ਬਾਬਾ ਹਰਿਦਾਸ ਸਿੰਘ ਜੀ ਹਥਿਆਰਾਂ ਦਾ ਮਾਹਿਰ
ਮੇਰੀ ਪਿਛਲੀ ਪੋਸਟ ਵਿਚ ਸ਼ਹੀਦ ਬਾਬਾ ਹਰਿਦਾਸ ਸਿੰਘ ਜੀ ਦੇ ਲਿਖਾਰੀ ਹੋਣ ਦਾ ਜਿਕਰ ਹੋਇਆ ਸੀ। ਅੱਜ ਬਾਬਾ ਹਰਿਦਾਸ ਜੀ ਦੇ ਇਕ ਹੋਰ ਜੀਵਨ ਪਹਿਲੂ ਤੇ ਝਾਤ ਮਾਰਦੇ ਹਾਂ।

ਅਸੀ ਜਾਣਦੇ ਹਾਂ ਕਿ ਆਪਣੇ ਪਿਤਾ ਪੁਰਖੀ ਕੰਮ ਦੀ ਕਲਾ ਜੋ ਬਾਬਾ ਹਰਿਦਾਸ ਜੀ ਨੂੰ ਵਿਰਾਸਤ ਵਿਚ ਮਿਲੀ ਸੀ, ਉਹ ਆਪਦੇ ਬਹੁਤ ਕੰਮ ਆਈ। ਕਈ ਧਾਤਾਂ ਨੂੰ ਪਿਘਲਾ ਕੇ ਉਨਾ੍ ਤੋਂ ਨਵੇਂ ਨਵੇਂ ਹਥਿਆਰ ਤਿਆਰ ਕਰਨਾ ਆਪ ਦੀ ਖੂਬੀ ਸੀ। ਇਸ ਸ਼ੌਕ ਨੇ ਬਾਬਾ ਹਰਿਦਾਸ ਜੀ ਨੂੰ ਅਨੰਦਪੁਰ ਸਾਹਿਬ ਵਿਚ ਗੁਰੁ ਗੋਬਿੰਦ ਸਿੰਘ ਜੀ ਦੇ ਹਥਿਆਰਾਂ ਦੇ ਕਾਰਖਾਨੇ ਦਾ ਇੰਚਾਰਜ ਬਣਾ ਦਿੱਤਾ। “ ਆਪ ਨੇ ਕਈ ਤਰਾਂ ਦੇ ਬਰਸ਼ੇ, ਕਿਰਪਾਨਾਂ, ਖੰਜਰ, ਤੀਰਕਮਾਨ, ਨੇਜੇ, ਬੰਦੂਕਾਂ, ਕਰਦਾਂ, ਚੱਕਰ ਅਤੇ ਢਾਲਾਂ ਆਦਿ ਬਣਾਈਆਂ”। ( ਡਾ: ਅਮਰਜੀਤ ਕੌਰ ਬਮਰਾ, “ਤਵਾਰੀਖ ਰਾਮਗੜੀਆ” )
ਸ; ਕੇਹਰ ਸਿੰਘ ਮਠਾਰੂ ਕੈਨੇਡਾ ( “ਮਹਾਰਾਜਾ ਜੱਸਾ ਸਿੰਘ ਰਾਮਗੜੀਆ”) ਵਿਚ ਲਿਖਦੇ ਹਨ ਜੋ ਨਾਗਣੀ ਬਰਸ਼ਾ ਭਾਈ ਬਚਿੱਤਰ ਸਿੰਘ ( ਪੁਤ੍ਰ ਭਾਈ ਮਨੀ ਸਿੰਘ ਜੀ ਸ਼ਹੀਦ ) ਨੇ ਜੰਗ ਵਿਚ ਇਸਤੇਮਾਲ ਕੀਤਾ ਸੀ, ਉਹ ਬਾਬਾ ਹਰਿਦਾਸ ਜੀ ਦਾ ਹੀ ਬਣਾਇਆ ਹੋਇਆ ਸੀ ਤੇ ਇਹ ਉਨਾ੍ ਦੀ ਕਾਰੀਗਰੀ ਦਾ ਬੇਹਤਰੀਨ ਨਮੂਨਾ ਹੈ, ਜੋ ਅੱਜ ਵੀ ਤੱਖਤ ਸ੍ਰੀ ਕੇਸਗੜ੍ਹ ਵਿਚ ਮੌਜੂਦ ਹੈ। ਇਸ ਨਾਗਣੀ ਬਰਸ਼ੇ ਦੀ ਲੰਬਾਈ 8’-9” ਹੈ। (ਡਾ: ਅਮਰਜੀਤ ਕੌਰ ਬਮਰਾ, “ਤਵਾਰੀਖ ਰਾਮਗੜੀਆ” ), ( ਕੇ. ਐਸ. ਨਾਰੰਗ “ਹਿਸਟਰੀ ਆਫ ਪੰਜਾਬ” )


ਕੁਝ ਇਤਿਹਾਸਕਾਰਾਂ ਮੁਤਾਬਿਕ ਬਾਬਾ ਦੀਪ ਸਿੰਘ ਦਾ ਜੋ ਦੋ ਧਾਰਾ ਖੰਡਾ ਸੀ ਜਿਸਦਾ ਵਜਨ 14 ਸੇਰ , (1 ਸੇਰ=928 ਗ੍ਰਾਮ ) ਉਹ ਵੀ ਬਾਬਾ ਹਰਿਦਾਸ ਜੀ ਦਾ ਹੀ ਬਣਾਇਆ ਹੋਇਆ ਸੀ। ਗੁਰੁ ਗੋਬਿੰਦ ਸਿੰਘ ਜੀ ਬਾਬਾ ਜੀ ਦੀ ਇਸ ਕਲਾ ਤੋਂ ਬਹੁਤ ਖੁਸ਼ ਸਨ ਅਤੇ ਆਪ ਨੂੰ ਉਤਸਾਹਿਤ ਕਰਦੇ ਰਹਿੰਦੇ। ( ਸ: ਰਣਜੀਤ ਸਿੰਘ ਰਾਣਾ ਯੂ.ਕੇ. “ਬਾਬਾ ਹਰਿਦਾਸ ਜੀ” ) ਰਾਣਾ ਜੀ ਦੱਸਦੇ ਹਨ ਕਿ ਨਾਗਣੀ ਬਰਸ਼ਾ ਬਾਬਾ ਹਰਿਦਾਸ ਜੀ ਨੇ ਆਪਣੇ ਪਿੰਡ ਸੁਰਸਿੰਘ ਵਿਚ ਆਪਣੇ ਲੁਹਾਰ ਖਾਨੇ ਵਿਚ ਤਿਆਰ ਕੀਤਾ ਸੀ।
ਗੁਰੁ ਗੋਬਿੰਦ ਸਿੰਘ ਜੀ ਦੀ ਵੱਧ ਰਹੀ ਸ਼ੋਹਰਤ ਅਤੇ ਤਾਕਤ ਨੂੰ ਦੇਖ ਪਹਾੜੀ ਰਾਜੇ ਖਾਰ ਖਾਣ ਲਗ ਪਏ। ਉਨਾ੍ ਨੇ ਕੋਈ ਨ ਕੋਈ ਬਹਾਨਾ ਲੈ ਕੇ ਗੁਰੁ ਜੀ ਤੇ ਹਮਲੇ ਸ਼ੁਰ ਕਰ ਦਿੱਤੇ। ਇਕ ਹਮਲਾ ਪੂਰੀ ਤਾਕਤ ਨਾਲ ਪਹਾੜੀ ਰਾਜਿਆਂ ਨੇ ਲੋਹਗੜ੍ਹ ਕਿਲੇ੍ ( ਅਨੰਦਪੁਰ ) ਉੱਪਰ ਕਰ ਦਿੱਤਾ। ਕਿਲੇ੍ ਨੂੰ ਘੇਰਾ ਪਾ ਲਿਆ ਅਤੇ ਬੜੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹ ਕਿਲੇ੍ ਦਾ ਦਰਵਾਜਾ ਤੱਕ ਨਹੀਂ ਤੋੜ ਪਾਏ। ਅਖੀਰ 31 ਅਗੱਸਤ 1700 ਈ: ਨੂੰ ਉਨਾ੍ ਮਤਾ ਪਕਾਇਆ ਕਿ ਇਕ ਹਾਥੀ ਦੇ ਮੱਥੇ ਅਤੇ ਪੂਰੇ ਸਰੀਰ ਤੇ ਲੋਹੇ ਦੀਆਂ ਤਵੀਆਂ ( ਢਾਲਾਂ ) ਬੰਨ੍ਹ ਕੇ, ਉਸਦੀ ਸੁੰਡ ਨਾਲ ਤਲਵਾਰਾਂ ਬੰਨ੍ਹ ਕੇ ਅਤੇ ਸ਼ਰਾਬ ਪਿਲਾ ਕੇ ਕਿਲ੍ਹੇ ਦੇ ਦਰਵਾਜੇ ਵੱਲ ਛੱਡੋ, ਉਹ ਦਰਵਾਜਾ ਤੋੜੇਗਾ। ਜਦੋਂ ਸਿੱਖਾਂ ਨੇ ਦੇਖਿਆ ਤਾਂ ਬਹਾਦਰ ਯੋਧਾ ਭਾਈ ਬਚਿੱਤਰ ਸਿੰਘ ਗੁਰੁ ਜੀ ਤੋਂ ਅਸ਼ੀਰਵਾਦ ਲੈ ਕੇ ਅਤੇ ਬਾਬਾ ਹਰਿਦਾਸ ਦਵਾਰਾ ਬਣਾਈ ਨਾਗਣੀ ਹੱਥ ਵਿਚ ਲੈ ਕੇ ਅਗੇ ਵਧਿਆ। ਪੂਰੀ ਤਾਕਤ ਨਾਲ ਉਸਨੇ ਨਾਗਣੀ ਆ ਰਹੇ ਹਾਥੀ ਦੇ ਮੱਥੇ ਵਿਚ ਐਸੀ ਮਾਰੀ ਕਿ ਉਹ ਮੱਥੇ ਵਿਚ ਬਹੁਤ ਅੰਦਰ ਤੱਕ ਚਲੀ ਗਈ, ਜਿਉਂ ਹੀ ਬਰਸ਼ੀ ਬਾਹਰ ਖਿੱਚੀ ਲਹੂ ਦਾ ਫੁਹਾਰਾ ਫੁੱਟ ਪਿਆ। ਹਾਥੀ ਚੀਕਦਾ ਹੋਇਆ ਵਾਪਸ ਆਪਣੀ ਹੀ ਫੋਜ ਨੂੰ ਲਤਾੜਦਾ ਹੋਇਆ ਪਿਛੇ ਨੂੰ ਨੱਸ ਤੁਰਿਆ। ਖਾਲਸੇ ਦੀ ਜਿੱਤ ਹੋਈ।
ਹਥਿਆਰ ਬਨਾਉਣ ਦੇ ਨਾਲ ਨਾਲ ਬਾਬਾ ਹਰਿਦਾਸ ਜੀ ,ਹਥਿਆਰ ਚਲਾਉਣ ਦੇ ਵੀ ਮਾਹਿਰ ਸਨ। ਇਸਦਾ ਜਿਕਰ ਅਗਲੀ ਕੜੀ ਵਿਚ ਕਰਾਂਗੇ। ਆਉ ਰਲ ਕੇ ਆਪਣੇ ਇਸ ਪਿਤਾਮ੍ਹਾਂ ਨੂੰ ਪ੍ਰਣਾਮ ਕਰੀਏ ਅਤੇ ਪਿੰਡ ਸੁਰਸਿੰਘ ਵਿਖੇ ਤਿਆਰ ਹੋਣ ਵਾਲੀ ਉਨਾਂ ਦੀ ਯਾਦਗਾਰ ਲਈ ਸੱਭ ਨੂੰ ਉਤਸਾਹਿਤ ਕਰੀਏ।
ਗੁਰਦੇਵ ਸਿੰਘ ਰੂਪਰਾਏ ਦਿੱਲੀ