਐਵੇਂ ਜਾਨ ਗਵਾ ਰਹੇ ਹੋ, ਬਿਨਾ ਹਥਿਆਰ ਤੁਸੀਂ ਕੀ ਸਾਡਾ ਮੁਕਾਬਲਾ ਕਰੋਗੇ। ਚੰਗਾ ਹੋਵੇਗਾ ਤੁਸੀਂ ਆਪਣੇ ਆਪ ਨੂਮ ਸਾਡੇ ਹਵਾਲੇ ਕਰ ਦਿਉ ਤਾਂ ਮੇ ਜਾਨ ਬਖਸ਼ੀ ਕਰ ਦੇਵਾਂਗਾ। ਬਾਬਾ ਬੋਤਾ ਸਿੰਘ ਨੇ ਜੋਰ ਦਾ ਜੈਕਾਰਾ ਛੱਡ ਕੇ ਭੁੱਖੇ ਸ਼ੇਰਾਂ ਵਾਂਗ ਮੁਗਲਾਂ ਤੇ ਟੱੁਟ ਪਏ।ਮੁਗਲ ਫੌਜੀ ਘਬਰਾ ਕੇ ਪਿਛਾਂਹ ਹੱਟ ਗਏ। ਫੋਜੀ ਬੋਲੇ ਤੁਸੀਂ ਇਨਾਂ੍ਹ ਸੋਟਿਆਂ ਨਾਲ ਸਾਡਾ ਕੀ ਵਿਗਾੜ ਲਵੋਗੇ? ਬਾਬਾ ਬੋਤਾ ਜੀ ਬੋਲੇ ਜਲਾਲ ਦੀਨ ਤੇਰੇ ਕੋਲ ਜੋ ਸੱਭ ਤੋਂ ਤਗੜੇ ਜਵਾਨ ਹਨ ਉਹ ਚਾਰ ਜਵਾਨ ਭੇਜ। ਜਿਉਂ ਹੀ ਉਹ ਚਾਰੋ ਆਏ , ਇਸ ਤੋਂ ਪਹਿਲਾਂ ਕਿ ਉਹ ਕੁਝ ਸੋਚ ਸਕਣ ਸਿੱਖਾਂ ਨੇ ਐਸੀ ਡਾਂਗ ਚਲਾਈ ਉਹ ਚਾਰੋ ਖਾਨੇ ਚਿੱਤ ਧਰਤੀ ਤੇ ਡਿੱਗ ਪਏ। ਫਿਰ ਹੋਰ ਚਾਰ ਜਵਾਨ ਸਾਮ੍ਹਣੇ ਆਏ ਉਨਾਂ੍ਹ ਨਾਲ ਵੀ ਇਹੋ ਸਲੂਕ ਹੋਇਆ।
ਹੁਣ ਜਲਾਲ ਦੀਨ ਖਾਨ ਨੂੰ ਫਿਕਰ ਪਿਆ ਤੇ ਉਸਨੇ ਫੌਜ ਨੂੰ ਅੱਗੇ ਵੱਧ ਕੇ ਸਿੱਖਾਂ ਨੂੰ ਘੇਰਨ ਦਾ ਹੁਕਮ ਦਿੱਤਾ।ਪਿੱਠ ਨਾਲ ਪਿੱਠ ਜੋੜ ਕੇ ਦੋਨਾਂ ਬਹਾਦਰ ਸਿੱਖਾਂ ਨੇ ਕਮਾਲ ਦੇ ਪੈਂਤੜੇ ਦਿਖਾਏ ਕਿ ਮੁਗਲਾਂ ਦੇ ਘੋੜੇ ਪਛਾਂਹ ਮੋੜ ਦਿੱਤੇ।ਮੁਗਲਾਂ ਨੇ ਤੀਰ ਚਲੌਣੇ ਸ਼ੁਰੂ ਕੀਤੇ , ਸਿੱਖਾਂ ਨੇ ਸੋਟਿਆਂ ਨਾਲ ਹੀ ਤੀਰਾਂ ਦਾ ਬੜਾ ਮੁਕਾਬਲਾ ਕੀਤਾ।ਫਿਰ ਵੀ ਇਕ ਤੀਰ ਬਾਬਾ ਬੋਤਾ ਸਿੰਘ ਦੇ ਸ਼ਰੀਰ ਨੂੰ ਗਹਿਰਾ ਜਖਮੀ ਕਰ ਗਿਆ। ਝੱਟ ਦੇ ਕੇ ਤੀਰ ਸ਼ਰੀਰ ਵਿਚੋਂ ਬਾਹਰ ਖਿੱਚ ਕੇ ਬਾਬਾ ਬੋਤਾ ਫਿਰ ਸੋਟਾ ਸੰਭਾਲ ਕੇ ਹਮਲਾਵਰ ਹੋ ਗਏ। ਦੂਜਾ ਸਿੱਖ ਵੀ ਜੱਖਮੀ ਹੋ ਗਿਆ। ਫਿਰ ਮੁਗਲਾਂ ਨੇ ਬੰਦੂਕਾਂ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਦੋਨਾਂ ਖਾਲਸਿਆਂ ਨੂੰ ਕਾਫੀ ਜੱਖਮ ਲੱਗੇ।ਲੱਤਾਂ ਵਿਚ ਗੋਲੀ ਲੱਗਣ ਕਰਕੇ ਉੱਠ ਕੇ ਖਲੋਣਾਂ ਵੀ ਮੁਸ਼ਕਿਲ ਹੋ ਗਿਆ। ਜਲਾਲ ਦੀਨ ਫਿਰ ਬੋਲਿਆ ਅਜੇ ਵੀ ਵੱਕਤ ਹੈ ਹਾਰ ਮੰਨ ਕੇ ਮਾਫੀ ਮੰਗ ਲਵੋ ਤਾਂ ਮੈ ਜਾਨ ਬਖਸ਼ੀ ਕਰ ਦਿਆਂਗਾ।ਗੁਰੂੁ ਦੇ ਬਹਾਦਰ ਸਿੱਖ ਮੌਤ ਕੋਲੋਂ ਨਹੀਂ ਡਰਦੇ। ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਕੜਕ ਕੇ ਬੋਲੇ।
“ ਤੀਰ ਲਗੈ ਸਿੰਘ ਪੱਟ ਸਿਟਾਵੈਂ। ਤੁਰਕਨ ਕੋ ਸੋ ਅੱਖੀਂ ਦਿਖਾਵੈਂ ॥
ਸਿੰਘ ਕਹੈਂ ਧਿ੍ਰਗ ਤੁਮਰੇ ਤੀਰ। ਹਮਰੋ ਚੀਰ ਨਾ ਸਕੇਂ ਸਰੀਰ ॥
ਤਬ ਲਾਗੇ ਤਲਵਾਰ ਚਲਾਨ । ਸਿੰਘ ਸੋਟੇ ਸਿਉਂ ਰੋਕੇਂ ਤਾਨ ॥
ਦੋਊਨ ਸਿੰਘਨ ਲਈ ਪਿੱਠ ਜੋੜ। ਸੌਟਨ ਸਿਉਂ ਦੀਨ ਘੋੜੇ ਮੋੜ”॥ ( ਪ੍ਰਾਚੀਨ ਪੰਥ ਪ੍ਰਕਾਸ਼ )
ਇਹ ਸੁਣਕੇ ਜਲਾਲ ਦੀਨ ਵੀ ਹੈਰਾਨ ਰਹਿ ਗਿਆ। ਦੋਨੋ ਸਿੱਖ ਇਕ ਦੂਜੇ ਦੇ ਮੋਢੇ ਦਾ ਸਹਾਰਾ ਲੈ ਕੇ ਆਪਣੇ ਸੋਟੇ ਸੰਭਾਲ ਕੇ ਫਿਰ ਉਠੇ ਤੇ ਲਲਕਾਰਾ ਮਾਰਿਆ।ਘੇਰਾ ਪਾ ਕੇ ਮੁਗਲਾਂ ਨੇ ਇਨਾਂ੍ਹ ਤੇ ਬੇਗਿਣਤ ਵਾਰ ਕੀਤੇ ਅਤੇ ਘੋੜਿਆਂ ਥੱਲੇ ਰੌਦਿਆ ਤਲਵਾਰਾਂ ਨਾਲ ਸਿੱਖਾਂ ਤੇ ਅਨੇਕਾਂ ਵਾਰ ਕੀਤੇ।
“ ਸਨਮੁਖ ਸੂਰੇ ਭਿੜਤ ਹੈਂ, ਆਂਖਨ ਆਂਖ ਮਿਲਾਏ॥
ਲਾਲੀ ਮੁੱਖ, ਭੁਜ ਫਰਕ ਹੈਂ ਮੁੱਖ ਤਲਵਾਰਾਂ ਖਾਂਹੇਂ ”॥ ( ਪਾ੍ਰਚੀਨ ਪੰਥ ਪ੍ਰਕਾਸ਼ )
ਇਸ ਤਰਾਂ੍ਹ ਇਹ ਦੋਨੋ ਬਹਾਦਰ ਸਿੱਖ ਬਾਬਾ ਬੋਤਾ ਸਿੰਘ ਅਤੇ ਗਰਜਾ ਸਿੰਘ ਇਕੱਲੇ ਮੁਗਲ ਹਕੂਮਤ ਨੂੰ ਵੰਗਾਰਦੇ ਹੋਏ ਸ਼ਹੀਦੀ ਪਰਾਪਤ ਕਰ ਗਏ। ਇਨਾਂ੍ਹ ਦੀ ਸ਼ਹੀਦੀ ਨੇ ਸਿੱਖ ਕੌਮ ਵਿਚ ਇਕ ਨਵੀਂ ਰੂਹ ਭਰ ਦਿੱਤੀ , ਜਿਸਦਾ ਨਤੀਜਾ ਇਹ ਹੋਇਆ ਕਿ ਸਿੱਖ ਮੁੜ ਇੱਕਠੇ ਹੋਣ ਲੱਗੇ ਅਤੇ ਆਉਣ ਵਾਲੇ ਸਮੇਂ ਵਿਚ ਮੁਗਲ ਹਕੂਮਤ ਲਈ ਇਕ ਬਹੁਤ ਵੱਡੀ ਚਨੌਤੀ ਬਣ ਗਏ।ਧੰਨ ਹਨ ਉਹ ਮਾਪੇ ਜਿਨਾਂ੍ਹ ਨੇ ਐਸੇ ਸੂਰਬੀਰ ਯੋਧਿਆਂ ਨੂੰ ਜਨਮ ਦਿੱਤਾ।
ਬਾਬਾ ਬੋਤਾ ਸਿੰਘ , ਗਰਜਾ ਸਿੰਘ ਦੀ ਸ਼ਹਾਦਤ ਦੀਆਂ ਤਾਰੀਖਾਂ ਦਾ ਵੇਰਵਾ ਇਤਿਹਾਸ ਵਿਚੋਂ ਜਿਆਦਾ ਨਹੀ ਮਿਲਦਾ। ਇਨਾਂ੍ਹ ਦੀ ਯਾਦਗਾਰ ਅੱਜ ਵੀ ਨੂਰ ਦੀ ਸਰਾਂ (ਨਜਦੀਕ ਤਰਨ ਤਾਰਨ) ਲਾਗੇ ਬਣੀ ਹੋਈ ਹੈ ਅਤੇ ਗੁਰਦਵਾਰਾ ਸ਼ਹੀਦਾਂ ਅੰਮਿ੍ਰਤਸਰ ਦੇ ਨਾਲ ਵੀ ਅਸਥਾਨ ਬਣਿਆ ਹੋਇਆ ਹੈ।
ਗੁਰਦੇਵ ਸਿੰਘ ਰੂਪਰਾਏ ( ਦਿੱਲੀ )