Asi Ramgarhiye kiku bany part 1

ਰਾਮਗੜੀ੍ਏ ਕੀਕੂੰ ਬਣੇ   ( ਭਾਗ 1)

ਮੈਂ ਕੁਝ ਵੀ ਕਹਿਣ ਤੋਂ ਪਹਿਲਾਂ ਇਹ ਦੱਸ ਦੇਣਾਂ ਜਰੂਰੀ ਸਮਝਦਾ ਹਾਂ, ਕਿ ਰਾਮਗੜੀ੍ਹਆ ਕੋਈ ਜਾਤ ਜਾਂ ਗੋਤ ਨਹੀਂ ਹੈ, ਇਹ ਇਕ ਜਥੇਬੰਦੀ ਹੈ। ਇਸ ਬਾਰੇ ਜਾਨਣ ਲਈ ਸਾਨੂੰ ਥੋੜਾ ਇਤਿਹਾਸ ਦੇ ਪਿਛੋਕੜ ਵੱਲ ਝਾਤ ਮਾਰਨੀ ਪਵੇਗੀ।ਇਤਿਹਾਸ ਬੜਾ ਲੰਮਾ ਹੈ ਪਰ ਕੋਸ਼ਿਸ਼ ਕਰਦੇ ਹਾਂ ਸੰਖੇਪ ਵਿਚ ਜਾਨਣ ਦੀ।

ਬਾਬਾ ਬੰਦਾ ਸਿੰਘ ਬਹੳਦਰ ਦੀ ਸ਼ਹੀਦੀ ਦੇ ਬਾਦ, ਸਿੱਖਾਂ ਨੂੰ ਅਪਣੀ ਹੋਂਦ ਨੂੰ ਕਾਇਮ ਰੱਖਣ ਲਈ ਬੜੇ ਹੀ ਜੱਦੋ ਜਹਿਦ ਦੇ ਸਮੇਂ ਵਿਚੋਂ ਗੁਜਰਨਾਂ ਪਿਆ। ਕਦੇ ਅੰਦਰੂਨੀ ਹਕੂਮਤਾਂ ਦੇ ਜੁਲਮ ਤੇ ਕਦੇ ਬਾਹਰੀ ਹਮਲਾਵਰਾਂ ਦਾ ਸਾਹਮਣਾਂ। ਜਦੋਂ ਵੀ ਮੁਗਲਾਂ ਦਾ ਜਾਂ ਅਫਗਾਨੀਆਂ ਦਾ ਹੱਮਲਾ ਹੁੰਦਾ ਤਾਂ, ਸਿੱਖਾਂ ਨੂੰ ਕਦੇ ਜੰਗਲਾਂ ਵਿਚ ਤੇ ਕਦੇ ਪਹਾੜਾਂ ਜਾਂ ਮਾਰੁਥਲਾਂ ਵਿਚ ਛੁਪਣਾਂ ਪੈਂਦਾ। ਬਲਦੀ ਤੇ ਤੇਲ ਪਾਇਆ 1739-40 ਵਿਚ ਨਾਦਿਰ ਸ਼ਾਹ ਨੇ, ਜਦੋਂ ਜਾਣ ਲੱਗਿਆ ਜਕਰੀਆ ਖਾਨ ਨੂੰ ਸਿੱਖਾਂ ਪ੍ਰੱਤੀ ਅਗਾਹ ਕਰ ਗਿਆ। ਅਗਲੇ 5-6 ਸਾਲ ਖਾਲਸੇ ਉੱਪਰ ਹਕੂਮਤ ਦੇ ਜੁਲਮ ਹੋਰ ਵੀ ਵੱਧ ਗਏ। ਸਿੱਖ ਵੀ ਹੁਣ ਕਿਸੇ ਪੱਕੇ ਠਿਕਾਣੇ ਦੀ ਸੋਚਣ ਲੱਗ ਪਏ। ਜੰਗਲਾਂ ਪਹਾੜਾਂ ਵਿਚ ਲੁਕ ਲੁਕ ਕੇ ਤੰਗ ਆ ਗਏ ਸਨ।

1746 ਵਿਚ ਜਦੋਂ ਛੋਟਾ ਘਲੂਘਾਰਾ ਵਾਪਰਿਆ ਤਾਂ ਸਿੱਖਾਂ ਨੂੰ ਇਕ ਕਿਲ੍ਹੇ ਜਾਂ ਗੜ੍ਹੀ ਦੀ ਜਰੂਰਤ ਮਹਿਸੂਸ ਹੋਈ। ਦਿਸੰਬਰ 1747 ਵਿਚ ਅਬਦਾਲੀ ਨੇ ਪਹਿਲਾ ਹਮਲਾ ਕੀਤਾ। ਲੇਕਿਨ  ਮਾਰਚ 1748 ਵਿਚ ਮੰਨੂਪੁਰ (ਸਰਹਿੰਦ) ਦੀ ਲੜਾਈ ਵਿਚ ਹਾਰ ਖਾ ਕੇ ਵਾਪਸ ਮੁੜ ਗਿਆ। ਉਸਦੇ ਜਾਣ ਦੇ ਤੁਰੰਤ ਬਾਦ ਹੀ ਸਿੱਖ ਇਕੱਠੇ ਹੋਏ।

29 ਮਾਰਚ 1748 ਨੂੰ ਸਿੱਖ  ਜੱਥੇਬੰਦੀਆਂ ਵਿਸਾਖੀ ਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਇਕੱਤ੍ਰ ਹੋਈਆਂ। ਸਰਬ ਸੰਮਤੀ ਨਾਲ ਮਤਾ ਪਾਸ ਹੋਇਆ ਕਿ ਜਲਦੀ ਤੋ ਜਲਦੀ ਇਕ ਕਿਲਾ੍ ਜਾਂ ਗੜੀ੍ ਬਣਾਈ ਜਾਏ। ਕੁਝ ਨੇ ਇਤਰਾਜ ਕੀਤਾ ਪਰ ਸ੍ਰ: ਸੁੱਖਾ ਸਿੰਘ ਕਲਸੀ (ਮਾੜੀ ਕੰਬੋਕੇ) ਦੀ ਤਕਰੀਰ ਦੇ ਬਾਦ ਸਹਿਮਤੀ ਬਣ ਗਈ। ਗੁਰਦਵਾਰਾ ਰਾਮਸਰ ਦੇ ਨਾਲ ਜੋ ਛੋਟੀ ਖੂਹੀ ਸੀ, ਉਸ ਦੇ ਲਾਗੇ ਕੱਚੀ ਗੜੀ੍ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਕੱਚੀ ਚਾਰ ਦਿਵਾਰੀ (ਰਾਉਣੀ) ਦਾ ਨਾਮ ਰਾਮ ਰਾਉਣੀ ਰੱਖਿਆ ਗਿਆ। ਇਸ ਵਿਚ ਮਸਾਂ 500 ਦੇ ਕਰੀਬ ਸਿਪਾਹੀ ਹੀ ਆ ਸਕਦੇ ਸਨ। ਫਿਰ ਵੀ ਇਹ ਔਖੇ ਵੇਲੇ ਆਸਰੇ ਲਈ ਕਾਫੀ ਸੀ।  …….. ( ਰਤਨ ਸਿੰਘ ਭੰਗੂ ਨੇ ਇਸ ਬਾਰੇ ਕਾਫੀ ਵਿਸਥਾਰ ਨਾਲ ਬਿਆਨ ਕੀਤਾ ਹੇ)

ਦੂਜੇ ਪਾਸੇ ਜਦੋਂ ਨਾਦਿਰ ਸ਼ਾਹ ਨੇ (1739-40)ਹਮਲਾ ਕੀਤਾ ਸੀ ਤਾਂ ਗਿਆਨੀ ਭਗਵਾਨ ਸਿੰਘ ਤੇ ਉਸਦੇ ਲੜਕੇ ਜੱਸਾ ਸਿੰਘ, ਵੀ ਇਸ ਜੰਗ ਵਿਚ ਸ਼ਾਮਿਲ ਹੋਏ। ਗਿਆਨੀ ਭਗਵਾਨ ਸਿੰਘ ਜੀ, ਸੂਬੇ ਜਕਰੀਆ ਖਾਨ ਦੀ ਜਾਨ ਬਚਾਉਂਦੇ ਹੋਏ ਇਸ ਜੰਗ ਵਿਚ ਸ਼ਹੀਦੀ ਪਾ ਗਏ। ਲਹੌਰ ਦੇ ਸੂਬੇ ਨੇ ਇਨਾਂ ਦੀ ਬਹਾਦਰੀ ਤੋਂ ਖੁਸ਼ ਹੋ ਕੇ 5 ਪਿੰਡ ਗਿ: ਭਗਵਾਨ ਸਿੰਘ ਦੇ ਪੰਜਾਂ ਪੁੱਤਰਾਂ ਨੂੰ ਜਗੀਰ ਦਿੱਤੀ।

ਜੱਸਾ ਸਿੰਘ ਤਰਖਾਣ ( ਠੋਕਾ ) , ਸ੍ਰ: ਖੁਸ਼ਹਾਲ ਸਿੰਘ ( ਪਿੰਡ ਗੂਗਾ ਜਿਲਾ ਅੰਮ੍ਰਿਤਸਰ) ਦੇ ਜੱਥੇ ਵਿਚ ਸ਼ਾਮਿਲ ਹੋ ਗਿਆ।ਖੁਸ਼ਹਾਲ ਸਿੰਘ ਦੀ ਮੌਤ ਦੇ ਬਾਦ , ਸ੍ਰ: ਨੰਦ ਸਿੰਘ ਸਾਂਗਣੀਆਂ ਜਥੇ ਦਾ ਮੋਹਰੀ ਬਣਿਆਂ।ਫਿਰ ਜਦੋਂ ਨੰਦ ਸਿੰਘ ਵੀ ਗੁਰਪੁਰੀ ਸਿਧਾਰ ਗਏ ਤਾਂ ਇਸ ਜਥੇ  ਦਾ ਜਥੇਦਾਰ ਸ੍ਰ: ਜੱਸਾ ਸਿੰਘ ਤਰਖਾਣ ਬਣਿਆ।ਇਸ ਦੀ ਦਲੇਰੀ,ਬਹਾਦਰੀ ਤੇ ਬੁੱਧੀਮਤਾ ਦੇ ਚਰਚੇ ਦੂਰ ਦੂਰ ਤੱਕ ਹੋਣ ਲੱਗੇ।

ਗਿਆਨੀ ਗਿਆਨ ਸਿੰਘ ਜੀ ਤਵਾਰੀਖ ਖਾਲਸਾ ਵਿਚ ਲਿਖਦੇ ਹਨ ਕਿ,…… “ਇਕ ਵਾਰੀ ਸ੍ਰ: ਜੱਸਾ ਸਿੰਘ ਨੂੰ ਸ਼ਾਹ ਨਵਾਜ ਤੇ ਸਿੱਖਾਂ ਦੇ ਇਕ ਮਸਲੇ ਵਿਚ ਵਕੀਲ ਬਣਕੇ ਅਦੀਨਾ ਬੇਗ ਕੋਲ ਜਾਣਾਂ ਪਿਆ।ਇਸ ਸੁੰਦਰ ਸਡੌਲ ਜਵਾਨ ਦੀ ਗਲਬਾਤ ਤੇ ਸੂਝ ਬੂਝ ਤੋਂ ਅਦੀਨਾ ਬੇਗ ਇਤਨਾਂ ਪ੍ਰਭਾਵਿਤ ਹੋਇਆ ਕਿ ਉਸਨੇ ਜੱਸਾ ਸਿੰਘ ਨੂੰ ਆਪਣੇ ਖਾਸ ਦੱਸਤੇ ਵਿਚ ਸ਼ਾਮਿਲ ਹੋਣ ਦੀ ਪੇਸ਼ਕਸ਼ ਕੀਤੀ। ਜੋ ਸ੍ਰ: ਜੱਸਾ ਸਿੰਘ ਨੇ ਦੂਰ ਅੰਦੇਸ਼ੀ ਨਾਲ ਤੇ ,ਆਪਣੇ ਸਾਥੀਆਂ ਨਾਲ ਵਿਚਾਰ ਕਰਕੇ ਪ੍ਰਵਾਨ ਕਰ ਲਈ”।

ਪ੍ਰਸਿੱਧ ਇਤਿਹਾਸਕਾਰ ਹਰੀ ਰਾਮ ਗੁਪਤਾ (ਹਿਸਟਰੀ ਆਫ ਸਿੱਖਸ ਵਿਚ) ਲਿਖਦੇ ਹਨ ਕਿ, ਖਾਲਸੇ ਨੇ ਵੀ ਇਕ ਖਾਸ ਮੱਕਸਦ ਨੂੰ ਮੁੱਖ ਰੱਖਦਿਆਂ ਹੀ, ਸ੍ਰ: ਜੱਸਾ ਸਿੰਘ ਦਾ ਅਦੀਨਾ ਬੇਗ ਕੋਲ ਜਾਣਾ ਪ੍ਰਵਾਨ ਕੀਤਾ ਸੀ।

ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵੀ ਇਸੇ ਗੱਲ ਦੀ ਗਵਾਹੀ ਭਰਦੇ ਹਨ। ਭਾਵੇਂ ਲਹੌਰ ਦਾ ਹਾਕਮ ਮੀਰ ਮੰਨੂ ਸਿੱਖਾਂ ਦੇ ਬੱਹੁਤ ਵਿਰੱੁਧ ਸੀ ਪਰ, ਅਦੀਨਾ ਬੇਗ ਸਿੱਖਾਂ ਨਾਲ ਵਿਗਾੜਨੀ ਨਹੀਂ ਸੀ ਚਾਹੁੰਦਾ। ਅਦੀਨਾ ਬੇਗ ਬਹੁਤ ਹੀ ਚਾਲਾਕ ਤੇ ਨੀਤੀਵਾਨ ਸੀ। ਉਸਨੂੰ ਇਹ ਡਰ ਸੀ ਕਿ ਕਿਤੇ ਮੀਰ ਮੰਨੂ ਦੁਆਬੇ ਦੀ ਹਕੂਮਤ ਕਿਸੇ ਹੋਰ ਨੂੰ ਨਾ ਸੌਂਪ ਦੇਵੇ।

ਜਦੋਂ ਮੀਰ ਮੰਨੂ ਨੇ ਰਾਮ ਰਾਉਣੀ ਬਾਰੇ ਸੁਣਿਆਂ ਤਾਂ ਇਸ ਰਾਉਣੀ ਨੂੰ ਘੇਰਾ ਪਾ ਕੇ ਖੱਤਮ ਕਰਨ ਦਾ ਹੁਕਮ ਦਿੱਤਾ। ਅਕਤੂਬਰ 1748 ਅਦੀਨਾਂ ਬੇਗ ਨੂੰ ਵੀ ਇਸ ਵਿਚ ਸ਼ਾਮਿਲ ਹੋਣ ਦਾ ਹੁਕਮ ਦੇ ਦਿੱਤਾ। ਅਦੀਨਾਂ ਬੇਗ ਵੀ ਆਪਣੀ ਫੌਜ ਲੈ ਕੇ, ਜਿਸ ਵਿਚ ਸ੍ਰ: ਜੱਸਾ ਸਿੰਘ ਤੇ ਉਸਦੇ ਸਾਥੀ ਵੀ ਸਨ, ਘੇਰੇ ਵਿਚ ਸ਼ਾਮਿਲ ਹੋ ਗਏ। ਰਾਮ ਰਾਉਣੀ ਵਿਚ 500 ਦੇ ਕਰੀਬ ਖਾਲਸਾ ਮੌਜੂਦ ਸੀ ,ਜਿਸ ਵਿਚੋਂ 300 ਦੇ ਕਰੀਬ ਸਿੱਖ ਸ਼ਹੀਦ ਹੋ ਚੁੱਕੇ ਸਨ। ਇਕ ਖਬਰੀ ਨੇ ਜੱਸਾ ਸਿੰਘ ਨੂੰ ਖਬਰ ਦਿੱਤੀ ਕਿ ਜੋ ਬਾਕੀ 200 ਸਿੱਖ ਬਚੇ ਹਨ ਉਹ ਇਕੱਠੇ ਸ਼ਹੀਦੀ ਪਾਉਣ ਨੂੰ ਤਿਆਰ ਹਨ, ਕਿਉਂਕਿ ਸਿੱਖਾਂ ਕੋਲ ਹੋਰ ਕੋਈ ਰਾਸਤਾ ਨਹੀਂ ਬੱਚਿਆ। ਸ੍ਰ: ਜੱਸਾ ਸਿੰਘ ਦਾ ਪੰਥ ਪ੍ਰੇਮ ਜਾਗ ਪਿਆ, ਤੇ ਰਾਤ ਦੇ ਹਨੇਰੇ ਵਿਚ ਆਪਣੇ ਸਾਥੀਆਂ ਸਮੇਤ, ਰਾਮ ਰਾਉਣੀ ਦੇ ਅੰਦਰ ਵੜ ਗਿਆ। ਇਸਨੂੰ ਆਏ ਦੇਖ ਕੇ ਸਿੱਖਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ। ਐਸੇ ਨਾਜੁਕ ਸਮੇਂ ਵਿਚ , ਸ੍ਰ: ਜੱਸਾ ਸਿੰਘ ਦਾ ਇਸ ਤਰਾਂ ਮੱਦਦ ਤੇ ਆ ਜਾਣਾ ਤੇ ਉਸਦੇ ਇਸ ਪੰਥ ਪ੍ਰੇਮ ਨੂੰ ਦੇਖ ਕੇ, ਸਿੰਘਾਂ ਨੇ ਖੁੱਸ਼ੀ ਵਿਚ ਜੈਕਾਰੇ ਲਗਾਏ।

ਹੁਣ ਜੱਸਾ ਸਿੰਘ ਨੇ 200 ਸਿੰਘਾਂ ਦੀ ਜਾਨ ਬਚਾਉਣ ਲਈ, ਆਪਣੀ ਰਾਜਨੀਤਕ ਸੂਝ ਬੂਝ ਦਾ ਇਸਤੇਮਾਲ ਕਰਦੇ ਹੋਏ ਦਿਵਾਨ ਕੌੜਾ ਮੱਲ ਨੂੰ ਸੰਦੇਸ਼ ਭੇਜਿਆ। (ਕੌੜਾ ਮੱਲ ਮੀਰ ਮੰਨੂੰ ਦਾ ਦੀਵਾਨ ਸੀ ਤੇ ਗੁਰੁ ਘਰ ਦਾ ਸ਼ਰਧਾਲੂ ਸਿੱਖ ਸੀ)।ਕਿਉਂਕਿ ਉਸ ਵੇਲੇ ਤੱਕ ਇਹ ਅਫਵਾਹ ਫੈਲ ਗਈ ਸੀ ਕਿ, ਅਬਦਾਲੀ ਫਿਰ ਹਿੰਦੁਸਤਾਨ ਤੇ ਹਮਲਾ ਕਰਨ ਲਈ ਆ ਰਿਹਾ ਹੈ। ਸ੍ਰ: ਜੱਸਾ ਸਿੰਘ ਇਚੋਗਿਲੀਆ ਦੇ ਸੁਝਾਵ ਤੇ, ਆਪਣੇ ਅਸਰ ਰਸੂਖ ਦਾ ਫਾਇਦਾ ਚੱਕਦੇ ਹੋਏ, ਦਿਵਾਨ ਕੌੜਾ ਮੱਲ ਨੇ, ਮੀਰ ਮੰਨੂ ਨੂੰ ਸਲਾਹ ਦਿੱਤੀ ਕਿ ਐਸੇ ਹਾਲਾਤ ਵਿਚ ਸਿੱਖਾਂ ਨਾਲ ਵਗਾੜਨੀ ਠੀਕ ਨਹੀਂ। ਅਗਰ ਇਹ ਘੇਰਾ ਚੁੱਕ ਲਿਆ ਜਾਏ ਤਾਂ ਅਬਦਾਲੀ ਦੇ ਟਾਕਰੇ ਲਈ, ਸਿੱਖ ਸਹਾਇਕ ਹੋ ਸਕਦੇ ਹਨ। ਮੀਰ ਮੰਨੂ ਨੂੰ ਗਲ ਪਸੰਦ ਆਈ ਤੇ ਫਰਵਰੀ 1749 ਨੂੰ ਘੇਰਾ ਚੁੱਕਣ ਦਾ ਐਲਾਨ ਹੋ ਗਿਆ। ਸਿੱਖਾਂ ਦੇ ਵਿਚ ਸ੍ਰ: ਜੱਸਾ ਸਿੰਘ ਦੀ ਬੜੀ ਸ਼ਲਾਘਾ ਹੋਈ।

ਹੁਣ ਇਸ ਅੱਧ ਪਚੱਧੀ ਢਹਿ ਚੁੱਕੀ ਰਾਮ ਰਾਉਣੀ ਦੀ ਮੁਰੰਮਤ, ਜਥੇਦਾਰ ਸ੍ਰ: ਜੱਸਾ ਸਿੰਘ ਇਚੋਗਿਲੀਆ ਦੀ ਨਿਗਰਾਨੀ ਹੇਠ ਹੋਈ। ਰਾਮ ਰਾਉਣੀ ਤੇ ਹਮਲੇ ਹੁੰਦੇ ਰਹੇ ਤੇ ਹਰ ਵਾਰ ਇਸਨੂੰ ਦੁਬਾਰਾ ਬਨਾਉਣ ਦੀ ਜੁਮੇਵਾਰੀ ਸ੍ਰ: ਜੱਸਾ ਸਿੰਘ ਤਰਖਾਣ ਦੀ ਹੀ ਲੱਗਦੀ।

1752-53 ਵਿਚ ਮੀਰ ਮੰਨੂ ਨੇ ਦੁਬਾਰਾ ਰਾਮ ਰਾਉਣੀ ਤੇ ਹਮਲਾ ਕੀਤਾ ਤਾਂ, ਸਿੱਖਾਂ ਨੂੰ ਘੱਟ ਗਿਣਤੀ ਹੋਣ ਕਰਕੇ ਇਹ ਗੜੀ੍ ਛੱਡਣੀ ਪਈ।ਮੀਰ ਮੰਨੂ ਨੇ ਰਾਮ ਰਾੳੇਣੀ ਨੂੰ ਫਿਰ ਢਾਹ ਦਿੱਤਾ। ਸ੍ਰ: ਜੱਸਾ ਸਿੰਘ ਨੇ ਫਿਰ ਦੁਬਾਰਾ ਹੋਰ ਮਜਬੂਤ ਤੇ ਪਹਿਲਾਂ ਨਾਲੋਂ ਵੀ ਵੱਡੀ ਰਾੳੇਣੀ ਬਣਾ ਲਈ। ਇਹ ਰਾਮ ਰਾਉਣੀ ਹੁਣ ਹਕੂਮਤ ਅਤੇ ਹਮਲਾਵਰਾਂ ਦੀਆਂ ਅੱਖਾਂ ਵਿਚ ਰੜਕਣ ਲੱਗ ਪਈ ਸੀ।

1757 ਵਿਚ ਤੈਮੂਰ ਸ਼ਾਹ ਨੇ ਚੜ੍ਹਾਈ ਕਰ ਦਿੱਤੀ ਤੇ ਰਾਮ ਰਾਉਣੀ ਨੂੰ ਤਹਿਸ ਨਹਿਸ ਕਰ ਦਿੱਤਾ। ਉਸਦੇ ਜਾਣ ਦੇ ਬਾਦ ਇਕ ਵਾਰੀ ਫਿਰ ਸ੍ਰ: ਜੱਸਾ ਸਿੰਘ ਨੇ ਹਿੰਮਤ ਕੀਤੀ ਤੇ ਇਸ ਬਾਰ ਇਸਨੂੰ ਇਕ ਆਲੀਸ਼ਾਨ ਪੱਕੇ ਕਿਲੇ੍ਹ ਦਾ ਰੂਪ ਦੇ ਦਿੱਤਾ। ਇਸ ਕਿਲ੍ਹੇ ਦਾ ਨਾਮ ਗੁਰੁ ਰਾਮਦਾਸ ਜੀ ਦੇ ਨਾਮ ਤੇ ਕਿਲਾ੍ ਰਾਮਗੜ੍ਹ ਰੱਖਿਆ ਗਿਆ। ਇਹ ਕਿਲਾ੍ ਦਰਬਾਰ ਸਾਹਿਬ ਦੇ ਪੂਰਬ ਵਿਚ ਸਥਿੱਤ ਸੀ।

1758 ਵਿਚ ਚੌਥੀ ਵਾਰੀ ਮਿਰਜਾ ਅਜੀਜ ਬੱਕਸ਼ ਨੇ ਆਪਣੀ ਫੌਜ ਲੈ ਕੇ, ਇਸ ਕਿਲੇ੍ ਰਾਮਗੜ੍ਹ ਤੇ ਧਾਵਾ ਬੋਲ ਦਿੱਤਾ। ਸ੍ਰ: ਜੱਸਾ ਸਿੰਘ ਨੇ ਤੇ ਹੋਰ ਉਸਦੇ ਸਾਥੀ ਸਿੱਖਾਂ ਨੇ ਡੱਟ ਕੇ ਮੁਕਾਬਲਾ ਕੀਤਾ। ਕਿਲ੍ਹੇ ਦੀ ਮਜਬੂਤੀ ਤੇ ਬਣਤਰ ਅੱਗੇ ਅਜੀਜ ਬੱਕਸ਼ ਦੀ ਬਹੁਤੀ ਪੇਸ਼ ਨਹੀਂ ਗਈ ਤੇ ਮੂੰਹ ਦੀ ਖਾਣੀ ਪਈ।

ਖਾਲਸੇ ਨੇ ਵੀ ਖੁਸ਼ ਹੋ ਕੇ ਇਹ ਕਿਲਾ੍ ਪੱਕੇ ਤੌਰ ਤੇ ਸ੍ਰ: ਜੱਸਾ ਸਿੰਘ ਨੂੰ ਸੌਪ ਦਿੱਤਾ। ਉਸ ਦਿਨ ਤੋਂ ਇਸ ਜਰਨੈਲ ਨੂੰ ਸ੍ਰ: ਜੱਸਾ ਸਿੰਘ ਰਾਮਗੜੀ੍ਆ ਕਿਹਾ ਜਾਣ ਲੱਗਾ, ਤੇ ਇਸਦੇ ਸਾਥੀ ਰਾਮਗੜੀ੍ਏ ਕਹਾਏ।

ਰਾਮਰਾਉਣੀ ਰਾਮਗੜ੍ਹ ਭਯੋ, ਉਸ ਦਿਨ ਤੇ ਮਸ਼ਹੂਰ॥ਠੋਕੇ ਰਾਮਗੜ੍ਹੀਏਭਏ, ਵੜੇ ਸੁ ਵਖਤ ਜਰੂਰ॥57॥(ਰਤਨ ਸਿੰਘ ਭੰਗੂ)

ਕਿਲਾ੍ ਰਾਮਗੜ੍ਹ ਇਨੀਕੋ, ਬਖਸ਼ ਪੰਥ ਨੇ ਦੀਨ॥ਨਾਮ ਰਾਮਗੜ੍ਹੀਏ ਭਯੋ,ਇਸੀ ਹੇਤ ਤੈ ਚੀਨ॥  (ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ 1174)

ਹੁਣ ਤੱਕ ਸ੍ਰ; ਜੱਸਾ ਸਿੰਘ ਰਾਮਗੜੀ੍ਆ ਦੇ ਜੱਥੇ ਵਿਚ ਹਰ ਜਾਤ ਬ੍ਰਾਦਰੀ ਦੇ ਲੋਕ ਸ਼ਾਮਿਲ ਹੋ ਚੁੱਕੇ ਸਨ ਅਤੇ ਉਹ ਸੱਭ ਦੇ ਸੱਭ ਰਾਮਗੜੀ੍ਏ ਕਹਿਲਾਉਣ ਲੱਗੇ। ਜਦੋਂ ਮਿਸਲਾਂ ਦਾ ਗੱਠਨ ਹੋਇਆ ਤਾਂ ਇਸ ਮਿਸਲ ਦਾ ਨਾਮ ਵੀ ਰਾਮਗੜੀ੍ਆ ਮਿਸਲ ਪੈ ਗਿਆ। ਇਸ ਰਾਮਗੜੀ੍ਆ ਮਿਸਲ ਵਿਚ ਜੱਟ, (ਖੱਤ੍ਰੀ) ਬ੍ਰਾਹਮਣ ਤੇ ਰਾਜਪੂਤ ਸੱਭ ਫਿਰਕਿਆਂ ਦੇ ਲੋਕ ਸ਼ਾਮਿਲ ਸਨ, ਜੋ ਖੇਤੀਬਾੜੀ, ਲੋਹਾਰਾ, ਤਰਖਾਣਾ, ਰਾਜ-ਮਿਸਤ੍ਰੀ (ਉਸਾਰੀ) ਤੇ ਹਥਿਆਰ ਬਨਾਉਣਾ ਆਦੀ ਸਾਰੇ ਕੰਮਾਂ ਦੇ ਮਾਹਿਰ ਸਨ।ਬਹਾਦਰੀ ਤੇ ਪੰਥ ਪ੍ਰੇਮ ਇਹਨਾਂ ਦੀਆਂ ਰਗਾਂ ਵਿਚ ਖੂਨ ਬਣਕੇ ਦੌੜਦਾ ਸੀ।

ਗੋਤਾਂ ਨੂੰ ਵਿਸਥਾਰ ਨਾਲ ਜਾਨਣ ਲਈ ਮੇਰੀ ਅਗਲੀ ਪੋਸਟ (ਅਸੀਂ ਰਾਮਗੜ੍ਹੀਏ ਕੀਕੂੰ ਬਣੇ ਭਾਗ 2 ਦੇਖੋ)

                                                                                                                                       ਗੁਰਦੇਵ ਸਿੰਘ ਰੂਪਰਾਏ ਦਿੱਲੀ

Leave a Reply

Your email address will not be published. Required fields are marked *