ਭਾਈ ਫਿਰੰਦਾ ਮਰਦਾਨੇ ਨੂੰ ਕਿਸ ਪਿੰਡ ਵਿਚ ਮਿਲਿਆ
ਇਸ ਖੋਜ ਵਿਚ ਡਾ: ਅਨੁਰਾਗ ਸਿੰਘ ਜੀ ਨੇ ਮੇਰੀ ਬਹੁਤ ਸਹਾਇਤਾ ਕੀਤੀ ਅਤੇ ਆਪਣੀ ਦੁਰਲੱਭ ਪੁਸਤਕਾਂ ਦੀ ਲਾਇਬ੍ਰੇਰੀ ਵਿਚੋਂ ਪੁਰਾਤਨ ਸਮੱਗ੍ਰੀ ਉਪਲੱਭਦ ਕਰਾਈ। ਇਸ ਲਈ ਮੈਂ ਉਨਾਂਹ ਦਾ ਵੀ ਧੰਨਵਾਦੀ ਹਾਂ।
ਸੁਲਤਾਨ ਪੁਰ ਬੈਠੇ ਗੁਰੁ ਨਾਨਕ ਦੇਵ ਜੀ ਨੇ ਜਦੋਂ ਜਗਤ ਜਲੰਦੇ ਨੂੰ ਤਾਰਨ ਲਈ ਉਦਾਸੀਆਂ ਦਾ ਮਨ ਬਣਾਇਆ ਤਾਂ ਸੱਭ ਤੋਂ ਪਹਿਲਾਂ ਮਰਦਾਨੇ ਨੂੰ ਹੁਕਮ ਕੀਤਾ, ਮਰਦਾਨਾ ਜਾ ਬੇਬੇ ਜੀ ( ਭੈਣ ਨਾਨਕੀ ) ਪਾਸੋਂ ਕੁਝ ਰੁਪੱਈਏ ਲੈ ਜਾ ਤੇ ਇਕ ਵੱਧੀਆ ਰਬਾਬ ਖਰੀਦ ਕੇ ਲਿਆਉ। ਡਾ: ਭਾਈ ਵੀਰ ਸਿੰਘ ਜੀ ਲਿਖਦੇ ਹਨ “ ਕਿ ਗੁਰੁ ਨਾਨਕ ਜੀ ਵਾਲੀ ਰਬਾਬ ਵਰਗੇ ਛੇ ਤਾਰ ਵਾਲੇ ਸਾਜ ਅੱਜ ਵੀ ਰਿਆਸਤ ਰਾਮਪੁਰ ਵਿਚ ਵੱਜਦੇ ਸੁਣਦੇ ਹਨ”।
“ਸਾਦਿਕ ਅਲੀ ਦੀ ਲਿਖਤ ਕਾਨੂੰਨ-ਇ-ਮੁਸੀਕੀ ਦੇ ਮੁਤਾਬਿਕ ਗੁਰੁ ਨਾਨਕ ਦੇਵ ਜੀ ਵਾਲੀ ਰਬਾਬ ਪੰਜ ਤਾਰਾਂ ਵਾਲੀ ਸੀ”।

ਇਤਿਹਾਸ ਦੱਸਦਾ ਹੈ ਕਿ ਹੁਕਮ ਸੁਣ ਕੇ ਮਰਦਾਨਾ ਢੂੰਡਦਾ ਹੋਇਆ ਪਿੰਡ ਪਿੰਡ ਭਾਲ ਕਰਦਾ ਥੱਕ ਹਾਰ ਕੇ ਨਿਰਾਸ਼ ਹੋ ਕੇ ਵਾਪਿਸ ਗੁਰੁ ਜੀ ਪਾਸ ਆ ਗਿਆ। ਫਿਰ ਗੁਰੁ ਜੀ ਕਿਹਾ ਮਰਦਾਨਾ ਇਥੋਂ ਕਾਫੀ ਦੂਰ ਇਸ ਦਿਸ਼ਾ ਵੱਲ ਜਾਹੁ। ਉਥੇ ਦੋ ਨਦੀਆਂ ਦੇ ਵਿਚਕਾਰ ਜੰਗਲ ਵਿਚ ਇਕ ਜੱਟਾਂ ਦਾ ਗਿਰਾੳਂੁ ਹੈ ।
“ਜਿਹ ਦਿਸ ਜੰਗਲ ਗ੍ਰਾਮ ਏਕ ਤਹਿ , ਜਾਇ ਖੋਜ ਤੁਮ ਪਾਵਉ ॥ ਜੁਗ ਸਰਿਤਾ ਮਧਿ ਤਾਂ ਕੋ ਜਾਨਹੁ ਰਾਹਕ ਕੋ ਸੋ ਗਾਉਂ॥ ਨਾਮ ਫਿਰੰਦਾ ਤਹਾਂ ਰਬਾਬੀ ਜਾਇ ਸੁ ਬੂਝਉ ਨਾਉਂ॥”

ਉਸ ਪਿੰਡ ਦਾ ਨਾਮ ਆਸਕ ਪੁਰਾ ਹੈ, ਉੱਥੇ ਫਿਰੰਦਾ ਨਾਮੀ ਰਬਾਬੀ ਜਿਸਨੂੰ ਫੇਰੂ ਭੀ ਆਖਦੇ ਹਨ , ਰਹਿੰਦਾ ਹੈ। ਉਸ ਕੋਲ ਜਾ ਕੇ ਰਬਾਬ ਮੰਗੀਂ , ਅਗਰ ਨਾਂ ਦੇਵੇ ਤਾਂ ਅਸਾਂ ਦਾ ਨਾਮ ਲਵੀਂ।ਮਰਦਾਨਾ ਢੂੰਡਦਾ ਹੋਇਆ ਦੋ ਦਿਨ ਬਾਦ ਉਸ ਪਿੰਡ ਵਿਚ ਪੁੱਜਾ।ਪਿੰਡ ਵਿਚ ਭਾਈ ਫਿਰੰਦੇ ਦਾ ਪਤਾ ਪੁੱਛਣ ਤੇ ਵੀ ਜਦੋਂ ਫਿਰੰਦੇ ਦਾ ਪਤਾ ਨਾ ਮਿਲਿਆ ਤਾਂ ਮਰਦਾਨਾ ਉਦਾਸ ਹੋ ਗਿਆ। ਕਹਿੰਦੇ ਹਨ ਭਾਈ ਫਿਰੰਦਾ ਆਪ ਆ ਕੇ ਮਰਦਾਨੇ ਨੂੰ ਮਿਲਿਆ। ਭਾਈ ਫਿਰੰਦਾ ਤੰਤੀ ਸਾਜ ਬਨਾਉਣ ਦਾ ਤੇ ਕੀਰਤਨ ਕਰਨ ਦਾ ਮਾਹਿਰ ਸੀ। ਸਾਰੇ ਰਾਗਾਂ ਬਾਰੇ ਇਸਨੂੰ ਬਹੁਤ ਗਿਆਨ ਸੀ। ਭਾਈ ਮਰਦਾਨੇ ਨੇ ਕੀਮਤ ਪੁੱਛੀ ਤਾਂ ਭਾਈ ਫਿਰੰਦਾ ਬੋਲਿਆ, ਇਸ ਸਾਜ ਦੀ ਕੋਈ ਕੀਮਤ ਨਹੀ ਦੇ ਸਕਦਾ। ਤੁਸੀਂ ਗੁਰੂ ਨਾਨਕ ਦਾ ਨਾਮ ਲਿਆ ਹੈ , ਮੈਂ ਵੀ ਉਨਾ੍ਹ ਦੇ ਦਰਸ਼ਨ ਕਰਨੇ ਹਨ ਬਹੁਤ ਸਮਾਂ ਬੀਤ ਗਿਆ ਹੈ। ਮੇਰਾ ਤੇ ਉਨਾਂ੍ਹ ਦਾ ਪੁਰਾਣਾ ਸੰਬੰਧ ਹੈ। ਮਰਦਾਨਾ ਇਹ ਬੋਲ ਸੁਣਕੇ ਬਹੁਤ ਹੈਰਾਨ ਹੋਇਆ ਪਰ ਚੁੱਪ ਰਿਹਾ। ਭਾਈ ਫਿਰੰਦਾ ਰਬਾਬ ਲੈ ਕੇ ਮਰਦਾਨੇ ਦੇ ਨਾਲ ਹੀ ਤੁਰ ਪਿਆ। ਸੁਲਤਾਨ ਪੁਰ ਪੁੱਜ ਕੇ ਗੁਰੁ ਜੀ ਦੇ ਦਰਸ਼ਨ ਕੀਤੇ ਸੀਸ ਨਿਵਾਇਆ ਤੇ ਬੈਠ ਗਿਆ।
ਗੁਰੁ ਜੀ ਸੁਖ ਸਾਂਦ ਪੁੱਛੀ, ਕਿਹਾ ਭਾਈ ਫਿਰੰਦਾ ਤੂੰ ਸਾਨੂੰ ਕਿਵੇਂ ਜਾਣਦਾ ਹੈਂ, ਤਾਂ ਫਿਰੰਦੇ ਆਖਿਆ ਜੀ ਆਪ ਜਾਣੀ ਜਾਣ ਹੋ। ਗੁਰੁ ਜੀ ਬੋਲੇ ਫਿਰ ਵੀ ਕਹੋ ਫਿਰੰਦਾ। ਤਾਂ ਭਾਈ ਫਿਰੰਦਾ ਬੋਲਿਆ ਜੀ , ਬਹੁਤ ਸਮਾਂ ਪਹਿਲਾਂ ਮਂੈ , ਬੇਬੇ ਜੀ ਤੇ ਆਪ ਇਕੱਠੇ ਭਗਤੀ ਕਰਦੇ ਸੀ।ਤਾਂ ਜਾਣੀ ਜਾਣ ਗੁਰੁ ਜੀ ਪੁੱਛਿਆ ਤਦੋਂ ਸਾਡਾ ਨਾਉਂ ਕੀ ਸੀ।“ ਫਿਰੰਦਾ ਬੋਲਿਆ ਜੀ ਭੈਣ ਜੀ ਦਾ ਨਾਮ ਸੁੰਦ੍ਰੀ ਅਤੇ ਆਪ ਦਾ ਨਾਮ ਸੁੰਦ੍ਰਾ ਸੀ, ਮੇਰਾ ਨਾਮ ਪ੍ਰੇਮਾ ਸੀ” ( ਹੱਸਤ ਲਿਖਤ ਜਨਮ ਸਾਖੀ ਭਾਈ ਬਾਲਾ ਜੀ ) “ ਫਿਰ ਇਕ ਦਿਨ ਮੈਨੂੰ ਆਕਾਸ਼ਬਾਣੀ ਹੋਈ ਕਿ ਕਲਿਯੁਗ ਵਿਚ ਅਕਾਲਪੁਰਖ ਨਾਨਕ ਨਿਰੰਕਾਰੀ ਦੇ ਰੂਪ ਵਿਚ ਅਵਤਾਰ ਲਵੇਗਾ, ਉਦੋਂ ਤੋਂ ਹੀ ਮੇਰੀ ਇਛੱਾ ਸੀ ਕਿ ਮੈ ਕਲਿਯੁਗ ਵਿਚ ਆਕੇ ਆਪ ਨੂੰ ਰਬਾਬ ਭੇਟ ਕਰਾਂ। ਤਾਂ ਗੁਰੂ ਜੀ ਬਹੁਤ ਹੀ ਖੁਸ਼ ਹੋਏ ਤੇ ਫਿਰੰਦੇ ਨੂੰ ਗਲ ਨਾਲ ਲਾਇਆ” ।

ਕੁਝ ਦਿਨ ਪਾ ਕੇ ਭਾਈ ਫਿਰੰਦਾ ਗੁਰੁ ਜੀ ਅਗੇ ਹੱਥ ਬੰਨ ਕੇ ਖਲੋ ਗਿਆ, ਤੇ ਜਾਣ ਦੀ ਇਜਾਜਤ ਮੰਗੀ।ਗੁਰੁ ਜੀ ਖੁਸ਼ੀ ਖੁਸ਼ੀ ਜਾਣ ਦੀ ਇਜਾਜਤ ਦੇ ਦਿੱਤੀ ਤੇ ਮਰਦਾਨੇ ਨੂੰ ਹੁਕਮ ਕੀਤਾ ਮਰਦਾਨਾ ਕੁਝ ਦੂਰੀ ਤੱਕ ਭਾਈ ਫਿਰੰਦੇ ਦੇ ਨਾਲ ਜਾ ਕੇ ਇਨਾਂਹ ਨੂੰ ਆਦਰ ਸਹਿਤ ਵਿਦਾ ਕਰ ਆਉ।
ਮਰਦਾਨਾ ਗੱਲਾਂ ਬਾਤਾਂ ਕਰਦਾ ਭਾਈ ਫਿਰੰਦੇ ਦੇ ਨਾਲ ਤੁਰ ਪਿਆ।ਪਰੰਤੂ ਕੁਝ ਦੂਰੀ ਤੇ ਜਾ ਕੇ ਜਦੋਂ ਧਿਆਨ ਮਾਰਿਆ ਤਾਂ ਭਾਈ ਫਿਰੰਦਾ ਪਿੱਛੇ ਸੀ ਹੀ ਨਹੀ।ਮਰਦਾਨਾ ਬਹੁਤ ਹੀ ਹੈਰਾਨ ਹੋਇਆ ਕਿ ਭਾਈ ਫਿਰੰਦਾ ਕਿੱਧਰ ਅਲੋਪ ਹੋ ਗਿਆ । ਜਨਮ ਸਾਖੀ ਭਾਈ ਬਾਲਾ ਮੁਤਾਬਿਕ ਭਾਈ ਫਿਰੰਦਾ ਇਹ ਰੱਬੀ ਰੂਹ ਸੀ ਜੋ ਗੁਰੁ ਨਾਨਕ ਜੀ ਦੇ ਦਰਸ਼ਨ ਕਰਨ ਅਤੇ ਰਬਾਬ ਦੇਣ ਹੀ ਆਇਆ ਸੀ।
ਦਾਸ ਬਹੁਤ ਸਮੇ ਤੋਂ ਇਸ ਭਾਈ ਫਿਰੰਦੇ ਦੇ ਪਿੰਡ ਬਾਬਤ ਭਾਲ ਵਿਚ ਸੀ, ਅੰਤ 6 ਜੁਲਾਈ 2021 ਨੂੰ ਜਦੋਂ ਸੁਲਤਾਨ ਪੁਰ ਲੋਧੀ ਗੁਰਦਵਾਰਿਆਂ ਦੇ ਦਰਸ਼ਨਾ ਲਈ ਗਿਆ ਤਾਂ ਪਤਾ ਲੱਗਾ, ਕਿ ਇਥੇ ਇਕ ਗੁਰਦਵਾਰਾ ਰਬਾਬਸਰ ਨਾਮ ਦਾ ਹੈ। ਦਾਸ ਉਸ ਅਸਥਾਨ ਦੇ ਦਰਸ਼ਨਾ ਲਈ ਗਿਆ। ਸੁਲਤਾਨ ਪੁਰ ਤੋਂ ਦੱਖਣ-ਪੱਛਮ ਵਾਲੇ ਪਾਸੇ 15 ਕਿਲੋਮੀਟਰ ਦੂਰੀ ਤੇ ਇਕ i ਪੰਡ ਹੈ ਭਰੋਆਨਾ, ਇਥੇ ਰਬਾਬਸਰ ਨਾਮ ਦਾ ਗੁਰਦਵਾਰਾ ਭਾਈ ਫਿਰੰਦੇ ਦੀ ਯਾਦ ਵਿਚ ਬਣਿਆ ਹੋਇਆ ਹੈ। ਇਹ ਅਸਥਾਨ ਠੀਕ ਦੋ ਦਰਿਆ, ਸਤਿਲੁਜ ਅਤੇ ਬਿਆਸ ਦੇ ਸੰਗਮ ਦੇ ਨਜਦੀਕ ਮੰਡ ( ਜੋ ਬਿਲਕੁਲ ਜੰਗਲ ਦੀ ਤਰਾਂਹ ਹੈ ) ਦੇ ਦਰਮਿਆਨ ਸਥਿੱਤ ਹੈ। ਬਰਸਾਤਾਂ ਵਿਚ ਤਾਂ ਪਾਣੀ ਪਿੰਡ ਦੇ ਚਾਰ ਚੁਫੇਰੇ ਘੇਰਾ ਪਾ ਲੈਂਦਾ ਹੈ। ਇਹ ਤਰੀਬੈਣੀ ਦਾ ਅਸਥਾਨ ਵੀ ਬਣਦਾ ਹੈ ਕਿਉਂਕਿ ਇਤਿਹਾਸਿਕ ਕਾਲੀ ਬੇਂਈ ਵੀ ਇਸੇ ਅਸਥਾਨ ਤੇ ਆ ਕੇ ਇਸ ਸੰਗਮ ਵਿਚ ਮਿਲਦੀ ਹੈ।


ਹਰੀਕੇ ਪੱਤਣ ਤੋਂ ਇਹ ਅਸਥਾਨ 12 ਕਿਲੋਮੀਟਰ ਉੱਤਰ-ਪੂਰਬ ਵਲ ਸਥਿਤ ਹੈ। ਜਨਮਸਾਖੀ ਵਿਚ ਇਸਦਾ ਨਾਮ ਆਸਕ ਪੁਰਾ ਲਿਖਿਆ ਹੈ। ਕੁਝ ਇਤਿਹਾਸਕਾਰ ਇਸਦਾ ਨਾਮ ਅਕਰ ਪੁਰਾ ਲਿਖਦੇ ਹਨ। ਈ: 1975 ਵਿਚ ਇਸ ਗੁਰਦਵਾਰੇ ਦਾ ਨਿਰਮਾਣ ਹੋਇਆ। ਕੁਝ ਕਾਰਸੇਵਾ ਵਾਲੇ ਬਜੁਰਗ ਸੱਜਣਾਂ ਅਨੂਸਾਰ , ਪਹਿਲਾਂ ਇਸ ਪਿੰਡ ਦਾ ਨਾਮ ਅਕੱਥ ਪੁਰ ਸੀ, ਫਿਰ ਜਦੋਂ ਦੋਨੋ ਦਰਿਆਵਾਂ ਵਿਚ ਹੱੜ ਆਇਆ ਤਾਂ ਇਹ ਸਾਰਾ ਪਿੰਡ ਰੇਤਾ ਅਤੇ ਮਿੱਟੀ ਨਾਲ ਭਰ ਗਿਆ। ਲੋਕ ਇਸਨੂੰ ਭਰ ਗਿਆ ਜਾਂ ਭਰਿਆ ਹੋਇਆ ਪਿੰਡ ਆਖਣ ਲੱਗ ਪਏ। ਫਿਰ ਸਮਾਂ ਪਾ ਕੇ ਇਸਦਾ ਨਾਮ ਭਰੋਆਨਾ ਪ੍ਰਚੱਲਤ ਹੋ ਗਿਆ ਜੋ ਅੱਜ ਵੀ ਸਰਕਾਰੀ ਕਾਗਜਾਂ ਵਿਚ ਦਰਜ ਹੈ।ਬਹੁਤ ਹੀ ਸੁੰਦਰ ਗੁਰਦਵਾਰਾ ਅਤੇ ਇਕ ਸਰੋਵਰ ਵੀ ਬਣਿਆ ਹੋਇਆ ਹੈ।
ਗੁਰਦੇਵ ਸਿੰਘ ਰੂਪਰਾਏ ਦਿੱਲੀ